ਹਾਂਗਕਾਂਗ : ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਹਾਂਗਕਾਂਗ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦੀਆਂ ਨਜ਼ਰਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਾਇਮ ਰੱਖਣ ’ਤੇ ਲੱਗੀਆਂ ਹੋਣਗੀਆਂ। ਪਿਛਲੇ ਸਾਲ ਸਿੰਧੂ ਨੂੰ ਫਾਈਨਲ ਵਿੱਚ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤਾਇ ਜ਼ੂ ਯਿੰਗ ਖ਼ਿਲਾਫ਼ ਹਾਰ ਮਗਰੋਂ ਉਪ ਜੇਤੂ ਰਹਿਣਾ ਪਿਆ ਸੀ।
ਇਸ ਭਾਰਤੀ ਖਿਡਾਰੀ ਨੂੰ ਸਖ਼ਤ ਰਵਾਇਤੀ ਵਿਰੋਧੀ ਦੀ ਮੌਜੂਦਗੀ ਵਿੱਚ ਇੱਕ ਵਾਰ ਪੋਡੀਅਮ ’ਤੇ ਥਾਂ ਬਣਾਉਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਮੌਜੂਦਾ ਰੁਝੇਵੇਂ ਵਾਲੇ ਸੈਸ਼ਨ ਵਿੱਚ ਸਿੰਧੂ ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ ਹੈ। ਉਹ ਇੰਡੀਆ ਓਪਨ ਅਤੇ ਥਾਈਲੈਂਡ ਓਪਨ ਦੇ ਫਾਈਨਲ ਵਿੱਚ ਵੀ ਪਹੁੰਚੀ ਹੈ। -ਪੀਟੀਆਈ