ਸਿਉਲ:: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੂੰ ਪਿਯੋਂਗਯਾਂਗ ਵਿੱਚ ਗੱਲਬਾਤ ਲਈ ਸੱਦਾ ਭੇਜਿਆ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਬਲੂ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸੱਦਾ ਕਿਮ ਦੀ ਭੈਣ ਕਿਮ ਯੋ ਜੋਂਗ ਨੇ ਦਿੱਤਾ। ਵਿੰਟਰ ਓਲੰਪਿਕਸ ਦੇ ਸਿਲਸਿਲੇ ਵਿੱਚ ਕਿਮ ਦੀ ਭੈਣ ਦੱਖਣੀ ਕੋਰੀਆ ਵਿੱਚ ਹੀ ਹੈ। ਸੱਦੇ ਨੂੰ ਲੈ ਕੇ ਕਿਹਾ ਗਿਆ ਹੈ ਕਿ ਕਿਮ ਮੂਨ ਨਾਲ ਜਿੰਨੀ ਜਲਦੀ ਹੋ ਸਕੇ, ਮਿਲਣਾ ਚਾਹੁੰਦੇ ਹਨ।
ਇਹ ਤੀਜਾ ਮੌਕਾ ਹੈ ਜਦ ਦੱਖਣੀ ਤੇ ਉੱਤਰ ਕੋਰੀਆ ਦੇ ਵੱਡੇ ਲੀਡਰ ਇੱਕ ਦੂਜੇ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਕਿਮ ਦੇ ਪਿਤਾ ਕਿਮ ਜੋਂਗ ਇਲ ਨੇ ਦੱਖਣੀ ਕੋਰੀਆ ਦੇ ਕਿਮ ਦਾਈ ਜੰਗ ਨਾਲ ਸਾਲ 2000 ਤੇ ਰੋਹ ਮੂ ਹਨ ਨਾਲ 2007 ਵਿੱਚ ਉੱਤਰ ਕੋਰੀਆ ਦੀ ਰਾਜਧਾਨੀ ਪਯੋਂਗਯਾਂਗ ਵਿੱਚ ਮੁਲਾਕਾਤ ਕੀਤੀ ਸੀ। ਵੈਸੇ ਮੂਨ ਨੇ ਫਿਲਹਾਲ ਇਸ ਸੱਦੇ ‘ਤੇ ਹਾਮੀ ਨਹੀਂ ਭਰੀ।
ਕਿਮ ਦੀ ਭੈਣ ਕਿਮ ਯੋ ਜੋਂਗ ਤੇ ਉੱਤਰ ਕੋਰੀਆ ਦੇ ਸਾਬਕਾ ਵਿਦੇਸ਼ ਮੰਤਰੀ ਕਿਮ ਯੋਂਗ ਨਾਮ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਤੋਂ ਸੋਲ ਦੇ ਬਲੂ ਹਾਉਸ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦੋਹਾਂ ਪੱਖਾਂ ਵਿਚਾਲੇ ਚਰਚਾ ਹੋਈ। ਅਧਿਕਾਰੀਆਂ ਦੇ ਮੁਤਾਬਕ ਕਿਮ ਯਾ ਜਾਂਗ ਨੇ ਆਪਣੇ ਭਰਾ ਦੀ ਨਿੱਜੀ ਚਿੱਠੀ ਸੌਂਪਣ ਤੋਂ ਬਾਅਦ ਕਿਹਾ- ਅਸੀਂ ਜਲਦ ਤੋਂ ਜਲਦ ਤੁਹਾਨੂੰ ਪਯੋਂਗਯਾਂਗ ਵਿੱਚ ਵੇਖਣਾ ਚਾਹੁੰਦੇ ਹਾਂ।