ਜੈਪੁਰ —120 ਕਰੋੜ ਰੁਪਏ ਦੇ ਹਾਦਸਾਗ੍ਰਸਤ ਅਗਸਤਾ ਹੈਲੀਕਾਪਟਰ ਨੂੰ ਸਰਕਾਰ ਦੇ ਕਈ ਯਤਨਾਂ ਤੋਂ ਬਾਅਦ ਕੋਈ ਕਬਾੜ ‘ਚ ਵੀ ਖਰੀਦਣ ਨੂੰ ਤਿਆਰ ਨਹੀਂ ਹੈ। ਹੁਣ ਮੁੱਖ ਸਕੱਤਰ ਦੇ ਪੱਧਰ ‘ਤੇ ਬਣੀ ਕਮੇਟੀ ਹੀ ਤੈਅ ਕਰੇਗੀ ਕਿ ਅਗਸਤਾ ਹੈਲੀਕਾਪਟਰ ਦਾ ਕੀ ਕਰਨਾ ਹੈ। ਉਥੇ ਹੀ ਅਗਸਤਾ ਦੀ ਨਿਲਾਮੀ ਮੌਜੂਦਾ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕੀ ਹੈ ਅਤੇ ਹੁਣ ਸਰਕਾਰ ਸਟੇਟ ਹੈਂਗਰ ‘ਤੇ ਖੜ੍ਹੇ ਅਗਸਤਾ ਦੇ ਰੱਖ-ਰਖਾਅ ‘ਤੇ ਕਾਫੀ ਪੈਸਾ ਖਰਚ ਕਰ ਰਹੀ ਹੈ।
ਅਸਲ ਵਿਚ ਸਟੇਟ ਹੈਂਗਰ ‘ਤੇ 2011 ਤੋਂ ਹਾਦਸਾਗ੍ਰਸਤ ਹਾਲਤ ਵਿਚ ਖੜ੍ਹੇ ਅਗਸਤਾ ਹੈਲੀਕਾਪਟਰ ਨੂੰ 12 ਕਰੋੜ ਰੁਪਏ ਦੀ ਖੁੱਲ੍ਹੀ ਨਿਲਾਮੀ ਵਿਚ ਸਾਲ 2015 ‘ਚ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਖੁੱਲ੍ਹੀ ਨਿਲਾਮੀ ਵਿਚ ਵੀ ਅਗਸਤਾ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਹੋਇਆ। ਆਖਿਰ ਜਦੋਂ ਖੁੱਲ੍ਹੀ ਨਿਲਾਮੀ ਵਿਚ ਨਹੀਂ ਵਿਕਿਆ ਤਾਂ ਸਰਕਾਰ ਨੇ ਇਕ ਸਾਲ ਪਹਿਲਾਂ ਇਸ ਹੈਲੀਕਾਪਟਰ ਨੂੰ ਕਬਾੜ ਵਿਚ ਵੇਚਣ ਦਾ ਫੈਸਲਾ ਕੀਤਾ। ਕਬਾੜ ਵਿਚ ਵੇਚਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਕੰਪਨੀ ਮੈਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ ਨੂੰ ਦਿੱਤੀ ਗਈ ਸੀ। ਸਿਵਲ ਐਵੀਏਸ਼ਨ ਵਿਭਾਗ ਨੂੰ ਕੰਪਨੀ ਨੇ ਚਿੱਠੀ ਲਿਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਕੰਪਨੀ ਇਸ ਹੈਲੀਕਾਪਟਰ ਨੂੰ ਕਬਾੜ ਵਿਚ ਵੀ ਨਹੀਂ ਵੇਚ ਸਕਦੀ ਕਿਉਂਕਿ ਟੈਂਡਰ ਕਰਨ ‘ਤੇ ਵੀ ਇਸ ਨੂੰ ਕਬਾੜ ‘ਚ ਖਰੀਦਣ ਲਈ ਕੋਈ ਕੰਪਨੀ ਤਿਆਰ ਨਹੀਂ ਹੋਈ। ਕੰਪਨੀ ਵਲੋਂ ਚਿੱਠੀ ਲਿਖਣ ਤੋਂ ਬਾਅਦ ਹੁਣ ਸਿਵਲ ਐਵੀਏਸ਼ਨ ਵਿਭਾਗ ਨੇ ਮੁੱਖ ਸਕੱਤਰ ਦੀ ਪ੍ਰਧਾਨਗੀ ‘ਚ ਬਣੀ ਕਮੇਟੀ ਨੂੰ ਚਿੱਠੀ ਲਿਖੀ ਹੈ। ਹੁਣ ਕਮੇਟੀ ਛੇਤੀ ਹੀ ਬੈਠਕ ਕਰ ਕੇ ਇਹ ਤੈਅ ਕਰੇਗੀ ਕਿ ਇਸ ਦਾ ਕੀ ਕਰਨਾ ਹੈ।