ਪੁਣੇ (ਪੀ. ਟੀ. ਆਈ.)-ਅਧਿਆਤਮਕ ਨੇਤਾ ਤੇ ‘ਸਾਧੂ ਵਾਸਵਾਨੀ ਮਿਸ਼ਨ’ ਦੇ ਮੁਖੀ ਦਾਦਾ ਜੇ. ਪੀ. ਵਾਸਵਾਨੀ ਦਾ ਵਡੇਰੀ ਉਮਰ ਕਾਰਨ ਦਿਹਾਂਤ ਹੋ ਗਿਆ | ਮਿਸ਼ਨ ਦੇ ਇਕ ਮੈਂਬਰ ਨੇ ਦੱਸਿਆ ਕਿ ਉਹ 99 ਵਰਿ੍ਹਆਂ ਦੇ ਸਨ | ਉਹ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਸਨ ਤੇ ਬੀਤੀ ਰਾਤ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ | ਵਾਸਵਾਨੀ ਨੇ ਸਵੇਰ ਵੇਲੇ ਮਿਸ਼ਨ ਦੇ ਅਹਾਤੇ ਅੰਦਰ ਆਖਰੀ ਸਾਹ ਲਿਆ | ਦੱੱਸਣਯੋਗ ਹੈ ਕਿ ਉਨ੍ਹਾਂ ਦਾ ਜਨਮ 2 ਅਗਸਤ, 1918 ਨੂੰ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ‘ਚ ਸਿੰਧੀ ਪਰਿਵਾਰ ਦੇ ਘਰ ਹੋਇਆ ਸੀ | ਮਿਸ਼ਨ ਅਗਲੇ ਮਹੀਨੇ ਉਨ੍ਹਾਂ ਦੇ 100ਵੇਂ ਜਨਮ ਦਿਨ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ | ਦਾਦਾ ਵਾਸਵਾਨੀ ਪੁਣੇ ਦੀ ਇਕ ਗੈਰ-ਮੁਨਾਫ਼ਾ ਸੰਸਥਾ ‘ਸਾਧੂ ਵਾਸਵਾਨੀ ਮਿਸ਼ਨ’ ਦੇ ਮੁਖੀ ਸਨ ਜੋ ਕਿ ਸਮਾਜ ਸੇਵਾ ਤੇ ਦਾਨ-ਪੁੰਨ ਦੇ ਕੰਮਾਂ ਕਰਕੇ ਜਾਣੀ ਜਾਂਦੀ ਹੈ | ਇਹ ਸੰਸਥਾ ਸ਼ਹਿਰ ‘ਚ ਵਿਦਿਅਕ ਸੰਸਥਾਵਾਂ ਤੇ ਹਸਪਤਾਲ ਵੀ ਚਲਾਉਂਦੀ ਹੈ |
ਪਿਛਲੇ ਸਾਲ ਵਾਸਵਾਨੀ ਦੇ 99ਵੇਂ ਜਨਮ ਦਿਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ ਸੀ |
ਯਾਦ ਰਹੇ ਉਹਨਾਂ ਨੂੰ ਮੰਨਣ ਵਾਲੇ ਹਾਂਗਕਾਂਗ ਵਿਚ ਵੀ ਬਹੁਤ ਸਾਰੇ ਲੋਕੀ ਹਨ। ਉਹ ਕਈ ਵਾਰ ਹਾਂਗਕਾਂਗ ਵਿਚ ਵੀ ਆ ਕੇ ਪਰਵਚਨ ਕਰ ਚੁੱਕੇ ਹਨ।