ਅੰਮ੍ਰਿਤਸਰ: ਪੰਜਾਬੀਆਂ ਲਈ ਹੁਣ ਭਾਰਤੀ ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਤੇ ਜੈੱਟ ਏਅਰਵੇਜ਼ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਨਵੀਆਂ ਉਡਾਣਾਂ ਦਾ ਤੋਹਫਾ ਲੈ ਕੇ ਆਈਆਂ ਹਨ।
ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਘੱਟ ਕਿਰਾਏ ਵਾਲੀਆਂ ਹਵਾਈ ਕੰਪਨੀਆਂ ਇੰਡੀਗੋ 15 ਸਤੰਬਰ ਨੂੰ ਰੋਜਾਨਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀ ਹੈਦਰਾਬਾਦ ਤੇ ਸਪਾਈਸ ਜੈਟ 6 ਨਵੰਬਰ ਤੋਂ ਬੈਂਕਾਕ ਤੇ ਗੋਆ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀਆਂ ਹਨ।
ਇਸੇ ਤਰ੍ਹਾਂ ਜੈਟ ਏਅਰਵੇਜ਼ ਵੀ 4 ਨਵੰਬਰ ਤੋਂ ਹਫਤੇ ਵਿੱਚ ਚਾਰ ਦਿਨ ਅੰਮ੍ਰਿਤਸਰ ਨੂੰ ਮੁੰਬਈ ਰਾਹੀਂ ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਨਾਲ ਜੋੜੇਗਾ। ਜੈੱਟ ਦੀ ਉਡਾਣ ਪਹਿਲਾਂ ਮੁੰਬਈ ਜਾਏਗੀ ਤੇ ਫਿਰ ਯਾਤਰੀ ਇੱਕ ਘੰਟੇ ਤੇ 40 ਮਿੰਟ ਬਾਅਦ ਮੈਨਚੈਸਟਰ ਲਈ ਉਡਾਣ ਭਰ ਸਕਣਗੇ। ਇਨ੍ਹਾਂ ਉਡਾਣਾਂ ਦੀ ਬੁਕਿੰਗ ਹਵਾਈ ਕੰਪਨੀ ਦੀਆਂ ਵੈੱਬਸਾਈਟ ਤੇ ਉਪਲੱਬਧ ਹੈ।
ਹੈਦਰਾਬਾਦ ਲਈ ਸਿੱਧੀ ਉਡਾਣ ਪੰਜਾਬ ਨੂੰ ਟੈਕਨਾਲੋਜੀ ਹੱਬ ਨਾਲ ਜਾਣੇ ਜਾਂਦੇ ਸ਼ਹਿਰ ਨਾਲ ਜੋੜੇਗੀ। ਇਹ ਸਫਰ ਹੁਣ ਸਿਰਫ ਪੌਣੇ ਤਿੰਨ ਘੰਟੇ ਦਾ ਰਹਿ ਜਾਵੇਗਾ। ਬੈਂਕਾਕ ਦਾ ਸਫਰ ਹੁਣ ਸਿਰਫ ਸਾਢੇ ਚਾਰ ਘੰਟਿਆ ਵਿੱਚ ਤੇ ਗੋਆ ਦਾ ਤਿੰਨ ਘੰਟਿਆ ਵਿੱਚ ਪੂਰਾ ਹੋ ਜਾਵੇਗਾ।