ਚੰਡੀਗੜ੍ਹ: ਪੰਜਾਬ ਵਿੱਚ ਨਿੱਤ ਦਿਨ ਹੋ ਰਹੀਆਂ ਮੌਤਾਂ ਕਾਰਨ ਨਸ਼ੇ ਬੁੱਧੀਜੀਵੀਆਂ ਨੇ ਨਸ਼ੇ ਵਿਰੁੱਧ ਮੁਹਿੰਮ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇਸ ਮੁਹਿੰਮ ਨੂੰ ਮਰੋ ਜਾਂ ਵਿਰੋਧ ਕਰੋ ਅਤੇ ਚਿੱਟੇ ਵਿਰੁੱਧ ਮੇਰਾ ਕਾਲ਼ਾ ਹਫ਼ਤਾ ਦੇ ਨਾਂਅ ਹੇਠ ਪ੍ਰਚਾਰਿਆ ਜਾ ਰਿਹਾ ਹੈ। ਉੱਘੇ ਅਰਥਸ਼ਾਸਤਰੀ ਤੇ ਖੇਤੀ ਮਾਹਰ ਸਰਦਾਰਾ ਸਿੰਘ ਜੌਹਲ, ਨਾਟਕਕਾਰ ਪਾਲੀ ਭੁਪਿੰਦਰ ਤੇ ਸਮਾਜਕ ਕਾਰਕੁੰਨ ਤੇ ਪੱਤਰਕਾਰ ਬਲਤੇਜ ਪੰਨੂ ਦੇ ਨਾਲ-ਨਾਲ ਨਸ਼ੇ ਕਾਰਨ ਆਪਣਾ ਪੁੱਤ ਗਵਾਉਣ ਵਾਲੀ ਮਾਂ ਕਸ਼ਮੀਰ ਕੌਰ ਨੇ ਲੋਕਾਂ ਨੂੰ ਨਸ਼ਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਕੋਟਕਪੂਰਾ ਦੀ ਮਾਂ ਕਸ਼ਮੀਰ ਕੌਰ ਨੇ ਕਿਹਾ ਮੇਰੇ ਪੁੱਤ ਤਾਂ ਚਿੱਟੇ ਨੇ ਖਾ ਲਿਆ ਸਰਕਾਰ ਹੋਰਾਂ ਦੇ ਪੁੱਤ ਬਚਾ ਲਵੇ, ਮੇਰਾ ਪੁੱਤ ਚਿੱਟੇ ਨੇ ਮਾਰਿਆ। ਆਪਣੇ 22 ਸਾਲਾ ਪੁੱਤ ਦੀ ਲਾਸ਼ ਤੇ ਮਾਂ ਕਸ਼ਮੀਰ ਕੌਰ ਦਾ ਧਾਹਾਂ ਮਾਰਦੀ ਦਾ ਵੀਡੀਓ Viral ਹੋਇਆ ਸੀ। ਕਸ਼ਮੀਰ ਕੌਰ ਦੇ ਪੁੱਤਰ ਦੀ ਨਸ਼ਾ ਲੈਂਦੇ ਹੋਏ ਦੀ ਮੌਤ ਹੋ ਗਈ ਸੀ, ਉਸ ਦੀ ਬਾਂਹ ਵਿੱਚੋਂ ਸਰਿੰਜ ਵੀ ਮਿਲੀ ਸੀ। ਉਨ੍ਹਾਂ ਸਰਕਾਰ ਨਾਲ ਗਿਲਾ ਕਰਦਿਆਂ ਕਿਹਾ ਕਿ ਅਸੀਂ ਗਰੀਬ ਹਾਂ, ਮੇਰਾ ਪੁੱਤ ਚਲਾ ਗਿਆ ਕੈਪਟਨ ਨੇ ਮੇਰੀ ਸਲਾਹ ਨਹੀਂ ਲਈ।
ਪੰਜਾਬ ਦੇ ਉੱਘੇ ਅਰਥਸ਼ਾਸਤਰੀ ਸਰਦਾਰ ਸਿੰਘ ਜੌਹਲ ਵੀ ਨਸ਼ੇ ਖ਼ਿਲਾਫ਼ ‘ਮਰੋ ਜਾਂ ਵਿਰੋਧ ਕਰੋ’ ਮੁਹਿੰਮ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਨੇ ਨਸ਼ਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਕੈਪਟਨ ਮੇਰੇ ਤੋਂ ਚੋਣਾਂ ਤੋਂ ਪਹਿਲਾਂ ਸਲਾਹਾਂ ਲੈਂਦੇ ਸੀ ਪਰ ਹੁਣ ਕਦੇ ਨਹੀਂ ਬੁਲਾਇਆ। ਓਦੋਂ ਵੀ ਮੈਂ ਉਨ੍ਹਾਂ ਨੂੰ 25 ਪੇਜ਼ਾਂ ਦਾ ਪੰਜਾਬ ਬਚਾਉਣ ਲਈ ਪਲਾਨ ਦਿਤਾ ਸੀ। ਜੌਹਲ ਨੇ ਕਿਹਾ ਲੀਡਰ ਵਿਰੋਧ ਧਿਰ ਵਿੱਚ ਹੋਰ ਹੁੰਦੇ ਹਨ ਤੇ ਸੱਤਾ ਦੀ ਕੁਰਸੀ ‘ਤੇ ਬਹਿ ਕੇ ਬਦਲ ਜਾਂਦੇ ਹਨ।
ਨਾਟਕਕਾਰ ਪਾਲੀ ਭੂਪਿੰਦਰ ਤੇ ਸਮਾਜਿਕ ਕਾਰਕੁੰਨ ਬਲਤੇਜ ਪਨੂੰ ਨੇ ਕਿਹਾ ਅਸੀਂ ਇਸ ਲਹਿਰ ਨੂੰ ਪੰਜਾਬ ਦੇ ਘਰ ਘਰ ਤਕ ਲਿਜਾਵਾਂਗੇ। ਸੋਸ਼ਲ ਮੀਡੀਆ ਨੂੰ ਸਿਰਫ ਟੂਲ ਦੇ ਤੌਰ ‘ਤੇ ਵਰਤ ਰਹੇ ਹਾਂ। ਉਨ੍ਹਾਂ ਕਿਹਾ ਅਸੀਂ ਸਰਕਾਰ ਤੇ ਲੋਕਾਂ ਨੂੰ ਜਗਾਉਣ ਲਈ ਮੁਹਿੰਮ ਵਿੱਢੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਇਸ ਮੁਹਿੰਮ ਨਾਲ ਵੱਡੇ ਪੱਧਰ ‘ਤੇ ਜੁੜ ਰਹੇ ਹਨ।