ਇਲਾਜ ਲਈ ਵਿਦੇਸ਼ੀਆਂ ਦੀ ਪਸੰਦੀਦਾ ਜਗ੍ਹਾ ਬਣਿਆ ਭਾਰਤ

0
399

ਨਵੀਂ ਦਿੱਲੀ: ਵਿਦੇਸ਼ੀਆਂ ਲਈ ਭਾਰਤ ਬਿਮਾਰੀ ਦਾ ਇਲਾਜ ਕਰਾਉਣ ਲਈ ਪਸੰਦੀਦਾ ਥਾਂ ਬਣਦੀ ਜਾ ਰਹੀ ਹੈ। ਮੈਡੀਕਲ ਖੇਤਰ ਵਿੱਚ ਭਾਰਤ ਦੀ ਮਸ਼ਹੂਰੀ ਦੁਨੀਆ ਵਿੱਚ ਵਧਦੀ ਜਾ ਰਹੀ ਹੈ। ਸਾਲ 2016 ਵਿੱਚ 1678 ਪਾਕਿਸਤਾਨੀਆਂ ਤੇ 296 ਅਮਰੀਕੀਆਂ ਸਣੇ 2 ਲੱਖ ਤੋਂ ਵੱਧ ਲੋਕਾਂ ਨੇ ਭਾਰਤ ਵਿੱਚ ਆਪਣਾ ਇਲਾਜ ਕਰਵਾਇਆ।

ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2016 ਵਿੱਚ ਦੁਨੀਆ ਭਰ ਦੇ 54 ਮੁਲਕਾਂ ਦੇ 2,01,099 ਲੋਕਾਂ ਨੂੰ ਮੈਡੀਕਲ ਵੀਜ਼ਾ ਜਾਰੀ ਕੀਤਾ ਗਿਆ। ਭਾਰਤ ਨੇ 2014 ਤੋਂ ਆਪਣੀ ਵੀਜ਼ਾ ਪਾਲਿਸੀ ਨੂੰ ਥੋੜਾ ਨਰਮ ਕੀਤਾ ਹੈ। ਇਸ ਸਰਵੇ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਲੀਡ ਮੈਡੀਕਲ ਸਪੌਟ ਦੇ ਰੂਪ ਵਿੱਚ ਸਾਹਮਣੇ ਆਉਣ ਦਾ ਵੱਡਾ ਕਾਰਨ ਇੱਥੇ ਸਸਤਾ ਇਲਾਜ ਹੈ।

ਸਰਵੇ ਵਿੱਚ ਪਤਾ ਲੱਗਿਆ ਕਿ ਦੂਜੇ ਮੁਲਕਾਂ ਤੋਂ ਇਲਾਜ ਕਰਵਾਉਣ ਆਏ ਲੋਕਾਂ ਨਾਲ ਹੋਣ ਵਾਲਾ ਬਿਜਨੈਸ 3 ਅਰਬ ਡਾਲਰ ਦਾ ਹੋ ਗਿਆ ਹੈ। ਇਹ 2020 ਤੱਕ 7-8 ਅਰਬ ਡਾਲਰ ਦਾ ਹੋ ਸਕਦਾ ਹੈ। ਅੰਕੜਿਆਂ ਮੁਤਾਬਕ 2016 ਵਿੱਚ ਸਭ ਤੋਂ ਜ਼ਿਆਦਾ ਮੈਡੀਕਲ ਵੀਜ਼ਾ ਬੰਗਲਾਦੇਸ਼ੀਆਂ (99,799) ਨੂੰ ਜਾਰੀ ਕੀਤੇ ਗਏ। ਇਸ ਤੋਂ ਬਾਅਦ ਅਫਗਾਨਿਸਤਾਨ (33,955), ਇਰਾਕ (13,645), ਓਮਾਨ (12,227) ਦਾ ਨੰਬਰ ਹੈ।