ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਫਰਵਰੀ ਵਿੱਚ ਭਾਰਤ ਦੇ ਮਹਿਮਾਨ ਹੋਣਗੇ। ਇਸ ਫੇਰੀ ਦੌਰਾਨ ਉਹ ਅੰਮ੍ਰਿਤਸਰ ਵੀ ਆਉਣਗੇ। ਉਹ ਇੱਥੇ ਦਰਬਾਰ ਸਾਹਿਬ ਵੀ ਜਾਣਗੇ। ਕੈਨੇਡਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਹ ਮੁੰਬਈ, ਅਹਿਮਦਾਬਾਦ ਵੀ ਜਾਣਗੇ। ਖ਼ੁਦ ਪ੍ਰਧਾਨ ਮੰਤਰੀ ਟਰੂਡੋ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ‘ਤੇ 17 ਤੋਂ 23 ਫਰਵਰੀ ਤੱਕ ਭਾਰਤ ਦੀ ਫੇਰੀ ‘ਤੇ ਹੋਣਗੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਅੱਤਵਾਦ ਦਾ ਮੁਕਾਬਲਾ, ਊਰਜਾ ਤੇ ਵਪਾਰ ਵਰਗੇ ਮੁੱਦਿਆਂ ‘ਤੇ ਦੋਹਾਂ ਮੁਲਕਾਂ ਵਿੱਚ ਗੱਲ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਅਪ੍ਰੈਲ 2015 ਵਿੱਚ ਕੈਨੇਡਾ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਚਾਰ ਦਹਾਕੇ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਯਾਤਰਾ ਨਹੀਂ ਕੀਤੀ। ਨਵੰਬਰ 2012 ਵਿੱਚ ਕੈਨੇਡਾ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੋਂ ਬਾਅਦ ਹੁਣ ਤੱਕ ਇੱਥੋਂ ਦੇ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ਦਾ ਦੌਰਾ ਨਹੀਂ ਕੀਤਾ।