ਮੋਦੀ ਨੇ ਮੰਤਰੀ ਝਟਕਾਇਆ

0
203

ਨਵੀਂ ਦਿੱਲੀ: #MeeToo ਮੁਹਿੰਮ ਕਾਰਨ ਅੱਜ ਕੇਂਦਰੀ ਮੰਤਰੀ ਦੀ ਕੁਰਸੀ ਖੁੱਸ ਗਈ ਹੈ। ਮੋਦੀ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਕਬਰ ਉੱਪਰ ਤਕਰੀਬਨ 20 ਮਹਿਲਾ ਪੱਤਰਕਾਰਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਉਹ ਮੰਤਰੀ ਮੰਡਲ ਵਿੱਚੋਂ ਖ਼ੁਦ ਹੀ ਬਾਹਰ ਹੋ ਗਏ। ਭਾਰਤੀ ਜਨਤਾ ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਐਮ.ਜੇ. ਅਕਬਰ ਕਾਰਨ ਪਾਰਟੀ ਦੀ ਸਾਖ਼ ਖ਼ਰਾਬ ਹੋ ਰਹੀ ਸੀ, ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਹਿਣ ‘ਤੇ ਇਹ ਅਸਤੀਫ਼ਾ ਦੇ ਗਏ ਹਨ।

ਉੱਧਰ, ਅਕਬਰ ਵਿਰੁੱਧ ਸਭ ਤੋਂ ਪਹਿਲਾਂ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਪੱਤਰਕਾਰ ਪ੍ਰੀਆ ਰਮਾਨੀ ਨੇ ਕਿਹਾ ਹੈ ਕਿ ਅਸਤੀਫ਼ੇ ਨੇ ਉਨ੍ਹਾਂ ਦੇ ਇਲਜ਼ਾਮ ਸੱਚੇ ਸਾਬਤ ਕਰ ਦਿੱਤੇ ਹਨ। ਰਮਾਨੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਅਦਾਲਤ ਤੋਂ ਵੀ ਨਿਆਂ ਦੀ ਆਸ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਅਕਬਰ ਨੇ ਰਮਾਨੀ ਵਿਰੁੱਧ ਕਾਨੂੰਨੀ ਕਾਰਵਾਈ ਦੇ ਤਹਿਤ ‘ਸਬਕ’ ਸਿਖਾਉਣ ਲਈ 97 ਵਕੀਲਾਂ ਦੀ ਟੀਮ ਲਾਈ ਹੋਈ ਹੈ।

ਹਾਲਾਂਕਿ, ਐਮਜੇ ਅਕਬਰ ਆਪਣੇ ਉੱਪਰ ਲੱਗ ਰਹੇ ਇਲਜ਼ਾਮਾਂ ਦਾ ਹਮੇਸ਼ਾ ਹੀ ਖੰਡਨ ਕਰਦੇ ਰਹੇ ਹਨ। ਅਕਬਰ ਨੇ ਆਪਣੇ ਉੱਪਰ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀਆਂ ਔਰਤਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ। ਉਨ੍ਹਾਂ ਨੇ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਮਾਮਲਾ ਆਮ ਚੋਣਾਂ ਤੋਂ ਪਹਿਲਾਂ ਠੀਕ ਪਹਿਲਾਂ ਉਠਾਇਆ ਗਿਆ ਹੈ। ਜ਼ਰੂਰ ਇਸ ਪਿੱਛੇ ਕੋਈ ਸਿਆਸੀ ਕਾਰਨ ਹੈ।

ਜ਼ਿਕਰਯੋਗ ਹੈ ਕਿ ਅਕਬਰ ’ਤੇ ਤਕਰੀਬਨ 20 ਮਹਿਲਾ ਪੱਤਰਕਾਰਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਮਹਿਲਾ ਪੱਤਰਕਾਰਾਂ ਮੁਤਾਬਕ ਇਹ ਘਟਨਾਵਾਂ ਉਦੋਂ ਦੀਆਂ ਹਨ ਜਦੋਂ ਅਕਬਰ ਮੀਡੀਆ ਸੰਸਥਾਵਾਂ ਵਿੱਚ ਕੰਮ ਕਰਦੇ ਸਨ। ਇਸ ਸਬੰਧੀ ਕਾਂਗਰਸ ਸਬੰਧੀ ਹੋਰ ਵਿਰੋਧੀ ਦਲਾਂ ਨੇ ਅਕਬਰ ਦੇ ਅਸਤੀਫੇ ਤੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਹਾਲਾਂਕਿ, ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਕਬਰ ਉੱਪਰ ਲੱਗੇ ਇਲਜ਼ਾਮਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਕਾਰਵਾਈ ਕਰਨ ਦੀ ਗੱਲ ਕਹਿ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਬਕਾ ਪੱਤਰਕਾਰ ਐਮਜੇ ਅਕਬਰ 2014 ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ਤੇ ਜੁਲਾਈ 2016 ਵਿੱਚ ਮੰਤਰੀ ਬਣੇ ਸਨ।