ਇੱਕ ਇਮਾਰਤ ‘ਤੇ ਅਜਿਹਾ ਸ਼ਖਸ ਬੈਠਾ ਹੈ ਜੋ ਕਿਤੇਂ ਵੀ ਹਾਂਗਕਾਂਗ ਵਿੱਚ ਚੱਲ ਰਹੇ ਰੋਸ ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲਾ ਮੁਜ਼ਾਹਰਾਕਾਰੀ ਨਹੀਂ ਲਗ ਰਿਹਾ ਹੈ।
ਆਪਣੇ ਲੈਪਟਾਪ ‘ਤੇ ਟੋਨੀ (ਬਦਲਿਆ ਹੋਇਆ ਨਾਂ) ਪ੍ਰਾਈਵੇਟ ਮੈਸੇਜਿੰਗ ਐਪ ਟੈਲੀਗਰਾਮ ਤੇ ਆਨਲਾਈਨ ਫੋਰਮਜ਼ ‘ਤੇ ਸਕੋਰਜ਼ ਨੂੰ ਮੌਨੀਟਰ ਕਰ ਰਿਹਾ ਹੈ।
ਮੁਜ਼ਾਹਰਿਆਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਟੋਨੀ ਵਰਗੇ ਕਈ ਵਲੰਟੀਅਰ ਟੈਲੀਗਰਾਮ ਐਪ ‘ਤੇ ਸੈਂਕੜੇ ਗਰੁੱਪ ਚਲਾ ਰਹੇ ਹਨ ਜਿਨ੍ਹਾਂ ਨੇ ਹਾਂਗਕਾਂਗ ਦੇ ਇਸ ਪ੍ਰਦਰਸ਼ਨ ਨੂੰ ਸਿਵਿਲ ਡਿਸਓਬੀਡੀਐਂਸ ਮੁਵਮੈਂਟ ਬਣਾ ਦਿੱਤਾ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਬੀਤੇ ਕੁਝ ਹਫ਼ਤਿਆਂ ਵਿੱਚ 20 ਲੱਖ ਲੋਕ ਵਿਵਾਦਿਤ ਸਪੁਰਦਗੀ ਕਾਨੂੰਨ ਖਿਲਾਫ਼ ਸੜਕਾਂ ‘ਤੇ ਉੱਤਰੇ ਹਨ।
ਹਾਂਗਕਾਂਗ ਵਿੱਚ ਹਾਲ ਹੀ ਵਿੱਚ ਵਿਵਾਦਿਤ ਹਵਾਲਗੀ ਕਾਨੂੰਨ ਖਿਲਾਫ ਕਈ ਦਿਨਾਂ ਤੋਂ ਮੁਜ਼ਾਹਰੇ ਚੱਲ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਰਾਹੀਂ ਹਾਂਗਕਾਂਗ ਦੀ ਜੁਡੀਸ਼ੀਅਲ ਆਜ਼ਾਦੀ ਨੂੰ ਖ਼ਤਰਾ ਪੈ ਸਕਦਾ ਹੈ।
ਕੀ ਹੈ ਹਵਾਲਗੀ ਕਾਨੂੰਨ?
ਹਾਂਗਕਾਂਗ ਦੀ ਸਰਕਾਰ ਫਰਵਰੀ ਮਹੀਨੇ ਵਿੱਚ ਮੌਜੂਦਾ ਹਵਾਲਗੀ ਕਾਨੂੰਨ ਵਿੱਚ ਸੋਧ ਲੈ ਕੇ ਆਉਣ ਦਾ ਮਤਾ ਲੈ ਕੇ ਆਈ ਸੀ।
ਹਾਂਗਕਾਂਗ ਚੀਨ ਦਾ ਇੱਕ ਖ਼ੁਦਮੁਖ਼ਤਿਆਰ ਦੀਪ ਹੈ ਅਤੇ ਚੀਨ ਇਸ ਨੂੰ ਆਪਣੇ ਦੇਸ ਦਾ ਹਿੱਸਾ ਮੰਨਦਾ ਹੈ।
ਹਾਂਗਕਾਂਗ ਦਾ ਤਾਈਵਾਨ ਦੇ ਨਾਲ ਹਵਾਲਗੀ ਸਮਝੌਤਾ ਨਹੀਂ ਹੈ ਜਿਸ ਕਰਕੇ ਉਸ ਵਿਅਕਤੀ ਨੂੰ ਕਤਲ ਦੇ ਮੁਕੱਦਮੇ ਕਰਕੇ ਤਾਈਵਾਨ ਭੇਜਣਾ ਔਖਾ ਹੈ।
ਇਹ ਕਾਨੂੰਨ ਚੀਨ ਨੂੰ ਉਨ੍ਹਾਂ ਖੇਤਰਾਂ ਵਿੱਚੋਂ ਦੋਸ਼ੀਆਂ ਨੂੰ ਹਵਾਲਗੀ ਕਰਨ ਦੀ ਇਜਾਜ਼ਤ ਦੇਵੇਗਾ ਜਿਨ੍ਹਾਂ ਨਾਲ ਹਾਂਗਕਾਂਗ ਦੇ ਸਮਝੌਤੇ ਨਹੀਂ ਹਨ।
ਇਹ ਵਿਵਾਦ ਵਿੱਚ ਕਿਉਂ ਹੈ ?
ਸਾਲ 1997 ਵਿੱਚ ਜਦੋਂ ਹਾਂਗਕਾਂਗ ਨੂੰ ਚੀਨ ਦੇ ਹਵਾਲੇ ਕੀਤਾ ਗਿਆ ਤਾਂ ਬੀਜਿੰਗ ਨੇ ‘ਇੱਕ ਦੇਸ਼-ਦੋ ਸਥਿਤੀਆਂ’ ਦੀ ਧਾਰਨਾ ਹੇਠ ਘੱਟੋ-ਘੱਟ 2047 ਤੱਕ ਲੋਕਾਂ ਦੀ ਆਜ਼ਾਦੀ ਅਤੇ ਆਪਣੀ ਕਾਨੂੰਨੀ ਸਥਿਤੀ ਨੂੰ ਬਣਾਏ ਰੱਖਣ ਦੀ ਗਰੰਟੀ ਦਿੱਤੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹਾਂਗਕਾਂਗ ਦੇ ਲੋਕਾਂ ‘ਤੇ ਚੀਨ ਦਾ ਕਾਨੂੰਨ ਲਾਗੂ ਹੋ ਜਾਵੇਗਾ ਅਤੇ ਲੋਕਾਂ ਨੂੰ ਮਨਮਾਨੀ ਕਰਕੇ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਅਤੇ ਉਨ੍ਹਾਂ ਨਾਲ ਤਸ਼ੱਦਦ ਕੀਤਾ ਜਾਵੇਗਾ।
ਰੀਅਲ ਟਾਈਮ ਵੋਟਿੰਗ
ਪ੍ਰਰਦਰਸ਼ਨ ਦੀ ਅਪੀਲ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਲੋਕਾਂ ਦੀ ਪਛਾਣ ਲੁਕੀ ਰਹਿੰਦੀ ਹੈ। ਉਹ ਇਨਕਰਿਪਟਿਡ ਮੈਸੇਜ ਰਾਹੀਂ ਗਰੁੱਪ ਚੈਟਸ ਵਿੱਚ ਆਪਣੀ ਅਪੀਲ ਕਰਦੇ ਹਨ।
ਕੁਝ ਗਰੁੱਪਾਂ ਦੇ 70 ਹਜ਼ਾਰ ਤੱਕ ਸਬਸਕਰਾਈਬਰਜ਼ ਹਨ ਜੋ ਕਰੀਬ ਹਾਂਗਕਾਂਗ ਦੀ ਇੱਕ ਫੀਸਦ ਆਬਾਦੀ ਬਣਦੀ ਹੈ।
ਕਾਫੀ ਗਰੁੱਪਾਂ ਵਿੱਚ ਪ੍ਰਦਰਸ਼ਨਾਂ ਨਾਲ ਜੁੜੇ ਅਪਡੇਟ ਅਤੇ ਹਰ ਖ਼ਬਰ ਮਿਲਦੀ ਹੈ ਜਦਕਿ ਕਾਫੀ ਗਰੁੱਪਾਂ ਵਿੱਚ ਪੁਲਿਸ ਦੇ ਮੂਵਮੈਂਟ ਅਤੇ ਮੁਜ਼ਾਹਰਾਕਾਰੀਆਂ ਨੂੰ ਆਲੇ-ਦੁਆਲੇ ਹੁੰਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਕੁਝ ਛੋਟੇ ਗੁਰੱਪ ਵੀ ਹਨ ਜਿਨ੍ਹਾਂ ਵਿੱਚ ਵਕੀਲ, ਫਰਸਟ ਏਡ ਮੁਹੱਈਆ ਕਰਵਾਉਣ ਵਾਲੇ ਅਤੇ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਸ਼ਾਮਿਲ ਹਨ।
ਮੁ਼ਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਵਿੱਚ ਆਨਲਾਈਨ ਤਾਲਮੇਲ ਕਾਰਨ ਜਾਣਕਾਰੀ ਨੂੰ ਬੇਹੱਦ ਫੁਰਤੀ ਨਾਲ ਅਤੇ ਸੌਖੇ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਹੈ।
ਇਨ੍ਹਾਂ ਚੈਟ ਗਰੁੱਪਾਂ ਵਿੱਚ ਵੋਟਿੰਗ ਵੀ ਆਸਾਨੀ ਨਾਲ ਹੋ ਜਾਂਦੀ ਹੈ ਜਿਸ ਨਾਲ ਅਗਲਾ ਫੈਸਲਾ ਆਸਾਨੀ ਨਾਲ ਲਿਆ ਜਾ ਸਕਦਾ ਹੈ।
ਟੋਨੀ ਨੇ ਦੱਸਿਆ, “ਅਜਿਹੇ ਫੋਰਮ ਕੇਵਲ ਕੁਝ ਹਾਲਾਤ ਵਿੱਚ ਹੀ ਕੰਮ ਕਰਦੇ ਹਨ। ਇਹ ਉਸ ਵੇਲੇ ਖ਼ਾਸ ਕੰਮ ਕਰਦੇ ਹਨ ਜਦੋਂ ਕੇਵਲ ਦੋ ਆਪਸ਼ਨ ਹੀ ਹੋਣ।”
21 ਜੂਨ ਨੂੰ 4000 ਮੁਜ਼ਾਹਰਾਕਾਰੀਆਂ ਨੇ ਟੈਲੀਗਰਾਮ ਗਰੁੱਪ ਵਿੱਚ ਵੋਟਿੰਗ ਕੀਤੀ। ਵੋਟਿੰਗ ਇਸ ਬਾਰੇ ਕੀਤੀ ਗਈ ਕਿ, ਕੀ ਹਾਂਗਕਾਂਗ ਪੁਲਿਸ ਹੈੱਡ ਕੁਆਟਰ ਦੇ ਸਾਹਮਣੇ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ ਜਾਂ ਉੱਥੇ ਰਹਿਣਾ ਚਾਹੀਦਾ ਹੈ।
ਕੇਵਲ 39 ਫੀਸਦ ਲੋਕਾਂ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਪੁਲਿਸ ਹੈੱਡ ਕੁਆਟਰ ਤੱਕ ਕਰਨਾ ਚਾਹੀਦਾ ਹੈ। ਹੋਰ ਐਪ ਤੇ ਸਰਵਿਸਿਜ਼ ਵੀ ਕਿਸੇ ਪ੍ਰਦਰਸ਼ਨ ਦਾ ਆਯੋਜਨ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ।
ਜਨਤਕ ਥਾਂਵਾਂ ‘ਤੇ ਪੋਸਟਰਜ਼ ਤੇ ਬੈਨਰਜ਼ ਨੂੰ ਏਅਰ ਡਰੋਪ ਕੀਤਾ ਜਾਂਦਾ ਹੈ ਜਿਸ ਨਾਲ ਫਾਈਲਾਂ ਨੂੰ ਆਲੇ-ਦੁਆਲੇ ਦੇ ਆਈਪੈਡਜ਼ ਤੇ ਆਈਫੋਨਜ਼ ‘ਤੇ ਸ਼ੇਅਰ ਕੀਤਾ ਜਾਂਦਾ ਹੈ।
ਇਸ ਹਫ਼ਤੇ ਗੁਪਤ ਤੌਰ ‘ਤੇ ਕਾਰਕੁਨਾਂ ਨੇ 5 ਲੱਖ ਡਾਲਰ ਨੇ ਕਰਾਊਡ ਫੰਡਿੰਗ ਸਾਈਟ ‘ਤੇ ਇਕੱਠਾ ਕਰ ਲਿਆ ਸੀ।
ਉਨ੍ਹਾਂ ਦਾ ਪਲਾਨ ਸੀ ਕਿ ਉਹ ਕੋਮਾਂਤਰੀ ਅਖ਼ਬਾਰਾਂ ਵਿੱਚ ਇਸ ਵਿਵਾਦਿਤ ਬਿੱਲ ਬਾਰੇ ਜੀ20 ਸਮਿਟ ਵਿੱਚ ਚਰਚਾ ਕਰਨ ਦੀ ਅਪੀਲ ਬਾਰੇ ਇਸ਼ਤਿਹਾਰ ਦੇਣਗੇ।
ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਤਕਨੀਕ ਨੇ ਇਸ ਮੂਵਮੈਂਟ ਨੂੰ ਲੀਡਰਲੈਸ ਯਾਨੀ ਬਿਨਾਂ ਕਿਸੇ ਨੇਤਾ ਦੀ ਅਗਵਾਈ ਵਾਲੀ ਮੁਹਿੰਮ ਬਣਾ ਦਿੱਤਾ ਹੈ।
ਪਛਾਣ ਨੂੰ ਲੁਕਾਉਣਾ
ਲੋਕਤੰਤਰ ਦੇ ਹੱਕ ਵਿੱਚ 2014 ਵਿੱਚ ਕੀਤੇ ਮੁਜ਼ਾਹਰਿਆਂ ਬਾਰੇ ਗੱਲ ਕਰਦੇ ਹੋਏ ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਐਡਮੰਡ ਸ਼ੈਂਗ ਨੇ ਕਿਹਾ, “ਸਭ ਤੋਂ ਮੁੱਖ ਕਾਰਨ ਹੈ ਕਿ ਲੋਕਾਂ ਵਿੱਚ ਪ੍ਰਸ਼ਾਸਨ ਲਈ ਗ਼ੈਰ-ਭਰੋਸਗੀ ਦੀ ਭਾਵਨਾ ਹੈ।
ਇਸ ਸਾਲ ਅਪ੍ਰੈਲ ਵਿੱਚ ਮੁਜ਼ਾਹਰਿਆਂ ਦੇ 9 ਆਗੂਆਂ ਨੂੰ ਜਨਤਾ ਨੂੰ ਪ੍ਰੇਸ਼ਾਨ ਕਰਨ ਲਈ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਸੀ।
ਟੋਨੀ ਨੇ ਕਿਹਾ, “ਜੇ ਤੁਸੀਂ ਕਿਸੇ ਮੁਹਿੰਮ ਵਿੱਚ ਹਿੱਸਾ ਲੈਂਦੇ ਹੋ ਤਾਂ ਤੁਹਾਡੇ ‘ਤੇ ਕਈ ਤਰੀਕੇ ਦੇ ਮਾਮਲੇ ਦਰਜ ਕੀਤੇ ਜਾ ਸਕਦੇ ਹਨ।”
ਹਾਂਗਕਾਂਗ ਦੇ ਮੁਜ਼ਾਹਰਾਕਾਰੀ ਆਪਣਾ ਡਿਜੀਟਲ ਫੁੱਟਪ੍ਰਿੰਟ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।
25 ਸਾਲ ਜੌਨੀ ਮੁਜ਼ਾਹਰਿਆਂ ਵਿੱਚ ਆਪਣੇ ਪਾਰਟਨਰ ਨਾਲ ਹਿੱਸਾ ਲੈ ਰਹੇ ਹਨ। ਉਹ ਕਹਿੰਦੇ ਹਨ, “ਅਸੀਂ ਕੈਸ਼ ਦਾ ਇਸਤੇਮਾਲ ਕਰਦੇ ਹਾਂ। ਅਸੀਂ ਮੁਜ਼ਾਹਰੇ ਦੌਰਾਨ ਏਟੀਐੱਮ ਦਾ ਇਸਤੇਮਾਲ ਵੀ ਨਹੀਂ ਕਰਦੇ ਹਾਂ।”
ਜੌਨੀ ਪੁਰਾਣਾ ਮੋਬਾਈਲ ਫੋਨ ਇਸਤੇਮਾਲ ਕਰਦੇ ਹਨ ਅਤੇ ਹਰ ਵਾਰ ਕਿਸੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵੇਲੇ ਨਵੇਂ ਸਿਮ ਦੀ ਵਰਤੋਂ ਕਰਦੇ ਹਨ।
ਇੱਕ ਹੋਰ ਗਰੁੱਪ ਐਡਮਿਨ ਨੇ ਨਾਂ ਲੁਕਾਉਣ ਦੀ ਸ਼ਰਤ ‘ਤੇ ਦੱਸਿਆ ਕਿ ਕਾਫੀ ਲੋਕ ਆਪਣਾ ਡਿਜੀਟਲ ਫੁੱਟਪ੍ਰਿੰਟ ਲੁਕਾਉਣ ਲਈ ਕਈ ਐਕਾਉਂਟ ਯੂਜ਼ ਕਰਦੇ ਹਨ।
ਉਨ੍ਹਾਂ ਬੀਬੀਸੀ ਨੂੰ ਕਿਹਾ, “ਸਾਡੇ ਵਿੱਚੋਂ ਕੁਝ ਲੋਕਾਂ ਕੋਲ 3-4 ਫੋਨ, ਇੱਕ ਆਈਪੈੱਡ, ਡੈਸਕਟੌਪ ਅਤੇ ਨੋਟਬੁੱਕਸ ਹੁੰਦੀਆਂ ਹਨ। ਇੱਕ ਬੰਦਾ 5-6 ਐਕਾਊਂਟਸ ਕੰਟਰੋਲ ਕਰਦਾ ਹੈ।”
“ਲੋਕਾਂ ਨੂੰ ਨਹੀਂ ਪਤਾ ਲਗਦਾ, ਕਈ ਵਾਰ ਤਾਂ ਕਈ ਲੋਕ ਇੱਕ ਐਕਾਉਂਟ ਦਾ ਇਸਤੇਮਾਲ ਕਰਦੇ ਹਨ।
ਸੁਰੱਖਿਆ
ਟੋਨੀ ਮੰਨਦੇ ਹਨ ਕਿ ਗਰੁੱਪ ਵਿੱਚ ਵੋਟਾਂ ਕਰਨ ਨਾਲ ਲੋਕ ਪੁਲਿਸ ਮਾਮਲਿਆਂ ਤੋਂ ਬਚ ਸਕਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਗਰੁੱਪ ਐਡਮਿਨ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਿਆ ਹੁੰਦਾ ਹੈ ਅਤੇ ਉਸ ਦਾ ਗਰੁੱਪ ਦੇ ਮੈਂਬਰਾਂ ‘ਤੇ ਕੰਟਰੋਲ ਨਹੀਂ ਹੁੰਦਾ ਹੈ।
ਉਨ੍ਹਾਂ ਕਿਹਾ, “ਸਰਕਾਰ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਰ ਸ਼ਖਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ ਹੈ। ਇਸ ਮੁਮਕਿਨ ਹੀ ਨਹੀਂ ਹੈ।”
ਪਰ ਉਹ ਮੰਨਦੇ ਹਨ ਕਿ ਕਾਨੂੰਨੀ ਤਰੀਕੇ ਨਾਲ ਇਸ ਨੂੰ ਰੋਕਿਆ ਵੀ ਜਾ ਸਕਦਾ ਹੈ।
“ਉਹ ਖਾਸ ਆਗੂਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਤਾਂ ਜੋ ਉਨ੍ਹਾਂ ਖਿਲਾਫ਼ ਕੀਤੇ ਐਕਸ਼ਨ ਨੂੰ ਲੋਕਾਂ ਸਾਹਮਣੇ ਚਿਤਾਵਨੀ ਵਜੋਂ ਪੇਸ਼ ਕੀਤਾ ਜਾ ਸਕੇ।
12 ਜੂਨ ਨੂੰ ਟੈਲੀਗਰਾਮ ਗਰੁੱਪ ਦੇ ਇੱਕ ਐਡਮਿਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਇਲਜ਼ਾਮ ਸੀ ਕਿ ਉਹ ਹਾਂਗਕਾਂਗ ਦੇ ਸਰਕਾਰੀ ਦਫ਼ਤਰ ਵਿੱਚ ਜ਼ਬਰਨ ਵੜ੍ਹ ਗਿਆ ਸੀ ਅਤੇ ਬੈਰੀਕੇਡਿੰਗ ਨੂੰ ਤੋੜਿਆ ਸੀ।
ਬੌਂਗ ਨਿਗ ਆ ਹਾਂਗਕਾਂਗ ਵਿੱਚ ਕਈ ਮੁਜ਼ਾਹਰਾਕਾਰੀਆਂ ਦੇ ਕੇਸ ਲੜ ਰਹੇ ਹਨ। ਉਨ੍ਹਾਂ ਕਿਹਾ, “ਉਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਜੇ ਤੁਸੀਂ ਇੰਟਰਨੈੱਟ ‘ਤੇ ਲੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੁਹਾਨੂੰ ਘਰੋਂ ਵੀ ਗ੍ਰਿਫ਼ਤਾਰ ਕਰ ਸਕਦੇ ਹਨ।”
ਸਰੋਤ:ਬੀ ਬੀ ਸੀ