ਪੇਈਚਿੰਗ : ਚੀਨ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਉਸਾਰੂ ਸੰਵਾਦ ਹੋਣ ਅਤੇ ਆਪਸੀ ਮਤਭੇਦ ਦੂਰ ਹੋਣ ਨਾਲ ਵਿਸ਼ਵ ’ਚ ਸ਼ਾਂਤੀ ਅਤੇ ਵਿਕਾਸ ਨੂੰ ਹੁਲਾਰਾ ਮਿਲੇਗਾ। ਇੱਥੇ ਲਾਂਘੇ ਬਾਰੇ ਮੀਡੀਆ ਵੱਲੋਂ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਕਿਹਾ,‘ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਰਹੀ ਚੰਗੀ ਗੱਲਬਾਤ ਵੇਖਕੇ ਖੁਸ਼ ਹਾਂ। ਦੋਵੇਂ ਮੁਲਕ ਦੱਖਣੀ ਏਸ਼ੀਆ ਵਿਚ ਅਹਿਮ ਸਥਾਨ ਰੱਖਦੇ ਹਨ।’
ਇਸੇ ਦੌਰਾਨ ਚੀਨ ਨੇ ਜੀ-20 ਸੰਮੇਲਨ ਦੇ ਦੌਰਾਨ ਭਾਰਤ, ਜਾਪਾਨ ਅਤੇ ਅਮਰੀਕਾ ਦੀ ਹੋਈ ਗੱਲਬਾਤ ਸਬੰਧੀ ਆਖਿਆ ਕਿ ਜੇਕਰ ਇਸ ਨਾਲ ਖਿੱਤੇ ਦੀ ਸ਼ਾਂਤੀ ਪ੍ਰਭਾਵਿਤ ਨਹੀਂ ਹੁੰਦੀ ਤਾਂ ਉਸ ਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਹੈ। ਇਸ ਗੱਲਬਾਤ ਦੌਰਾਨ ਤਿੰਨਾਂ ਮੁਲਕਾਂ ਦੇ ਆਗੂਆਂ ਨੇ ਖੁੱਲ੍ਹੇ ਤੇ ਖਾਸ ਇੰਡੋ-ਪਾਕਿ ਖਿੱਤੇ ਦੇ ਵਿਕਾਸ ਦੀ ਗੱਲ ਆਖੀ ਹੈ, ਜਿੱਥੇ ਕਿ ਅੱਜਕੱਲ੍ਹ ਚੀਨ ਦੀ ਮੌਜੂਦਗੀ ਵਧੀ ਹੋਈ ਵਿਖਾਈ ਦਿੰਦੀ ਹੈ।
-ਪੀਟੀਆਈ