ਇੰਦੌਰ : ਇੰਦੌਰ ਦੀ ਜਿ਼ਲ੍ਹਾ ਜੇਲ੍ਹ ਲਾਗੇ ਖੁੱਲ੍ਹੀ ਜੇਲ੍ਹ ਬਣਾਈ ਗਈ ਹੈ, ਜਿਸ ਨੂੰ ‘ਦੇਵੀ ਅਹਿੱਲਿਆਬਾਈ ਖੁੱਲ੍ਹੀ ਕਾਲੋਨੀ` ਦਾ ਨਾਂਅ ਦਿੱਤਾ ਗਿਆ ਹੈ। ਇਸ ਜੇਲ੍ਹ ਵਿੱਚ 10 ਵਿਆਹੁਤਾ ਕੈਦੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਰਹਿਣ ਦੀ ਆਜ਼ਾਦੀ ਦਿੱਤੀ ਗਈ ਹੈ। ਉਨ੍ਹਾਂ ਵਿੱਚ ਇੱਕ ਕੈਦੀ ਅਜਿਹਾ ਹੈ, ਜਿਸ ਨੂੰ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ `ਚ 1996 ਦੌਰਾਨ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪਿਛਲੇ ਸਾਢੇ 12 ਵਰ੍ਹਿਆਂ ਦੌਰਾਨ ਉਹ ਮੱਧ ਪ੍ਰਦੇਸ਼ ਦੀਆਂ ਵੱਖੋ-ਵੱਖਰੀਆਂ ਜੇਲ੍ਹਾਂ `ਚ ਕੈਦ ਰਿਹਾ ਹੈ।
ਪਹਿਲਾਂ ਤੰਗ ਕਾਲ-ਕੋਠੜੀਆਂ ਹੁੰਦੀਆਂ ਸਨ ਪਰ ਹੁਣ ਦੋ ਕਮਰਿਆਂ ਦਾ ਨਵਾਂ ਘਰ – ਜਿੱਥੇ ਪਰਿਵਾਰ ਨਾਲ ਰਹਿਣ ਦਾ ਸੁੱਖ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿਨ ਭਰ ਬਾਹਰ ਕੰਮ ਕਰਨ ਦੀ ਆਜ਼ਾਦੀ ਵੱਖਰੀ ਮਿਲਦੀ ਹੈ। ਅਜਿਹਾ ਸਜ਼ਾ-ਯਾਫ਼ਤਾ ਕੈਦੀਆਂ ਦੇ ਜੀਵਨ `ਚ ਹਾਂ-ਪੱਖੀ ਤਬਦੀਲੀ ਲਿਆਉਣ ਦੇ ਮੰਤਵ ਨਾਲ ਕੀਤਾ ਗਿਆ ਹੈ।
ਇਸ ਜੇਲ੍ਹ ਦੇ ਇੱਕ ਅਪਾਰਟਮੈਂਟ ਵਿੱਚ ਭੁਪਿੰਦਰ ਸਿੰਘ (45) ਨੂੰ ਰੱਖਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਕਸਬੇ ਦੇ ਭੁਪਿੰਦਰ ਸਿੰਘ ਨੂੰ ਪਰਿਵਾਰਕ ਝਗੜੇ ਦੌਰਾਨ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ 1996 ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲਾ ਅਦਾਲਤ `ਚ ਚੱਲਿਆ, ਜਿੱਥੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭੁਪਿੰਦਰ ਸਿੰਘ ਦੀ ਉਮਰ ਕੈਦ ਦੀ ਸਜ਼ਾ ਪੂਰੀ ਹੋਣ `ਚ ਹਾਲੇ ਕੁਝ ਸਮਾਂ ਬਾਕੀ ਹੈ ਪਰ ਖੁੱਲ੍ਹੀ ਜੇਲ੍ਹ `ਚ ਆਉਣ ਤੋਂ ਬਾਅਦ ਉਸ ਨੂੰ ਲੱਗ ਰਿਹਾ ਹੈ ਕਿ ਉਸ ਦੀ ਰਿਹਾਈ ਹੁਣੇ ਤੋਂ ਹੋ ਗਹੀ ਹੇ। ਉਂਝ, ਉਸ ਨੂੰ ਆਪਣੇ ਜੁਰਮ `ਤੇ ਪਛਤਾਵਾ ਵੀ ਹੈ ਤੇ ਹੁਣ ਉਹ ਆਮ ਨਾਗਰਿਕ ਵਾਂਗ ਆਪਣਾ ਜੀਵਨ ਬਿਤਾਉਣਾ ਚਾਹੁੰਦਾ ਹੈ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣ ਸ਼ਹਿਰ `ਚ ਚਾਹ-ਨਾਸ਼ਤੇ ਦੀ ਦੁਕਾਨ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਖੁੱਲ੍ਹੀ ਜੇਲ੍ਹ ਵਿੱਚ ਉਸ ਦੀ ਪਤਨੀ ਸੀਮਾ (35) ਵੀ ਨਾਲ ਰਹਿੰਦੀ ਹੈ। ਉਨ੍ਹਾਂ ਦੇ ਦੋ ਪੁੱਤਰ ਹਨ, ਜੋ ਇੰਦੌਰ ਤੋਂ ਬਾਹਰ ਪੜ੍ਹ ਰਹੇ ਹਨ। ਅਗਲੇ ਵਿਦਿਅਕ ਸੈਸ਼ਨ ਤੋਂ ਉਨ੍ਹਾ ਦਾ ਦਾਖ਼ਲਾ ਕਿਸੇ ਸਥਾਨਕ ਸਕੂਲ `ਚ ਕਰਵਾਇਆ ਜਾਵੇਗਾ ਤੇ ਉਹ ਵੀ ਆਪਣੇ ਮਾਪਿਆਂ ਨਾਲ ਇਸ ਖੁੱਲ੍ਹੀ ਜੇਲ੍ਹ `ਚ ਰਹਿ ਸਕਣਗੇ।
ਜਿ਼ਲ੍ਹਾ ਜੇਲ੍ਹ ਮੁਖੀ ਅਦਿਤੀ ਚਤੁਰਵੇਦੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ `ਤੇ ਸੂਬੇ ਵਿੱਚ ਖੁੱਲ੍ਹੀਆਂ ਜੇਲ੍ਹਾਂ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਜੇਲ੍ਹਾਂ `ਚ ਸਿਰਫ਼ ਵਧੀਆ ਵਿਵਹਾਰ ਵਾਲੇ ਉਨ੍ਹਾਂ ਕੈਦੀਆਂ ਨੂੰ ਹੀ ਰੱਖਿਆ ਜਾਂਦਾ ਹੈ, ਜਿਨ੍ਹਾਂ ਨੂੰ ਗੰਭੀਰ ਅਪਰਾਧਾਂ `ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੋਵੇ। ਉਨ੍ਹਾਂ ਦੱਸਿਆ ਕਿ ਖੁੱਲ੍ਹੀ ਜੇਲ੍ਹ `ਚ ਰਹਿਣ ਵਾਲੇ ਸਾਰੇ ਕੈਦੀ ਸਵੇਰੇ 6 ਵਜੇ ਤੋਂ ਸ਼ਾਮੀਂ 6 ਵਜੇ ਤੱਕ ਕੈਂਪਸ ਤੋਂ ਬਾਹਰ ਕੰਮ `ਤੇ ਜਾ ਸਕਦੇ ਹਨ ਪਰ ਉਨ੍ਹਾਂ ਨੁੰ ਸ਼ਹਿਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।