ਨਵੀਂ ਦਿੱਲੀ– ਭਾਰਤੀ ਰੇਲਵੇ ਦੀ ਸਭ ਤੋਂ ਤੇਜ਼ ਰਫਤਾਰ ‘ਟਰੇਨ-18’ ’ਤੇ ਵੀਰਵਾਰ ਨੂੰ ਦਿੱਲੀ ਤੋਂ ਆਗਰਾ ਵਿਚਾਲੇ ਪ੍ਰੀਖਣ ਦੌਰਾਨ ਪੱਥਰ ਸੁੱਟੇ ਗਏ। ਪ੍ਰਧਾਨ ਮੰਤਰੀ ਮੋਦੀ ਦਾ 29 ਦਸੰਬਰ ਨੂੰ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਹੈ। ਟਰੇਨ ਦੇ ਅਤਿ-ਆਧੁਨਿਕ ਡੱਬੇ ਬਣਾਉਣ ਵਾਲੀ ‘ਇੰਟੈਗਰਲ ਕੋਚ ਫੈਕਟਰੀ’ (ਆਈ. ਸੀ. ਐੱਫ.) ਦੇ ਮੈਨੇਜਿੰਗ ਡਾਇਰੈਕਟਰ ਸੁਧਾਂਸ਼ੂ ਮਨੂ ਨੇ ਟਵੀਟ ਕੀਤਾ,‘‘ਇਸ ਵਾਰ ਦਿੱਲੀ ਤੋਂ ਆਗਰਾ ਵਿਚਾਲੇ ‘ਟਰੇਨ-18’ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ… ਆਈ. ਸੀ. ਐੱਫ. ਦੇ ਮੁੱਖ ਡਿਜ਼ਾਈਨ ਇੰਜੀਨੀਅਰ ਸ਼੍ਰੀਨਿਵਾਸ ਕੈਬ ’ਚ ਸਵਾਰ ਸਨ, ਉਨ੍ਹਾਂ ਨੇ 181 ਕਿਲੋਮੀਟਰ ਪ੍ਰਤੀ ਘੰਟੇ ਦੀ ਰਿਕਾਰਡ ਰਫਤਾਰ ਦਰਜ ਕੀਤੀ… ਕੁਝ ਸ਼ਰਾਰਤੀ ਅਨਸਰਾਂ ਨੇ ਇਕ ਪੱਥਰ ਸੁੱਟਿਆ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ, ਉਮੀਦ ਹੈ ਕਿ ਅਸੀਂ ਉਸ ਨੂੰ ਫੜ ਲਵਾਂਗੇ।’’ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ।