ਰੂਪਨਗਰ -ਹਾਲ ਹੀ ‘ਚ ਸਬ ਡਵੀਜ਼ਨ ਨੰਗਲ ਵਿਖੇ ਖੁੱਲ੍ਹੀ ਗ੍ਰਾਮ ਨਿਆਲਿਆ (ਅਦਾਲਤ) ਦੇ ਨਿਆਂ ਅਧਿਕਾਰੀ ਸਚਲ ਬੱਬਰ ਨੇ ਅੱਜ ਇਕ ਵਕੀਲ ਵਲੋਂ ਦਾਖਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰੁਚਾਉਣ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਪੰਜਾਬੀ ਦੀ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਮਿਸ ਪੂਜਾ ਉਰਫ਼ ਗੁਰਿੰਦਰ ਕੌਰ ਕੈਂਥ ਸਮੇਤ ਅਦਾਕਾਰ ਹਰੀਸ਼ ਵਰਮਾ, ਡਾਇਰੈਕਟਰ ਪੁਨੀਤ ਸਿੰਘ ਬੇਦੀ, ਸਪੀਡ ਰਿਕਾਰਡਜ਼ ਕੰਪਨੀ ਦੇ ਡਾਇਰੈਕਟਰ ਬਲਵਿੰਦਰ ਸਿੰਘ ਉੱਤੇ ਪਿਛਲੇ ਦਿਨੀਂ ਜਾਰੀ ਕੀਤੇ ਗੀਤ ‘ਜੀਜੂ’ ਦੇ ਫ਼ਿਲਮਾਂਕਣ ‘ਚ ਯਮਰਾਜ ਨੂੰ ਨਸ਼ੇ ‘ਚ ਧੁੱਤ ਦਿਖਾਉਣ ਅਤੇ ਸ਼ਰਾਬ ਪੀਂਦਾ ਦਿਖਾਉਣ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਐਸ.ਐਚ.ਓ. ਥਾਣਾ ਨੰਗਲ ਨੂੰ ਧਾਰਾਵਾਂ 295ਏ, 499 ਅਤੇ 500 ਆਈ.ਪੀ.ਸੀ. ਤਹਿਤ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਵਕੀਲ ਸੰਦੀਪ ਕੌਸ਼ਲ ਨੇ ਅਦਾਲਤ ਨੂੰ ਅਰਜ਼ੀ ਦਾਖਲ ਕਰਕੇ ਉਕਤ ਕਲਾਕਾਰਾਂ ਅਤੇ ਹੋਰਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਜੋਂ ਕਾਰਵਾਈ ਕਰਨ ਦੀ ਮੰਗ ਕੀਤੀ ਸੀ |