ਨਵੀਂ ਦਿੱਲੀ: ਦਿੱਲੀ ਦਾ ਹਵਾ ਵਿੱਚ ਲਗਾਤਾਰ ਜ਼ਹਿਰ ਘੁਲਦਾ ਜਾ ਰਿਹਾ ਹੈ। ਜੇ ਤੁਸੀਂ ਦਿੱਲੀ ਦੇ ਆਸਪਾਸ ਦੇ ਇਲਾਕਿਆਂ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਰੋਜ਼ਾਨਾ 15-20 ਸਿਗਰੇਟ ਬਰਾਬਰ ਧੂੰਆਂ ਪੀ ਰਹੇ ਹੋ। ਦਿੱਲੀ ’ਤੇ ਲਗਾਤਾਰ ਸਮੋਗ ਦੀ ਮੋਟੀ ਪਰਤ ਚੜ੍ਹਦੀ ਜਾ ਰਹੀ ਹੈ। ਹਵਾ ਪ੍ਰਦੂਸ਼ਣ ਦਾ ਹਾਲ ਇਹ ਹੈ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਕੱਲ੍ਹ ਦੇ ਮੁਕਾਬਲੇ ਸ਼ਹਿਰ ਵਿੱਚ ਅੱਜ ਹਾਲਾਤ ਕੁਝ ਚੰਗੇ ਹਨ ਪਰ ਕਈ ਇਲਾਕਿਆਂ ਵਿੱਚ ਹਾਲਾਤ ਅਜੇ ਵੀ ਖਤਰਨਾਕ ਬਣੇ ਹੋਏ ਹਨ।
ਅੱਜ ਸਵੇਰੇ ਦਿੱਲੀ ਦਾ ਔਸਤ ਏਅਰ ਕਵਾਲਟੀ ਇੰਡੈਕਸ 449 ਰਿਹਾ। ਯਾਨੀ ਕਰੀਬ 20 ਸਿਗਰੇਟ ਦੇ ਬਰਾਬਰ ਧੂੰਆਂ ਸਾਡੇ ਸਰੀਰ ਅੰਦਰ ਜਾ ਰਿਹਾ ਹੈ। ਨੌਇਡਾ ਵਿੱਚ ਏਅਰ ਕੁਆਲਟੀ ਇੰਡੈਕਸ 465 ਤਕ ਪਹੁੰਚ ਗਿਆ ਹੈ। ਯਾਨੀ ਉੱਥੋਂ ਦੇ ਲੋਕ 21 ਸਿਗਰੇਟ ਦਾ ਧੂੰਆਂ ਸਰੀਰ ਅੰਦਰ ਨਿਗਲ ਰਹੇ ਹਨ।
ਗੁਰੂਗਰਾਮ ਦੀ ਗੱਲ ਕੀਤੀ ਜਾਏ ਤਾਂ ਇੱਥੋਂ ਦੀ ਹਵਾ 23 ਸਿਗਰੇਟ ਦੇ ਬਰਾਬਰ ਧੂੰਏਂ ਨਾਲ ਪਲੀਤ ਹੈ। ਦੀਵਾਲੀ ਨੂੰ ਵੇਖਦਿਆਂ ਹਵਾ ਦੇ ਹੋਰ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਿੱਲੀ ਦੇ ਕਈ ਇਲਾਕਿਆਂ ਵਿੱਚ ਕੱਲ੍ਹ ਏਅਰ ਕੁਆਲਟੀ ਇੰਡੈਕਸ 700 ਦੇ ਪਾਰ ਰਿਕਾਰਡ ਕੀਤਾ ਗਿਆ ਸੀ
ਯਾਦ ਰਹੇ ਕਿ ਹਵਾ ਦੀ ਗੁਣਵੱਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਇਸ ਦਾ ਏਅਰ ਇੰਡੈਕਸ ਕਵਾਲਟੀ (ਏਕਿਊਆਈ) 0 ਤੋਂ 50 ਦੇ ਵਿਚਕਾਰ ਹੁੰਦਾ ਹੈ। ਏਕਿਊਆਈ ਦੇ 51-100 ਵਿਚਾਲੇ ਰਹਿਣ ’ਤੇ ਹਵਾ ਦੀ ਕਵਾਲਟੀ ਤਸੱਲੀਬਖਸ਼ ਮੰਨੀ ਜਾਂਦੀ ਹੈ। 101-200 ਵਿਚਾਲੇ ਮੱਧਮ, 201-300 ਵਿਚਾਲੇ ਖਰਾਬ, 301-400 ਵਿਚਾਲੇ ਬੇਹੱਦ ਖਰਾਬ ਤੇ 401-500 ਵਿਚਾਲੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਮੰਨਿਆ ਜਾਂਦਾ ਹੈ।