ਹਲਵਾਰਾ `ਚ ਬਣੇਗਾ ਆਮ ਲੋਕਾਂ ਲਈ ਕੌਮਾਂਤਰੀ ਹਵਾਈ ਅੱਡਾ

0
805
Punjab Chief Minister Captain Amarinder Singh presiding over a Cabinet meeting in Chandigarh.

ਚੰਡੀਗੜ੍ਹ : ਅੱਜ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ `ਚ ਜ਼ਿਲ੍ਹਾ ਲੁਧਿਆਣਾ ਦੇ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ `ਚ ਨਵਾਂ ਅੰਤਰਰਾਸ਼ਟਰੀ ਸਿਵਲ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਮੰਤਰੀ ਮੰਡਲ ਨੇ ਇਸ ਸਬੰਧੀ ਏਅਰਪੋਰਟਸ ਅਥਾਰਟੀ ਆਫ ਇੰਡੀਆ (ਏਏਆਈ) ਨਾਲ ਸਮਝੌਤਾ ਸਹੀਬੰਦ (ਐਮਓਯੂ) ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਿਵਲ ਟਰਮੀਨਲ ਦਾ ਨਿਰਮਾਣ ਸਾਂਝੇ ਤੌਰ ’ਤੇ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਵੱਲੋਂ ਇਸ ਮੰਤਵ ਲਈ ਗਠਿਤ ਕੀਤੀ ਜੁਆਇੰਟ ਵੈਂਚਰ ਕੰਪਨੀ (ਜੇਵੀਸੀ) ਰਾਹੀਂ ਕੀਤਾ ਜਾਵੇਗਾ। ਇਸ ਪ੍ਰੋਜੈਕਟ `ਚ 51 ਫੀਸਦੀ ਹਿੱਸੇਦਾਰੀ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਅਤੇ 49 ਫੀਸਦੀ ਹਿੱਸੇਦਾਰੀ ਪੰਜਾਬ ਸਰਕਾਰ ਦੀ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਹੋਵੇਗੀ।

ਪੰਜਾਬ ਸਰਕਾਰ ਵੱਲੋਂ 135.54 ਏਕੜ ਜ਼ਮੀਨ ਬਿਨਾਂ ਕਿਸੇ ਕੀਮਤ ਦੇ ਜੇਵੀਸੀ ਨੂੰ ਹਿੱਸੇਦਾਰੀ ਦੌਰ ’ਤੇ ਦਿੱਤੀ ਜਾਵੇਗੀ। ਇਸ ਏਅਰਪੋਰਟ ਦੇ ਨਿਰਮਾਣ ਦਾ ਸਾਰਾ ਪੂੰਜੀ ਖਰਚ ਏਅਰ ਪੋਰਟ ਅਥਾਰਟੀ ਆਫ਼ ਇੰਡੀਆ ਦੁਆਰਾ ਕੀਤਾ ਜਾਵੇਗਾ ਜਦਕਿ ਇਸ ਹਵਾਈ ਅੱਡੇ ਨੂੰ ਚਲਾਉਣ, ਸੰਚਾਲਨ ਅਤੇ ਇਸ ਦੇ ਰੱਖ-ਰਖਾਵ ਦਾ ਸਾਰਾ ਖਰਚ ਕੰਪਨੀ ਦੁਆਰਾ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਦੇ ਪਹਿਲੇ ਪੜਾਅ `ਚ 135.54 ਏਕੜ ਰਕਬੇ ਵਿੱਚ ਕੋਡ-4 ਸੀ ਤਰ੍ਹਾਂ ਦੇ ਜ਼ਹਾਜਾਂ ਦੇ ਓਪਰੇਸ਼ਨ ਲਈ ਪੂਰਨ ਰੂਪ `ਚ ਨਵੇਂ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਰਨਾ ਸ਼ਾਮਲ ਹੈ, ਤਿੰਨ ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ।