ਹਾਂਗਕਾਂਗ(ਪ.ਚ.ਬ): ਸ਼ਨਿਚਰਵਾਰ ਦੀ ਸ਼ਾਂਮ ਨੂੰ ਇਕ ਅਜਿਹਾ ਹਾਦਸਾ ਹੋਇਆ ਜਿਸ ਨੇ ਪੂਰੇ ਹਾਂਗਕਾਂਗ ਨੂੰ ਉਦਾਸ ਕਰ ਦਿਤਾ। ਇਕ ਡਬਲ ਡੇਕਰ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ 62 ਹੋਰ ਜ਼ਖਮੀ ਹੋ ਗਏ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਕੈ ਐਮ ਬੀ ਦੀ ਬੱਸ ਨੂੰਬਰ 872 ਸ਼ਾਤਿਨ ਤੋਂ ਤਾਈ ਪੋ ਜਾ ਰਹੀ ਸੀ। ਬੱਸ ਤਾਈ ਪੋ ਰੋਡ ‘ਤੇ ਪਲਟ ਗਈ। ਕੁਝ ਯਾਤਰੀਆਂ ਦੇ ਬਿਆਨ ਮੁਤਾਬਕ ਹਾਦਸੇ ਤੋਂ ਪਹਿਲਾਂ ਬੱਸ ਤੇਜ਼ ਗਤੀ ਨਾਲ ਚੱਲ ਰਹੀ ਸੀ। ਬਚਾਅ ਕਰਮਚਾਰੀਆਂ ਨੇ ਬੱਸ ਦੀ ਛੱਤ ਕੱਟ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਵੱਖ-ਵੱਖ ਹਸਪਤਾਲਾਂ ਵਿਚ ਐਮਰਜੈਂਸੀ ਮਦਦ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਹਾਦਸੇ ਵਿਚ ਜਖਮੀਆਂ ਦੀ ਜਰੂਰਤ ਲਈ ਕਰੀਬ 1000 ਵਿਅਕਤੀਆਂ ਨੇ ਖੂਨ ਦਾਨ ਕੀਤਾ। ਇਸ ਤੋ ਇਲਾਵਾ ਪੀੜਤ ਪਰਿਵਾਰਾਂ ਦੀ ਮਦਦ ਲਈ ਲੋਕੀਂ ਵੱਡੀ ਗਿਣਤੀ ਵਿਚ ਆਰਥਕ ਮਦਦ ਦੇਣ ਲਈ ਸਥਾਪਤ ਕੀਤੇ ਫੰਡ ਵਿਚ ਹਿਸਾ ਪਾ ਰਹੇ ਹਨ। ਇਸ ਦੁੱਖਦਾਈ ਘਟਨਾ ਤੋ ਬਾਅਦ ਕੁਝ ਲੋਕੀ 17 ਫਰਵਰੀ 2018 ਨੂੰ ਚੀਨੀ ਨਵੇ ਸਾਲ ਸਬੰਧੀ ਹੋਣ ਵਾਲੀ ਆਤਿਸ਼ਬਾਜੀ ਨੂੰ ਰੱਦ ਕਰਨ ਦੀ ਮੰਗ ਆਨਲਾਈਨ ਕਰ ਰਹੇ ਹਨ। ਯਾਦ ਰਹੇ ਪਿਛਲੇ 15 ਸਾਲਾ ਦੌਰਨਾ ਹੋਣ ਵਾਲੀ ਇਹ ਸਭ ਤੋ ਵੱਡੀ ਬਸ ਦੁਘਟਨਾ ਹੈ।