ਨਵੀਂ ਦਿੱਲੀ—ਯੋਗ ਗੁਰੂ ਤੋਂ ਕਾਰੋਬਾਰੀ ਬਣੇ ਰਾਮਦੇਵ ਦੀ ਕੰਪਨੀ ਪਤੰਜਲੀ ਸਾਲ 2016-17 ‘ਚ 105.61 ਅਰਬ ਰੁਪਏ ਦੇ ਦਮਦਾਰ ਮਾਲੀਏ ਦੇ ਨਾਲ ਦੇਸ਼ ਦੀਆਂ ਮੋਹਰੀ ਖਪਤਕਾਰ ਵਸਤੂ ਕੰਪਨੀਆਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ। ਪਿਛਲੇ 5 ਸਾਲਾਂ ਦੌਰਾਨ ਕੰਪਨੀ ਦੇ ਮਾਲੀਏ ‘ਚ 20 ਗੁਣਾ ਤੋਂ ਵੀ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਮਿਆਦ ‘ਚ ਕੰਪਨੀ ਨੇ ਭਾਰਤ ਦੀ ਪੁਰਾਤਨ ਇਲਾਜ ਪ੍ਰਣਾਲੀ ਆਯੁਰਵੇਦ ‘ਤੇ ਆਧਾਰਿਤ ਖਪਤਕਾਰ ਵਸਤਾਂ ਨੂੰ ਬਾਜ਼ਾਰ ‘ਚ ਲੋਕਪ੍ਰਿਯਤਾ ਦਿਵਾਈ। ਪਤੰਜਲੀ ਨੇ ਵਿੱਤੀ ਸਾਲ 2017-18 ਲਈ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਅਜੇ ਨਹੀਂ ਕੀਤਾ ਹੈ। ਸਾਰੀਆਂ ਖਪਤਕਾਰ ਚੀਜ਼ ਕੰਪਨੀਆਂ ਦੇ ਮਾਲੀਏ ‘ਚ ਪਿਛਲੇ 5 ਸਾਲਾਂ ਦੌਰਾਨ 8 ਤੋਂ 12 ਫ਼ੀਸਦੀ ਦੇ ਘੇਰੇ ‘ਚ ਵਾਧਾ ਹੋਇਆ।
ਕਈ ਕੰਪਨੀਆਂ ਪਤੰਜਲੀ ਦੀ ਰਣਨੀਤੀ ਨੂੰ ਸਮਝਣ ਅਤੇ ਇਸ ਨਾਲ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਸ਼ੁਰੂਆਤੀ ਤੇਜ਼ੀ ਤੋਂ ਬਾਅਦ ਹੁਣ ਸਵਾਲ ਇਹ ਉਠ ਰਿਹਾ ਹੈ ਕਿ ਪਤੰਜਲੀ ਦਾ ਪ੍ਰਦਰਸ਼ਨ ਹੁਣ ਕਿਵੇਂ ਹੈ ਅਤੇ ਪਿਛਲੀਆਂ ਕੁਝ ਤਿਮਾਹੀਆਂ ਦੌਰਾਨ ਮੁਕਾਬਲੇਬਾਜ਼ਾਂ ਨੂੰ ਉਸ ਨਾਲ ਮੁਕਾਬਲੇ ‘ਚ ਕਿੰਨੀ ਸਫਲਤਾ ਮਿਲੀ। ਪਤੰਜਲੀ ਨਾਲ ਸਿੱਧੇ ਤੌਰ ‘ਤੇ ਮੁਕਾਬਲਾ ਕਰਨ ਵਾਲੀਆਂ ਕੰਪਨੀਆਂ ਦੇ ਦਸੰਬਰ ਤਿਮਾਹੀ ਦੇ ਅੰਕੜਿਆਂ ਤੋਂ ਇਸ ਸਵਾਲ ਦਾ ਜਵਾਬ ਮਿਲਦਾ ਹੈ।
ਐੱਚ. ਯੂ. ਐੱਲ. ਦੀ ਵਿਕਰੀ ‘ਚ ਤੀਜੀ ਤਿਮਾਹੀ ਦੌਰਾਨ 11 ਫ਼ੀਸਦੀ ਦਾ ਵਾਧਾ
ਹਿੰਦੁਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਦੀ ਵਿਕਰੀ ‘ਚ ਤੀਜੀ ਤਿਮਾਹੀ ਦੌਰਾਨ 11 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਐੱਚ. ਯੂ. ਐੱਲ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਅਫ਼ਸਰ ਸੰਜੀਵ ਮਹਿਤਾ ਨੇ ਕਿਹਾ ਕਿ ਪਤੰਜਲੀ ਦੇ ਨਾਲ ਸਿੱਧੇ ਤੌਰ ‘ਤੇ ਮੁਕਾਬਲੇ ਵਾਲੀ ਸ਼੍ਰੇਣੀ ਪਰਸਨਲ ਕੇਅਰ ‘ਚ ਐੱਚ. ਯੂ. ਐੱਲ. ਨੇ ਸਾਬਣ, ਚਮੜੀ ਦੀ ਦੇਖਭਾਲ, ਵਾਲਾਂ ਦੀ ਦੇਖਭਾਲ ਅਤੇ ਟੁੱਥਪੇਸਟ ਵਰਗੀਆਂ ਸ਼੍ਰੇਣੀਆਂ ‘ਚ ਦਮਦਾਰ ਵਾਧਾ ਦਰਜ ਕੀਤਾ ਹੈ। ਇਸ ਨੂੰ ਨਾ ਸਿਰਫ ਘੱਟ ਜੀ. ਐੱਸ. ਟੀ. ਦੇ ਕਾਰਨ ਮੁੱਲ ‘ਚ ਕਟੌਤੀ ਦਾ ਫਾਇਦਾ ਮਿਲਿਆ, ਸਗੋਂ ਨੈਚੁਰਲਸ ਸ਼੍ਰੇਣੀ ‘ਚ ਉਤਪਾਦਾਂ ਦੇ ਹਮਲਾਵਰ ਲਾਂਚ ਨਾਲ ਵੀ ਮਦਦ ਮਿਲੀ।
ਆਯੂਸ਼ ਵਰਗੇ ਬਰਾਂਡਾਂ ਨਾਲ ਕੰਪਨੀ ਦੇ ਵਾਧੇ ਨੂੰ ਮਿਲੇਗੀ ਹੋਰ ਰਫਤਾਰ
ਏਡਲਵਾਇਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਖੋਜ, ਸੰਸਥਾਗਤ ਇਕਵਿਟੀਜ਼) ਅਬਨੀਸ਼ ਰਾਏ ਨੇ ਕਿਹਾ ਕਿ ਐੱਚ. ਯੂ. ਐੱਲ. ਨੇ ਨੈਚੁਰਲਸ ਸ਼੍ਰੇਣੀ ‘ਚ ਵਧਦੀ ਸਮਰੱਥਾ ‘ਤੇ ਗੌਰ ਕੀਤਾ ਹੈ ਅਤੇ ਆਯੂਸ਼ ਵਰਗੇ ਬਰਾਂਡਾਂ ਨਾਲ ਵੀ ਕੰਪਨੀ ਦੇ ਵਾਧੇ ਨੂੰ ਹੋਰ ਰਫਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਐੱਚ. ਯੂ. ਐੱਲ. ਲਈ ਆਯੂਸ਼ ‘ਚ ਵਾਧੇ ਦੀਆਂ ਸੰਭਾਵਨਾਵਾਂ ਤੋਂ ਇਲਾਵਾ ਇੰਦੁਲੇਖਾ ਨੂੰ ਮਿਲੀ ਕਲੀਨੀਕਲ ਸਫਲਤਾ ਦੇ ਨਾਲ ਨੈਚੁਰਲਸ ਇਕ ਮੈਗਾ ਟਰੈਂਡ ਹੈ। ਕੋਲਗੇਟ ਅਤੇ ਡਾਬਰ ਦੀ ਵਿਕਰੀ ‘ਚ ਵੀ ਦਸੰਬਰ ਤਿਮਾਹੀ ਦੌਰਾਨ 12 ਤੋਂ 13 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਸ ਨੂੰ ਨਾ ਸਿਰਫ ਘੱਟ ਬੇਸ ਇਫੈਕਟ ਦਾ ਫਾਇਦਾ ਮਿਲਿਆ, ਸਗੋਂ ਨੈਚੁਰਲਸ ਸ਼੍ਰੇਣੀ ‘ਚ ਜ਼ਬਰਦਸਤ ਸੁਧਾਰ ਨਾਲ ਵੀ ਮਦਦ ਮਿਲੀ।
ਪਤੰਜਲੀ ਦਾ ਪ੍ਰਭਾਵ ਹੁਣ ਘੱਟ ਹੋਣ ਲੱਗਾ
ਡਾਬਰ ਇੰਡੀਆ ਦੇ ਮੁੱਖ ਅਫ਼ਸਰ ਸੁਨੀਲ ਦੁੱਗਲ ਨੇ ਪਿਛਲੇ ਮਹੀਨੇ ਕਿਹਾ ਸੀ, ”ਮੈਂ ਸਮਝਦਾ ਹਾਂ ਕਿ ਪਤੰਜਲੀ ਦਾ ਪ੍ਰਭਾਵ, ਜੋ ਕਰੀਬ ਇਕ ਸਾਲ ਪਹਿਲਾਂ ਆਪਣੇ ਸਿਖਰ ‘ਤੇ ਸੀ, ਹੁਣ ਘੱਟ ਹੋਣ ਲੱਗਾ ਹੈ। ਟੁੱਥਪੇਸਟ ‘ਚ ਇਹ ਅਜੇ ਵੀ ਮੌਜੂਦ ਹੈ। ਮੈਂ ਇਸ ਤੋਂ ਇਨਕਾਰ ਨਹੀਂ ਕਰਦਾ ਪਰ ਅਸੀਂ ਤੇਜ਼ੀ ਨਾਲ ਆਪਣੀ ਹਿੱਸੇਦਾਰੀ ਵਾਪਸ ਹਾਸਲ ਕਰ ਰਹੇ ਹਾਂ।”