ਬੀਜੇਪੀ ਨੇ ਕੀਤਾ ਟੌਪ

0
228

ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਘੱਟੋ-ਘੱਟ 16 ਸੰਸਦ ਮੈਂਬਰਾਂ ਤੇ ਵਿਧਾਇਕਾਂ ਖਿਲਾਫ ਅਗ਼ਵਾ ਕਰਨ ਵਰਗੇ ਅਪਰਾਧਕ ਮਾਮਲੇ ਦਰਜ ਹਨ। ਪੂਰੇ ਦੇਸ਼ ਵਿੱਚ ਕਿਸੇ ਵੀ ਸਿਆਸੀ ਦਲ ਉੱਪਰ ਬੀਜੇਪੀ ਦੇ ਲੀਡਰਾਂ ਤੋਂ ਵੱਧ ਮਾਮਲੇ ਦਰਜ ਹਨ । ਏਡੀਆਰ ਵੱਲੋਂ ਤਿਆਰ ਕੀਤੀ ਇਸ ਸੂਚੀ ਵਿੱਚ ਦੱਸਿਆ ਗਿਆ ਹੈ ਕਿ 770 ਸੰਸਦ ਮੈਂਬਰਾਂ ਤੇ 4,086 ਵਿਧਾਇਕਾਂ ਵੱਲੋਂ ਦਾਇਰ ਕੀਤੇ ਹਲਫ਼ਨਾਮਿਆਂ ਤੋਂ ਇਹ ਖੁਲਾਸਾ ਹੋਇਆ ਹੈ ਕਿ 1,024 ਯਾਨੀ ਦੇਸ਼ ਦੇ ਤਕਰੀਬਨ 21 ਫ਼ੀਸਦ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਉੱਪਰ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 64 ਨੇ ਆਪਣੇ ਵਿਰੁੱਧ ਅਗ਼ਵਾ ਵਰਗੇ ਸੰਗੀਨ ਜੁਰਮ ਦੇ ਕੇਸ ਚੱਲਦੇ ਹੋਣ ਦਾ ਐਲਾਨ ਵੀ ਕੀਤਾ ਹੈ। ਇਹ ਲੀਡਰ 17 ਵੱਖੋ-ਵੱਖ ਪਾਰਟੀਆਂ ਨਾਲ ਸਬੰਧ ਰੱਖਦੇ ਹਨ ਤੇ ਚਾਰ ਆਜ਼ਾਦ ਹਨ। ਇਨ੍ਹਾਂ ਸਾਰਿਆਂ ਵਿੱਚੋਂ ਬੀਜੇਪੀ ਨੇ ਟੌਪ ਕੀਤਾ ਹੈ।

ਬਾਕੀ ਪਾਰਟੀਆਂ ਦਾ ਸਥਾਨ-
ਭਾਜਪਾ ਤੋਂ ਬਾਅਦ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੂਜੇ ਸਥਾਨ ‘ਤੇ ਹਨ। ਦੋਵਾਂ ਦੇ ਛੇ-ਛੇ ਮੈਂਬਰ ਇਸ ਸੂਚੀ ਵਿੱਚ ਸ਼ਾਮਲ ਹਨ। ਏਡੀਆਰ ਮੁਤਾਬਕ, ਸੂਚੀ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕੰਪਾ) ਦੇ ਪੰਜ, ਬੀਜੂ ਜਨਤਾ ਦਲ (ਬੀਜਦ) ਤੇ ਦ੍ਰਮੁਕ ਦੇ ਚਾਰ-ਚਾਰ, ਸਮਾਜਵਾਦੀ ਪਾਰਟੀ (ਸਪਾ), ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਤਿੰਨ-ਤਿੰਨ, ਤ੍ਰਿਣਮੂਲ ਕਾਂਗਰਸ, ਮਾਕਪਾ ਤੇ ਸ਼ਿਵਸੇਨਾ ਦੇ ਦੋ-ਦੋ ਮੈਂਬਰ ਸ਼ਾਮਲ ਹਨ। ਨਾਲ ਹੀ ਇਸ ਸੂਚੀ ਵਿੱਚ ਲੋਕ ਜਨਸ਼ਕਤੀ ਪਾਰਟੀ (ਲੋਜਪਾ), ਜਨਤਾ ਦਲ ਯੂਨਾਈਟਿਡ (ਜਦ-ਯੂ), ਟੀਆਰਐਸ ਤੇ ਉੱਤਰ ਪ੍ਰਦੇਸ਼ ਦੀ ਨਿਸ਼ਾਦ ਪਾਰਟੀ ਦੇ ਇੱਕ-ਇੱਕ ਮੈਂਬਰ ਦਾ ਨਾਂ ਸ਼ਾਮਲ ਹੈ।