ਏਸ਼ੀਆਈ ਜੋੜੀ ਨੇ ਦੁਬਈ `ਚ ਕੀਤੀ ਚੋਰੀ, ਹਾਂਗ-ਕਾਂਗ ਜਾਂਦੇ ਭਾਰਤ `ਚ ਫੜੇ

0
243

ਮੁੰਬਈ : ਇੱਕ ਏਸ਼ੀਆਈ ਜੋੜੀ ਨੇ ਦੁਬਈ ਦੀ ਇੱਕ ਦੁਕਾਨ `ਚੋਂ ਤਿੰਨ ਲੱਖ ਦਰਹਮ (ਲਗਭਗ 81,000 ਅਮਰੀਕੀ ਡਾਲਰ, ਜੋ ਲਗਭਗ 59.40 ਲੱਖ ਰੁਪਏ ਬਣਦੇ ਹਨ) ਦਾ ਇੱਕ ਹੀਰਾ ਚੋਰੀ ਕਰ ਲਿਆ ਤੇ ਉਹ ਇਹ ਵੱਡੀ ਚੋਰੀ ਕਰ ਕੇ ਦੇਸ਼ `ਚੋਂ ਫ਼ਰਾਰ ਹੋ ਗਏ। ਉਨ੍ਹਾਂ ਦੇ ਹਵਾਈ ਜਹਾਜ਼ ਨੇ ਭਾਰਤ ਦੇ ਮੁੰਬਈ `ਚੋਂ ਹੁੰਦੇ ਹੋਏ ਹਾਂਗ ਕਾਂਗ ਜਾਣਾ ਸੀ। ਉਨ੍ਹਾਂ ਨੂੰ ਬਹੁਤ ਨਾਟਕੀ ਢੰਗ ਨਾਲ ਭਾਰਤ ਦੇ ਇੰਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਕੇ ਵਾਪਸ ਦੁਬਈ ਲਿਆਂਦਾ ਗਿਆ। ਉਹ ਆਪਣੇ ਨਾਲ 3.27 ਕੇਰੇਟ ਦਾ ਹੀਰਾ ਸਮੱਗਲ ਕਰ ਕੇ ਲਿਜਾਣ ਵਿੱਚ ਸਫ਼ਲ ਹੋ ਗਏ ਸਨ। ਦਰਅਸਲ, ਔਰਤ ਨੇ ਉਸ ਹੀਰੇ ਨੂੰ ਨਿਗਲ ਲਿਆ ਸੀ।
ਪੁਲਿਸ ਵੱਲੋਂ ਜਾਰੀ ਕੀਤੀ ਵਿਡੀਓ ਵਿੱਚ ਵਿਖਾਈ ਦਿੰਦਾ ਹੈ ਕਿ ਔਰਤ ਮੁੱਖ ਗੇਟ ਵੱਲ ਜਾ ਰਹੀ ਹੈ। ਫਿਰ ਉਹ ਡਿਸਪਲੇਅ ਦਾ ਸ਼ੀਸ਼ੇ ਦਾ ਦਰ ਖੋਲ੍ਹਦੀ ਹੈ ਤੇ ਹੀਰਾ ਚੋਰੀ ਕਰ ਲੈਂਦੀ ਹੈ। ਉਹ ਉਸ ਹੀਰੇ ਨੂੰ ਆਪਣੀ ਜੈਕੇਟ ਦੇ ਹੇਠਾਂ ਲੁਕਾਉਂਦੀ ਵੀ ਦਿਸਦੀ ਹੈ। ਪੁਲਿਸ ਅਨੁਸਾਰ ਸਟੋਰ ਮਾਲਕ ਨੂੰ ਉਸ ਚੋਰੀ ਦਾ ਉਸ ਜੋੜੀ ਦੇ ਜਾਣ ਦੇ ਤਿੰਨ ਘੰਟਿਆਂ ਬਾਅਦ ਪਤਾ ਚੱਲਦਾ ਹੈ।
ਉਨ੍ਹਾਂ ਤਿੰਨ ਘੰਟਿਆਂ `ਚ ਹੀ ਸ਼ੱਕੀ ਮੁਲਜ਼ਮਾਂ ਨੂੰ ਦੇਸ਼ `ਚੋਂ ਫ਼ਰਾਰ ਹੋਣ ਦਾ ਮੌਕਾ ਮਿਲ ਗਿਆ। ਤਦ ਦੁਬਈ ਪੁਲਿਸ ਨੇ ਉਸ ਜੋੜੀ ਦਾ ਪਿੱਛਾ ਕਰਨ ਲਈ ਭਾਰਤ ਜਾਣ ਵਾਲੀ ਅਗਲੀ ਫ਼ਲਾਈਟ ਫੜੀ।
ਭਾਰਤੀ ਹਵਾਈ ਅੱਡੇ `ਤੇ ਪੁੱਜ ਕੇ ਪਹਿਲਾਂ ਹੀ ਪੁੱਜ ਚੁੱਕੀ ਉਸ ਜੋੜੀ ਨੂੰ ਹਿਰਾਸਤ ਵਿੱਚ ਲਿਆ ਗਿਆ। ਫਿਰ ਉਸ ਔਰਤ ਦਾ ਐਕਸ-ਰੇਅ ਲਿਆ ਗਿਆ, ਤਾਂ ਉਹ ਹੀਰਾ ਉਸ ਦੇ ਢਿੱਡ ਵਿੱਚ ਪਿਆ ਵਿਖਾਈ ਦੇ ਗਿਆ। ਫਿਰ ਦੁਬਈ ਪੁਲਿਸ ਉਨ੍ਹਾਂ ਦੋਵਾਂ ਕਥਿਤ ਚੋਰਾਂ ਨੂੰ ਅਗਲੀ ਉਡਾਣ ਰਾਹੀਂ ਆਪਣੇ ਨਾਲ ਵਾਪਸ ਲੈ ਗਈ।