ਨਵੀਂ ਦਿੱਲੀ— ਹੁਣ ਮੋਬਾਇਲ ਸਿਮ ਲੈਣ ਲਈ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਨੇ ਕੰਪਨੀਆਂ ਨੂੰ ਹੁਕਮ ਜਾਰੀ ਕਰਕੇ ਪਛਾਣ ਦੇ ਤੌਰ ‘ਤੇ ਹੋਰ ਸਬੂਤ ਜਿਵੇਂ ਕਿ ਡਰਾਈਵਿੰਗ ਲਾਈਸੈਂਸ, ਪਾਸਪੋਰਟ ਅਤੇ ਵੋਟਰ ਪਛਾਣ ਕਾਰਡ ਨੂੰ ਵੀ ਸਵੀਕਾਰ ਕਰਨ ਲਈ ਕਿਹਾ ਹੈ। ਰਿਪੋਰਟਸ ਮੁਤਾਬਕ, ਮੋਬਾਇਲ ਕੰਪਨੀਆਂ ਨੂੰ ਤੁਰੰਤ ਪ੍ਰਭਾਵ ਨਾਲ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ, ਤਾਂ ਕਿ ਗਾਹਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨ ਪਵੇ। ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਸਿਮ ਖਰੀਦਣ ਵਾਲੇ ਗਾਹਕਾਂ ਦੀ ਪਛਾਣ ਲਈ ਜ਼ਰੂਰੀ ਨਹੀਂ ਕਿ ਕੰਪਨੀਆਂ ਆਧਾਰ ਕਾਰਡ ਹੀ ਲੈਣ, ਇਸ ਦੀ ਜਗ੍ਹਾ ਹੋਰ ਦਸਤਾਵੇਜ਼ ਲਏ ਜਾ ਸਕਦੇ ਹਨ। ਦੂਰਸੰਚਾਰ ਸਕੱਤਰ ਸੁੰਦਰਾਜਨ ਨੇ ਕਿਹਾ ਕਿ ਸਰਕਾਰ ਨੇ ਮੋਬਾਇਲ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਹੁਕਮਾਂ ਦੀ ਤਰੁੰਤ ਪਾਲਣਾ ਕਰਨ।
ਸੁੰਦਰਾਜਨ ਨੇ ਕਿਹਾ ਕਿ ਮੰਤਰਾਲੇ ਵੱਲੋਂ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਕਿਸੇ ਵਿਅਕਤੀ ਕੋਲ ਆਧਾਰ ਕਾਰਡ ਨਾ ਹੋਣ ਦੀ ਸਥਿਤੀ ‘ਚ ਉਸ ਨੂੰ ਸਿਮ ਦੇਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਮੋਬਾਇਲ ਸਿਮ ਲਈ ਆਧਾਰ ਜ਼ਰੂਰੀ ਹੋਣ ਨਾਲ ਨਾ ਸਿਰਫ ਸਥਾਨਕ ਨਿਵਾਸੀ ਪ੍ਰਭਾਵਿਤ ਹੋਏ ਹਨ ਸਗੋਂ ਐੱਨ. ਆਰ. ਆਈ. ਅਤੇ ਦੇਸ਼ ‘ਚ ਆਉਣ ਵਾਲੇ ਵਿਦੇਸ਼ੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਕੋਲ ਆਧਾਰ ਕਾਰਡ ਨਹੀਂ ਹੁੰਦੇ ਹਨ। ਮੋਬਾਇਲ ਕੰਪਨੀਆਂ ਦੇ ਰਿਟੇਲਰ ਨੇ ਅਜਿਹੇ ਲੋਕਾਂ ਨੂੰ ਸਿਮ ਕਾਰਡ ਵੇਚਣਾ ਬੰਦ ਕਰ ਦਿੱਤਾ ਸੀ।