ਸੁਖਬੀਰ ਬਾਦਲ ਦਾ ਡੋਲਿਆ ਸਿੰਘਾਸਨ

0
442

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ‘ਨਿਆਣੀ ਮੱਤ’ ਪ੍ਰਧਾਨ ਦੇ ਫੈਸਲਿਆਂ ‘ਤੇ ਟਕਸਾਲੀ ਆਗੂਆਂ ਨੇ ਸਵਾਲ ਚੁੱਕੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਇੰਨੇ ਸੀਨੀਅਰ ਲੀਡਰਾਂ ਨੇ ਪਾਰਟੀ ਪ੍ਰਧਾਨ ਦੇ ਫੈਸਲੇ ‘ਤੇ ਉਂਗਲ ਚੁੱਕੀ ਹੋਵੇ। ਬੇਅਦਬੀ ਕਾਂਡਾਂ ਉੱਪਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਵਿੱਚ ਬਹਿਸ ਤੋਂ ਕਿਨਾਰਾ ਕਰਨ ਦੇ ਫੈਸਲੇ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਗ਼ਲਤ ਠਹਿਰਾ ਦਿੱਤਾ ਹੈ।

ਸੀਨੀਅਰ ਅਕਾਲੀ ਆਗੂਆਂ ਨੇ ਬੀਤੇ ਕੱਲ੍ਹ ਹੋਈ ਪਾਰਟੀ ਦੀ ਕੋਰ ਕਮੇਟੀ ਬੈਠਕ ਵਿੱਚ ਵੀ ਰਿਪੋਰਟ ‘ਤੇ ਬਹਿਸ ਦੌਰਾਨ ਵਾਕਆਊਟ ਕਰਨ ‘ਤੇ ਸਵਾਲ ਚੁੱਕੇ ਸਨ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਵੀ ਉਨ੍ਹਾਂ ਸਰਕਾਰ ‘ਤੇ ਵਾਰ ਕਰਨ ਤੋਂ ਇਲਾਵਾ ਪਾਰਟੀ ਦੀ ਵਿਗੜਦੀ ਸਾਖ਼ ‘ਤੇ ਵੀ ਚਿੰਤਾ ਜ਼ਾਹਰ ਕੀਤੀ। ਸੀਨੀਅਰ ਅਕਾਲੀ ਲੀਡਰ ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੇ ਕੱਲ੍ਹ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤੇ ਜਾਣ ਦੀ ਅਲੋਚਨਾ ਕੀਤੀ।

ਟਕਸਾਲੀ ਲੀਡਰਾਂ ਨੇ ਨੌਜਵਾਨ ਅਕਾਲੀਆਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸਹਾਇਤਾ ਨਾਲ ਕਾਂਗਰਸ ਨੂੰ ਪੰਥਕ ਬਣਨ ਤੇ ਅਕਾਲੀ ਦਲ ਨੂੰ ਐਂਟੀ ਪੰਥਕ ਵਜੋਂ ਪੇਸ਼ ਕੀਤੇ ਜਾਣ ਵਿੱਚ ਸਫਲਤਾ ਮਿਲਣ ਦੇ ਰਾਜ਼ ਨੂੰ ਵੀ ਸਮਝਾਇਆ। ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਤੋਤਾ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਾਰਟੀ ਨੂੰ ਵਿਧਾਨ ਸਭਾ ਵਿੱਚ 14 ਮਿੰਟਾਂ ਦਾ ਸਮਾਂ ਮਿਲਿਆ, ਜਿਸ ਤੋਂ ਅੱਕ ਕੇ ਉਹ ਵਾਕਆਊਟ ਕਰ ਗਏ ਪਰ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਪਾਰਟੀ ਵਿਧਾਇਕਾਂ ਨੂੰ ਸਦਨ ਵਿੱਚ ਰਹਿਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕਾਂ ਨੂੰ ਸਦਨ ਵਿੱਚ ਰੁਕ ਕੇ ਪਾਰਟੀ ਤੇ ਆਪਣੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨਿਆਂ ਤੋਂ ਬਚਾਉਣਾ ਚਾਹੀਦਾ ਸੀ। ਇੰਨਾ ਹੀ ਨਹੀਂ ਤੋਤਾ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸਦਨ ਵਿੱਚ ਹੀ ਰੁਕਣ ਸਬੰਧੀ ਮੈਸੇਜ ਵੀ ਭੇਜਿਆ ਸੀ ਪਰ ਉਹ ਬੇਅਸਰ ਰਿਹਾ।

ਉੱਧਰ, ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਬੈਠਕ ਵਿੱਚ ਸੀਨੀਅਰ ਲੀਡਰਾਂ ਦੇ ਸੁਝਾਵਾਂ ‘ਤੇ ਗ਼ੌਰ ਕੀਤੀ ਗਈ। ਹਾਲਾਂਕਿ, ਢੀਂਡਸਾ ਨੇ ਮੰਨਿਆ ਕਿ ਕਾਂਗਰਸ ਸਦਨ ਵਿੱਚ ਲੰਮੀ ਬਹਿਸ ਦੌਰਾਨ ਰਣਜੀਤ ਸਿੰਘ ਕਮਿਸ਼ਨ ਦੀ ਦੁਰਵਰਤੋਂ ਕਰਕੇ ਕਾਂਗਰਸ, ਅਕਾਲੀ ਦਲ ਨੂੰ ਪੰਥ ਵਿਰੋਧੀ ਸਾਬਤ ਕਰਨ ਵਿੱਚ ਕਾਮਯਾਬ ਹੋਈ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਟਕਸਾਲੀ ਆਗੂਆਂ ਨੇ ਪ੍ਰਧਾਨ ਸੁਖਬੀਰ ਬਾਦਲ ਤੇ ਮੋਹਰੀ ਬਿਕਰਮ ਮਜੀਠੀਆ ਦੀ ਕਾਰਜਸ਼ੈਲੀ ਵਿਰੁੱਧ ਸਵਾਲ ਚੁੱਕੇ ਹਨ। ਸਮੇਂ-ਸਮੇਂ ‘ਤੇ ਨੌਜਵਾਨ ਆਗੂਆਂ ਦੀਆਂ ਗਤੀਵਿਧੀਆਂ ਕਾਰਨ ਪੰਥਕ ਵੋਟ ਬੈਂਕ ਨੂੰ ਖੋਰਾ ਲੱਗਣ ਸਬੰਧੀ ਸੁਚੇਤ ਵੀ ਕੀਤਾ ਜਾਂਦਾ ਰਿਹਾ ਹੈ।

ਇਨ੍ਹਾਂ ਨੂੰ ਅਣਗੌਲਿਆਂ ਕਰਨ ਦਾ ਨਤੀਜਾ ਅਕਾਲੀ ਲੀਡਰਾਂ ਦਾ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਿਰੋਧ ਤੇ ਅਕਾਲੀਆਂ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਅਕਾਲੀਆਂ ਦੇ ਪੱਖ ਵਿੱਚ ਹੋਏ ਸਿਆਸੀ ਮਾਹੌਲ ਨੂੰ ਵਿਧਾਨ ਸਭਾ ਵਿੱਚ ਵਾਕਆਉਟ ਕਰਕੇ ਗੁਆਉਣ ਵਜੋਂ ਸਾਹਮਣੇ ਆਏ। ਇਸ ਵਾਰ ਸੀਨੀਅਰ ਆਗੂਆਂ ਦਾ ਇਸ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਸਾਫ਼ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੀ ਸਿਆਸਤ-ਸ਼ੈਲੀ ਨੂੰ ਇਨ੍ਹਾਂ ਯੂਥ ਅਕਾਲੀਆਂ ਨੇ ਗੰਭੀਰਤਾ ਨਹੀਂ ਲਿਆ, ਜਿਸ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਰਹੇ ਹਨ।