ਤਲਵੰਡੀ ਸਾਬੋ : ਚੋਣ ਕਮਿਸ਼ਨ ਵਲੋਂ ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕ ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2017 ‘ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਇਹ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਨਵੰਬਰ, 2017 ‘ਚ ਐੱਸ. ਡੀ. ਐੱਮ. ਤਲਵੰਡੀ ਸਾਬੋ ਨੇ ਦੋਹਰੀ ਵੋਟ ਬਣਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਹਰਮਿਲਾਪ ਗਰੇਵਾਲ ਨੇ ਐੱਸ. ਡੀ. ਐੱਮ. ਕੋਲ ਸ਼ਿਕਾਇਤ ਦਰਜ ਕਰਾਈ ਸੀ ਕਿ ਪ੍ਰੋ. ਬਲਜਿੰਦਰ ਕੌਰ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ 2 ਵੋਟਾਂ ਬਣਾ ਲਈਆਂ ਹਨ। ਹਰਮਿਲਾਪ ਨੇ ਦੱਸਿਆ ਕਿ ਬਲਜਿੰਦਰ ਕੌਰ ਵਾਸੀ ਜੱਗਾ ਰਾਮ ਤੀਰਥ ਨੂੰ ਉਸ ਦੇ ਪਿੰਡ ਦੇ ਹੀ ਅਮਰਜੀਤ ਸਿੰਘ ਪੁੱਤਰ ਸੋਹਣ ਸਿੰਘ ਨੇ ਸਾਲ 1997 ‘ਚ ਗੋਦ ਲਿਆ ਸੀ, ਜਿਸ ਦਾ ਬਕਾਇਦਾ ਗੋਦਨਾਮਾ ਰਜਿਸਟਰਡ ਹੋਇਆ ਹੈ। ਉਸ ਨੇ ਦੱਸਿਆ ਕਿ ਰਾਸ਼ਨ ਕਾਰਡ ‘ਚ ਵੀ ਪ੍ਰੋ. ਬਲਜਿੰਦਰ ਕੌਰ ਦਾ ਨਾਂ ਅਮਰੀਜਤ ਸਿੰਘ ਦੀ ਪੁੱਤਰੀ ਦੇ ਤੌਰ ‘ਤੇ ਦਰਜ ਹੈ ਪਰ ਸਾਲ 2012 ‘ਚ ਬਲਜਿੰਦਰ ਕੌਰ ਨੇ ਇਕ ਵੋਟ ਹੋਰ ਬਣਵਾ ਲਈ, ਜਿਸ ‘ਚ ਪਿਤਾ ਦਾ ਨਾਂ ਦਰਸ਼ਨ ਸਿੰਘ ਲਿਖਵਾਇਆ। ਹਰਮਿਲਾਪ ਨੇ ਦੱਸਿਆ ਕਿ ਚੋਣ ਅਧਿਕਾਰੀਆਂ ਨਾਲ ਮਿਲ ਕੇ ਬਲਜਿੰਦਰ ਕੌਰ ਨੇ ਇਕ ਵੋਟ ਕਟਵਾ ਦਿੱਤੀ, ਜਦੋਂ ਕਿ ਵੋਟ ਕੱਠਣ ਲਈ ਕੋਈ ਕਾਗਜ਼ੀ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਸਬੰਧੀ ਹੁਣ ਚੋਣ ਕਮਿਸ਼ਨ ਨੇ ਬਲਜਿੰਦਰ ਕੌਰ ਨੂੰ ਦੋਸ਼ੀ ਠਹਿਰਾਇਆ ਹੈ।