ਜਦੋ ‘ਬਾਬੇ’ ਨੂੰ ਯਾਦ ਆਇਆ ਰੱਬ

0
453

ਚੰਡੀਗੜ੍ਹ : ਇਥੇ ਸੈਕਟਰ-43 ਦੇ ਅੰਤਰਰਾਜੀ ਬੱਸ ਅੱਡੇ ਨੇੜੇ ਬੀਤੇ ਦਿਨ ਹੋਏ ਪੁਲੀਸ ਮੁਕਾਬਲੇ ਦੌਰਾਨ ਜਦੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਪੱਟ ਨੂੰ ਚੀਰਦੀ ਹੋਈ ਗੋਲੀ ਨਿਕਲੀ ਤਾਂ ‘ਬਾਬੇ’ ਨੂੰ ਰੱਬ ਯਾਦ ਆ ਗਿਆ।
ਸੂਤਰਾਂ ਅਨੁਸਾਰ ਇਸ ਖਿੱਤੇ ਵਿੱਚ ਆਪਣੀ ਦਹਿਸ਼ਤ ਪੈਦਾ ਕਰ ਚੁੱਕੇ ਦਿਲਪ੍ਰੀਤ ਨੂੰ ਜਦੋਂ ਕੱਲ੍ਹ ਪੁਲੀਸ ਨੇ ਗੋਲੀ ਮਾਰ ਕੇ ਕਾਬੂ ਕੀਤਾ ਸੀ ਤਾਂ ਪਲਾਂ ਵਿੱਚ ਹੀ ਉਸ ਦਾ ਰੋਹਬ ਢਹਿ-ਢੇਰੀ ਹੋ ਗਿਆ ਸੀ। ਉਹ ਰਹਿਮ ਦਾ ਪਾਤਰ ਬਣ ਗਿਆ ਸੀ। ਪੁਲੀਸ ਸੂਤਰਾਂ ਅਨੁਸਾਰ ਜਦੋਂ ਪੁਲੀਸ ਉਸ ਨੂੰ ਕਾਬੂ ਕਰ ਕੇ ਪੀਜੀਆਈ ਲਿਜਾ ਰਹੀ ਸੀ ਤਾਂ ਉਹ ਤਰਲੇ ਮਾਰ ਕੇ ਪੁਲੀਸ ਅਧਿਕਾਰੀਆਂ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਕੁਝ ਹੋ ਰਿਹਾ ਹੈ ਅਤੇ ਉਸ ਨੂੰ ਚੱਕਰ ਆ ਰਹੇ ਹਨ। ਉਸ ਨੂੰ ਪੀਜੀਆਈ ਲਿਜਾਣ ਵਾਲਿਆਂ ਵਿੱਚ ਸ਼ਾਮਲ ਜਲੰਧਰ ਦਿਹਾਤੀ ਪੁਲੀਸ ਦੇ ਸੀਆਈਏ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਕਮੀਜ਼ ਦਿਲਪ੍ਰੀਤ ਦੇ ਖੂਨ ਨਾਲ ਲਿਬੜੀ ਪਈ ਸੀ। ਜਦੋਂ ਦਿਲਪ੍ਰੀਤ ਪੀਜੀਆਈ ਜਾਣ ਤੋਂ ਪਹਿਲਾਂ ਘਬਰਾਹਟ ਵਿੱਚ ਦਿਲ ਛੱਡਦਾ ਜਾ ਰਿਹਾ ਸੀ ਤਾਂ ਫਿਰ ਇਕ ਇੰਸਪੈਕਟਰ ਨੇ ਗੁਰਬਾਣੀ ਦੀ ਤੁਕ ਬੋਲੀ ਅਤੇ ਦਿਲਪ੍ਰੀਤ ਨੂੰ ਵੀ ਉਸ ਦੇ ਨਾਲ ਬੋਲਣ ਲਈ ਕਿਹਾ। ਇਸ ਤੋਂ ਬਾਅਦ ਦਿਲਪ੍ਰੀਤ ਪੀਜੀਆਈ ਤਕ ਗੁਰਬਾਣੀ ਦੀ ਤੁਕ ਬੋਲਦਾ ਰਿਹਾ।
ਇਕ ਪੁਲੀਸ ਅਧਿਕਾਰੀ ਅਨੁਸਾਰ ਗੋਲੀ ਲੱਗਣ ਤੋਂ ਬਾਅਦ ਲਾਚਾਰ ਮਹਿਸੂਸ ਕਰ ਰਿਹਾ ਦਿਲਪ੍ਰੀਤ ਨਿਰੰਤਰ ਰੱਬ ਨੂੰ ਯਾਦ ਕਰ ਰਿਹਾ ਸੀ। ਉਸ ਦੇ ਪੱਟ ਵਿੱਚ ਲੱਗੀ ਗੋਲੀ ਆਰ-ਪਾਰ ਕਰ ਗਈ ਸੀ ਅਤੇ ਪੀਜੀਆਈ ਵਿੱਚ ਉਸ ਦੇ ਪੱਟ ਦਾ ਅਪਰੇਸ਼ਨ ਲੰਘੀ ਰਾਤ ਹੀ ਕਰ ਦਿੱਤਾ ਗਿਆ ਸੀ। ਸੈਕਟਰ-36 ਥਾਣੇ ਵਿੱਚ ਦਿਲਪ੍ਰੀਤ ਵਿਰੁੱਧ ਇਰਾਦਾ ਕਤਲ ( ਧਾਰਾ 307) ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਿਲਪ੍ਰੀਤ ਨੂੰ ਫੜਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਦੀ ਫੌਰਚੂਨਰ ਗੱਡੀ ਵੀ ਸੈਕਟਰ-36 ਥਾਣੇ ਦੀ ਪੁਲੀਸ ਨੇ ਆਪਣੇ ਕਬਜ਼ੇ ਹੇਠ ਲੈ ਕੇ ਉਸ ਨੂੰ ਕੇਸ ਪ੍ਰਾਪਰਟੀ ਬਣਾ ਲਿਆ ਹੈ।
ਪੁਲੀਸ ਨੂੰ ਦਿਲਪ੍ਰੀਤ ਦੀ ਕਾਰ ਵਿੱਚੋਂ ਇਕ ਵਿਸ਼ੇਸ਼ ਯੰਤਰ ਮਿਲਿਆ ਹੈ ਜਿਸ ਨਾਲ ਉਹ ਵਾਈਫਾਈ ਤੇ ਵਟਸ ਐਪ ਰਾਹੀਂ ਆਪਣੇ ਸਾਥੀਆਂ ਨਾਲ ਫੋਨ ’ਤੇ ਸੰਪਰਕ ਕਰਦਾ ਸੀ। ਪੁਲੀਸ ਇਸ ਯੰਤਰ ਦੀ ਘੋਖ ਕਰਨ ਵਿੱਚ ਲੱਗੀ ਹੋਈ ਹੈ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਸਵੇਰੇ ਦਿਲਪ੍ਰੀਤ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਪੁਲੀਸ ਦੀ ਟੀਮ ਨੂੰ ਥਾਪੜਾ ਦਿੱਤਾ।