ਫ਼ਰੀਦਕੋਟ :ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ‘ਤੇ ਬਿਜਲੀ ਚੋਰਾਂ ਉੱਪਰ ਕਥਿਤ ਤੌਰ ’ਤੇ ਸਖ਼ਤੀ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਇਸੇ ਕਰਕੇ ਗਰਮੀ ਵਿੱਚ ਪਾਵਰਕਾਰਪੋਰੇਸ਼ਨ ਦੀਆਂ ਫਲਾਇੰਗ ਟੀਮਾਂ ਨੇ ਇਲਾਕੇ ਵਿੱਚ ਕੋਈ ਛਾਪੇਮਾਰੀ ਨਹੀਂ ਕੀਤੀ ਅਤੇ ਰਸੂਖ ਵਾਲਿਆਂ ਨੇ ਬਿਜਲੀ ਦੀਆਂ ਸਪਲਾਈ ਲਾਈਨਾਂ ਵਿੱਚੋਂ ਸਿੱਧੀਆਂ ਕੁੰਡੀਆਂ ਲਾ ਕੇ ਪੂਰੀ ਗਰਮੀ ਬਿਨਾਂ ਬਿੱਲ ਭਰੇ ਏ.ਸੀ. ਦਾ ਆਨੰਦ ਮਾਣਿਆ ਹੈ। ਕੁੰਡੀਆਂ ਲਾ ਕੇ ਏ.ਸੀ. ਚਲਾਉਣ ਦਾ ਸਭ ਤੋਂ ਵੱਧ ਖਮਿਆਜ਼ਾ ਉਨ੍ਹਾਂ ਖਪਤਕਾਰਾਂ ਨੂੰ ਭੁਗਤਣਾ ਪਿਆ ਹੈ ਜੋ ਹਰ ਮਹੀਨੇ ਬਿਜਲੀ ਦੇ ਮੋਟੇ ਬਿੱਲ ਅਦਾ ਕਰਦੇ ਹਨ। ਕੁੰਡੀਆਂ ਕਾਰਨ ਟਰਾਂਸਫਾਰਮਰਾਂ ਦੇ ਸੜਨ ਦੇ ਇਕੱਲੇ ਫਰੀਦਕੋਟ ਸਬ-ਡਿਵੀਜ਼ਨ ਵਿੱਚ 200 ਮਾਮਲੇ ਦਰਜ ਹਨ ਅਤੇ ਇਹ ਸਾਰੇ ਟਰਾਂਸਫਾਰਮਰ ਓਵਰ ਲੋਡ ਕਰਕੇ ਸੜੇ ਹਨ।
ਦਿਲਚਸਪ ਤੱਥ ਇਹ ਹੈ ਕਿ ਜਨ੍ਹਿਾਂ ਘਰਾਂ ਵਿੱਚ ਚੋਰੀ ਦੀ ਬਿਜਲੀ ਨਾਲ ਏ.ਸੀ. ਚੱਲ ਰਹੇ ਹਨ, ਉਨ੍ਹਾਂ ਦਾ ਲੋਡ ਪਾਵਰਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਮਨਜ਼ੂਰ ਹੀ ਨਹੀਂ ਹੈ। ਪਿੰਡ ਅਰਾਈਆਂ ਵਾਲਾ ਵਿੱਚ ਇੱਕ ਕਾਂਗਰਸੀ ਆਗੂ ਨੇ ਮੇਨ ਸੜਕ ਤੋਂ ਲੰਘਦੀ ਬਿਜਲੀ ਦੀ ਸਪਲਾਈ ਵਿੱਚ ਸਿੱਧੀਆਂ ਕੁੰਡੀਆਂ ਲਾਈਆਂ ਹੋਈਆਂ ਹਨ ਪਰ ਇਹ ਕੁੰਡੀਆਂ ਪਿਛਲੇ ਚਾਰ ਮਹੀਨੇ ਤੋਂ ਪਾਵਰਕੌਮ ਨੂੰ ਨਹੀਂ ਦਿੱਸੀਆਂ।