ਵਿਟਾਮਿਨ ਡੀ ਦੀ ਘਾਟ ਨਾਲ ਜੂਝ ਰਹੇ ਹਨ 90 ਫੀਸਦੀ ਭਾਰਤੀ

0
738

ਵਾਰਾਨਸੀ – ਭਾਰਤ ‘ਚ ਹੋਈ ਇਕ ਨਵੀਂ ਖੋਜ ਵਿਚ ਪਤਾ ਲੱਗਾ ਹੈ ਕਿ ਪਿਛਲੇ ਦੋ ਦਹਾਕੇ ਤੋਂ ਲਗਭਗ 90 ਫੀਸਦੀ ਭਾਰਤੀ ਵਿਟਾਮਿਨ ਡੀ ਦੀ ਕਮੀ ਨਾਲ ਜੂਝ ਰਹੇ ਹਨ। ਕਾਸ਼ੀ ਹਿੰਦੂ ਯੂਨੀਵਰਸਿਟੀ ‘ਚ ਆਯੋਜਿਤ ਇਕ ਸੈਸ਼ਨ ਦੌਰਾਨ ਨਵੀਂ ਦਿੱਲੀ ਸਥਿਤ ਏਮਜ਼ ਦੇ ਹੱਡੀ ਰੋਗ ਮਾਹਿਰ ਵਿਗਿਆਨੀ ਡਾ. ਵਿਵੇਕ ਦੀਕਸ਼ਤ ਨੇ ਇਹ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਸਾਡੇ ਸਰੀਰ ਵਿਚ ਕੈਲਸ਼ੀਅਮ ਜਮ੍ਹਾ ਰਹਿੰਦਾ ਹੈ ਪਰ ਵਿਟਾਮਿਨ ਡੀ ਦੇ ਭਰਪੂਰ ਮਾਤਰਾ ਵਿਚ ਨਾ ਮਿਲਣ ਕਾਰਨ ਕੈਲਸ਼ੀਅਮ ਪ੍ਰੋਸੈੱਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਵੇ ਵਿਚ ਇਹ ਸਾਹਮਣੇ ਆਇਆ ਹੈ ਕਿ ਖੇਤ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ, ਧੁੱਪ ਵਿਚ ਕੰਮ ਕਰਨ ਵਾਲੀਆਂ ਘਰੇਲੂ ਔਰਤਾਂ, ਇਥੋਂ ਤੱਕ ਕਿ ਨੀਮ ਸੁਰੱਖਿਆ ਫੋਰਸਾਂ ਵਿਚ ਵੀ ਵਿਟਾਮਿਨ ਡੀ ਦੀ ਘਾਟ ਹੈ। ਹਾਲਾਂਕਿ ਉਨ੍ਹਾਂ ਵਿਚ ਇਹ ਕਮੀਆਂ ਜੱਦੀ ਕਾਰਨਾਂ ਕਰਕੇ ਹੁੰਦੀਆਂ ਹਨ। ਹੋਰ ਵੱਡੇ ਕਾਰਨਾਂ ਵਿਚ ਉਨ੍ਹਾਂ ਨੇ ਖੁਰਾਕ ਪਦਾਰਥਾਂ ਨੂੰ ਅਤੇ ਪਹਿਰਾਵੇ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਵਿਟਾਮਿਨ ਡੀ ਦੀ ਸਰੀਰ ਵਿਚ ਪੂਰਤੀ ਲਈ 40 ਮਿੰਟ ਤੱਕ ਧੁੱਪ ਦੇ ਸੰਪਰਕ ਵਿਚ ਰਹਿਣਾ ਜ਼ਰੂਰੀ ਹੈ।
ਡਾ. ਦੀਕਸ਼ਤ ਨੇ ਕਿਹਾ ਕਿ ਸਰੀਰ ਵਿਚ ਵਿਟਾਮਿਨ ਡੀ. ਦੀ ਸਹੀ ਮਾਤਰਾ ਸ਼ੂਗਰ, ਵਾਲ ਝੜਨਾ, ਚਮੜੀ ਰੋਗ ਆਦਿ ਤੋਂ ਬਚਾਅ ਵਿਚ ਮਦਦਗਾਰ ਹੁੰਦੀ ਹੈ। ਨਾਲ ਹੀ ਵਿਟਾਮਿਨ ਡੀ ਮੈਟਾਬਾਲਿਜ਼ਮ ਸਬੰਧੀ ਦਵਾਈਆਂ ਨਾਲ ਹੋਣ ਵਾਲੀ ਵਿਟਾਮਿਨ ਡੀ ਦੀ ਕਮੀ ਨੂੰ ਵੀ ਕੰਟਰੋਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ‘ਤੇ ਵਿਟਾਮਿਨ ਡੀ ਦੇ ਪੱਧਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਨਵੀਂ ਖੋਜ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਵਿਚਾਲੇ ਧੁੱਪ ਦੇ ਸੰਪਰਕ ਵਿਚ ਰਹਿਣ ਨਾਲ ਵਿਟਾਮਿਨ ਡੀ ਨਹੀਂ ਮਿਲਦਾ। ਇਸ ਲਈ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਦਾ ਸਮਾਂ ਸਹੀ ਹੈ।