ਜਲੰਧਰ : ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਲੋਕਾਂ ਵਿਸ਼ੇਸ਼ ਤੌਰ ‘ਤੇ ਐਨ.ਆਰ.ਆਈ ਭਾਈਚਾਰੇ ਨੂੰ ਪਰੇਸ਼ਾਨੀ ਮੁਕਤ ਟਰਾਂਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਵਾਂ ਉਪਰਾਲਾ ਕੀਤਾ ਹੈ। ਸਿਰਫ਼ 2 ਦਿਨਾਂ ਦੇ ਅੰਦਰ ਨੈਸ਼ਨਲ ਪਰਮਿਟ ਹੋਲਡਰ ਪਨਬੱਸ ਦੀਆਂ ਇਨ੍ਹਾਂ ਬੱਸਾਂ ਦੀਆਂ ਸੇਵਾਵਾਂ ਜਲੰਧਰ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਸ਼ੁਰੂ ਕਰ ਦਿੱਤੀਆਂ ਜਾਣਗੀਆਂ । ਸਫ਼ਰ ਕਰਨ ਵਾਲੇ ਯਾਤਰੀ ਸਿਰਫ਼ 1100 ਰੁਪਏ ਪ੍ਰਤੀ ਵਿਅਕਤੀ ਕਿਰਾਏ ਵਿੱਚ ਇਹ ਸੇਵਾਵਾਂ ਹਾਸਲ ਕਰ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ, ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਪਨਬੱਸ ਵੱਲੋਂ ਵੌਲਵੋ ਬੱਸਾਂ ਦੀ ਸੇਵਾ ਜਲੰਧਰ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚਲਾਈ ਜਾ ਰਹੀ ਸੀ ਪਰ 15 ਦਿਨ ਪਹਿਲਾਂ ਕੁਝ ਤਕਨੀਕੀ ਕਾਰਨਾਂ ਦੇ ਮੱਦੇਨਜ਼ਰ ਦਿੱਲੀ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਇਸ ਬੱਸ ਸੇਵਾ ਨੂੰ ਰੋਕ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਹੁਣ ਅਜਿਹੀਆਂ ਸਰਕਾਰੀ ਬੱਸਾਂ ਸਿਰਫ਼ ਚੋਣਵੇਂ ਬੱਸ ਅੱਡਿਆਂ ਤੋਂ ਹੀ ਚਲਾਈਆਂ ਜਾ ਸਕਦੀਆਂ ਹਨ।
ਇਹ ਮਾਮਲਾ ਦਿੱਲੀ ਪ੍ਰਸ਼ਾਸਨ ਨਾਲ ਵਿਚਾਰਿਆ ਗਿਆ ਸੀ ਅਤੇ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਹਮਣੇ, ਦਵਾਰਕਾ ਵਿਖੇ ਵੌਲਵੋ ਬੱਸ ਅੱਡਾ ਬਣਾਉਣ ਦੀ ਸਹਿਮਤੀ ਪ੍ਰਗਟਾਈ ਗਈ ਸੀ। ਕਿਉਂ ਜੋ ਇਸ ਬੱਸ ਅੱਡੇ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਨੂੰ 2 ਮਹੀਨੇ ਲੱਗ ਜਾਣਗੇ ਇਸ ਲਈ ਪਨਬੱਸ ਵੱਲੋਂ ਨੈਸ਼ਨਲ ਟੂਰਿਸਟ ਪਰਮਿਟ ਨਾਲ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਐਨਆਰਆਈ ਭਾਈਚਾਰੇ ਨੂੰ ਚੰਗੀ ਤੇ ਸਸਤੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਸਕੇ।