ਦੀਵਾਲੀ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਮਨਾਈ ਜਾਂਦੀ ਹੈ। ਰਵਾਇਤ ਅਨੁਸਾਰ ਇਹ ਉਹ ਦਿਨ ਹੈ ਜਿਸ ਦਿਨ ਸ੍ਰੀ ਰਾਮਚੰਦਰ ਰਾਵਣ ਨੂੰ ਹਰਾ ਕੇ ਅਯੁੱਧਿਆ ਪਰਤੇ। ਅਯੁੱਧਿਆ ਵਾਸੀਆਂ ਨੇ ਦੀਵੇ ਬਾਲ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਨ੍ਹੀਵੀਂ ਸਦੀ ਦੇ ਪੰਜਾਬੀ ਕਵੀ ਗੁਰਦਾਸ ਸਿੰਘ ਨੇ ਲਿਖਿਆ ਹੈ, ‘ਰਾਮ ਅਯੁੱਧਿਆ ਨਗਰੀ ਆਇਆ, ਮਨ ਤਨ ਭਏ ਆਨੰਦ।’ ਭਗਵਾਨ ਰਾਮਚੰਦਰ ਦੀ ਕਥਾ ਦਾ ਪੰਜਾਬ ਨਾਲ ਵੀ ਡੂੰਘਾ ਸਬੰਧ ਹੈ। ਇਹ ਮੰਨਿਆ ਜਾਂਦਾ ਹੈ ਕਿ ਅਣਵੰਡੇ ਪੰਜਾਬ ਦੇ ਸ਼ਹਿਰ ਲਾਹੌਰ ਤੇ ਕਸੂਰ ਰਾਮਚੰਦਰ ਦੇ ਪੁੱਤਰਾਂ ਲਵ ਤੇ ਕੁਸ਼ ਨੇ ਵਸਾਏ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਨਜ਼ਦੀਕ ਸਥਿਤ ਰਾਮ ਤੀਰਥ ਬਾਰੇ ਦੰਤ-ਕਥਾ ਹੈ ਕਿ ਇੱਥੇ ਮਹਾਂਰਿਸ਼ੀ ਵਾਲਮੀਕ ਦਾ ਆਸ਼ਰਮ ਹੁੰਦਾ ਸੀ ਅਤੇ ਸੀਤਾ ਮਈਆ ਏਸੇ ਆਸ਼ਰਮ ਵਿਚ ਆ ਕੇ ਰਹੀ ਤੇ ਏਥੇ ਹੀ ਲਵ ਤੇ ਕੁਸ਼ ਦਾ ਜਨਮ ਹੋਇਆ। ਗੁਰਸ਼ਬਦ ਰਤਨਾਕਰ ਮਹਾਨਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ‘‘ਸਿੱਖਾਂ ਵਿਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ, ਕਯੋਂਕਿ ਗੁਰੂ ਹਰਗੋਬਿੰਦ ਸਾਹਿਬ ਦਿਵਾਲੀ ਦੇ ਦਿਨ ਗਵਾਲਿਯਰ ਦੇ ਕਿਲੇ ਤੋਂ ਅਮ੍ਰਤਸਰ ਜੀ ਪਧਾਰੇ ਸਨ। ਇਸ ਵਾਸਤੇ ਖੁਸ਼ੀ ਵਿੱਚ ਰੌਸ਼ਨੀ ਕੀਤੀ ਗਈ ਸੀ।’’
ਦੀਵੇ ਬਾਲ ਕੇ ਖੁਸ਼ੀ ਮਨਾਉਣ ਦੀ ਪਰੰਪਰਾ ਪੰਜਾਬੀ ਲੋਕ ਮਾਨਸ ਵਿਚ ਡੂੰਘੀ ਵਸੀ ਹੋਈ ਹੈ। ਇਸ ਰਾਤ ਸ਼ਹਿਰਾਂ ਤੇ ਪਿੰਡਾਂ ਵਿਚ ਮਿੱਟੀ ਦੇ ਕਰੋੜਾਂ ਦੀਵੇ ਜਗਾਏ ਜਾਂਦੇ ਹਨ। ਘਰ ਦੀ ਨਾਰ ਆਪਣੇ ਸੱਜਣ ਨੂੰ ਕਹਿੰਦੀ ਹੈ ਕਿ ਜਗਦੇ ਦੀਵਿਆਂ ਨੂੰ ਚਿਣਨ ਵਿਚ ਉਹ ਉਸਦੀ ਮਦਦ ਕਰੇ ਅਤੇ ਨਾਲ ਨਾਲ ਉਹ ਦੀਵੇ ਨਾਲ ਗੱਲਾਂ ਕਰਦੀ ਹੈ: ‘‘ਬਲ ਬਲ ਦੀਵਿਆ! ਸੱਜਣਾਂ ਦੇ ਅੱਗੇ ਸਾਡੀ ਬੇਨਤੀ, ਛੱਡ ਕੇ ਨਾ ਜਾਣਾ ਪਰਦੇਸ ਵੇ।’’ ਹੀਰ ਵਾਰਿਸ ਵਿਚ ਹੀਰ ਕਹਿੰਦੀ ਹੈ: ‘‘ਦਿਆਂ ਘਿਉ ਦੀਆਂ ਚੂਰੀਆਂ, ਬਾਲ ਦੀਵੇ, ਵਾਰਿਸ ਸ਼ਾਹ ਸੁਣਾ ਮੈਂ ਆਵਦਾਂ ਈ।’’ ਇਸ ਤਰ੍ਹਾਂ ਦੀਵਾਲੀ ਪੰਜਾਬੀਆਂ ਦਾ ਇੱਕ ਸਾਂਝਾ ਤਿਉਹਾਰ ਹੈ, ਉਨ੍ਹਾਂ ਦੇ ਸਭਿਆਚਾਰ ਨਾਲ ਜੁੜਿਆ ਹੋਇਆ। ਇਹ ਉਨ੍ਹਾਂ ਦੀ ਆਪਣੇ ਨਾਲ ਲੱਗਦੇ ਖ਼ਿੱਤਿਆਂ ਤੇ ਦੂਰ-ਦਰਾਡੇ ਦੇ ਇਲਾਕਿਆਂ ਨਾਲ ਸਾਂਝ ਦਾ ਸੂਚਕ ਵੀ ਹੈ।
ਇਸ ਵੇਲੇ ਸੋਚਣ ਦੀ ਲੋੜ ਇਹ ਹੈ ਕਿ ਹੁਣ ਇਹ ਤਿਉਹਾਰ ਰਵਾਇਤੀ ਸਾਦਗ਼ੀ ਅਨੁਸਾਰ ਨਹੀਂ ਮਨਾਇਆ ਜਾਂਦਾ ਸਗੋਂ ਇਸ ਦਿਨ ਲੱਖਾਂ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਮਨਾਉਣ ਦਾ ਢੰਗ ਵੀ ਬਹੁਤ ਨੁਮਾਇਸ਼ੀ ਤੇ ਦਿਖਾਵੇ ਵਾਲਾ ਹੋ ਗਿਆ ਹੈ। ਐਡੀ ਵੱਡੀ ਪੱਧਰ ’ਤੇ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਜੋ ਪ੍ਰਦੂਸ਼ਣ ਹੁੰਦਾ ਹੈ, ਉਸਦੀ ਸਥਿਤੀ ਐਨੀ ਗੰਭੀਰ ਹੈ ਕਿ ਦੇਸ਼ ਦੀ ਸਰਬਉੱਚ ਅਦਾਲਤ ਨੂੰ ਨਿਰਦੇਸ਼ ਦੇਣੇ ਪਏ ਹਨ ਕਿ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਸੀਮਤ ਕੀਤਾ ਜਾਵੇ। ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿਚ ਤਾਂ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਝੋਨੇ ਦੀ ਵਾਢੀ ਕਰ ਕੇ ਕਣਕ ਦੀ ਬਿਜਾਈ ਲਈ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਝੋਨੇ ਦੇ ਮੁੱਢਾਂ (ਬੁੱਥੇ ਜਾਂ ਕਰਚੇ) ਖੇਤ ਵਿਚੋਂ ਪੁੱਟਣ ਜਾਂ ਉਨ੍ਹਾਂ ਦੀ ਦੁਬਾਰਾ ਵਰਤੋਂ ਕਰਨ ਦੇ ਖ਼ਰਚੇ ਇੰਨੇ ਜ਼ਿਆਦਾ ਹਨ ਕਿ ਕਿਸਾਨ ਮਜਬੂਰ ਹੋ ਕੇ ਉਨ੍ਹਾਂ ਨੂੰ ਅੱਗ ਲਾਉਂਦੇ ਹਨ। ਸਾਰੇ ਲੋਕ ਇਸ ਲਈ ਕਿਸਾਨ ਨੂੰ ਕਸੂਰਵਾਰ ਮੰਨਦੇ ਹਨ ਤੇ ਉਸ ਨੂੰ ਸੁਧਾਰਨ ਜਾਂ ਸੁਧਰ ਜਾਣ ਦਾ ਸੰਦੇਸ਼ ਦਿੰਦੇ ਹਨ। ਪਰ ਆਤਿਸ਼ਬਾਜ਼ੀ ਤੋਂ ਹੁੰਦੇ ਬੇਤਹਾਸ਼ਾ ਪ੍ਰਦੂਸ਼ਣ ਨੂੰ ਅਸੀਂ ਧਾਰਮਿਕ ਵਿਸ਼ਵਾਸ ਵਜੋਂ ਮੰਨ ਕੇ ਕੁਝ ਨਹੀਂ ਕਹਿੰਦੇ। ਇਉਂ ਲਗਦਾ ਹੈ ਕਿ ਕਿਸਾਨ ਨੂੰ ਸੁਧਰਨ ਦੇ ਸੰਦੇਸ਼ਾਂ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਹੀ ਸੁਧਰਨਾ ਚਾਹੀਦਾ ਹੈ। ਦੀਵਾਲੀ ਨੂੰ ਨੇਕੀ ਦੀ ਬਦੀ ਉਤੇ ਜਿੱਤ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਨੇਕ ਕਾਰਜ ਸਾਦਗ਼ੀ ਅਤੇ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਨਿਭਾਈਏ।