ਚੀਨ ‘ਚ ਹਾਂਗਕਾਂਗ ਦੀ ‘ਵੈਡਿੰਗ ਪਲੈਨਰ’ ਨਾਲ ਹੋਇਆ ਅਜੀਵ ਧੋਖਾ

0
359

ਹਾਂਗਕਾਂਗ – ਚੀਨ ਵਿਚ ਇਕ ਲੜਕੀ ਵਲੋਂ ਧੋਖੇ ਨਾਲ ਉਸ ਦਾ ਵਿਆਹ ਕਰਵਾਉਣ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਹਾਂਗਕਾਂਗ ਦੀ ਰਹਿਣ ਵਾਲੀ 21 ਸਾਲਾ ਲੜਕੀ ਨੇ ਦੱਸਿਆ ਕਿ ‘ਵੈਡਿੰਗ ਪਲੈਨਰ’ ਬਣਨ ਲਈ ਉਸ ਨੂੰ ਸਿਖਲਾਈ ਤਹਿਤ ਸਭ ਤੋਂ ਪਹਿਲਾਂ ਨਕਲੀ ਵਿਆਹ ‘ਚ ਸ਼ਾਮਿਲ ਹੋਣ ਲਈ ਕਿਹਾ ਗਿਆ, ਜਿਸ ‘ਚ ਉਸ ਨੂੰ ਲਾੜੀ ਦੀ ਭੂਮਿਕਾ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਸ ਦਾ ਸੱਚਮੁੱਚ ਵਿਆਹ ਕਰਵਾਇਆ ਜਾ ਰਿਹਾ ਹੈ | ਉਸ ਨੇ ਦੱਸਿਆ ਕਿ ਉਸ ਵਲੋਂ ‘ਮੇਕ ਅਪ ਆਰਟਿਸਟ’ ਵਜੋਂ ਅਰਜ਼ੀ ਦਿੱਤੀ ਗਈ ਸੀ, ਪਰ ਕੰਪਨੀ ਨੇ ਉਸ ਨੂੰ ‘ਵੈਡਿੰਗ ਪਲੈਨਰ’ ਬਣਨ ਲਈ ਰਾਜ਼ੀ ਕਰ ਲਿਆ ਤੇ ਦੱਸਿਆ ਕਿ ਇਸ ਤਰਾਂ ਉਹ ਵੱਧ ਕਮਾਈ ਕਰ ਸਕੇਗੀ | ਸਭ ਤੋਂ ਪਹਿਲਾਂ ਹਾਂਗਕਾਂਗ ਵਿਚ ਉਸ ਨੂੰ ਇਕ ਹਫ਼ਤੇ ਤੱਕ ਮੁਫ਼ਤ ਸਿਖਲਾਈ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਚੀਨ ਦੇ ਫੁਜ਼ਿਯਾਨ ਸੂਬੇ ‘ਚ ਭੇਜਿਆ ਗਿਆ, ਜਿੱਥੇ ਲਾੜੇ ਨਾਲ ਉਸ ਦੇ ਅਸਲੀ ਵਿਆਹ ਸਬੰਧੀ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਵਾ ਲਏ ਗਏ | ਲੜਕੀ ਨੂੰ ਹਾਂਗਕਾਂਗ ਜਾ ਕੇ ਇਸ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਹੁਣ ਉਹ ਕਾਨੂੰਨੀ ਮਦਦ ਲੈ ਰਹੀ ਹੈ | ਰਿਪੋਰਟ ਅਨੁਸਾਰ ਇਸ ਧੋਖਾਧੜੀ ਦਾ ਉਦੇਸ਼ ਹਾਂਗਕਾਂਗ ‘ਚ ਰਹਿਣ ਲਈ ਕਾਨੂੰਨੀ ਰਸਮਾਂ ਪੂਰੀਆਂ ਕਰਨੀਆਂ ਹਨ |