ਨਵੀਂ ਦਿੱਲੀ: ਦਿੱਲੀ ਵਿੱਚ ਔਰਤਾਂ ਖ਼ਿਲਾਫ਼ ਕ੍ਰਾਈਮ ਘਟਣ ਦਾ ਨਾਂ ਨਹੀਂ ਲੈ ਰਿਹਾ। ਦਿੱਲੀ ਪੁਲਿਸ ਦੇ ਹਾਲੀਆ ਅੰਕੜਿਆਂ ਮੁਤਾਬਕ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਸਾਲ 2017 ਵਿੱਚ ਰੋਜ਼ਾਨਾ ਬਲਾਤਕਾਰ ਦੇ ਪੰਜ ਕੇਸ ਦਰਜ ਕੀਤੇ ਗਏ। ਜ਼ਿਆਦਾਤਰ ਕੇਸਾਂ ਵਿੱਚ ਬਲਾਤਕਾਰੀ ਪੀੜਤਾ ਦਾ ਜਾਣਕਾਰ ਸੀ।
ਦਿੱਲੀ ਪੁਲਿਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2017 ਵਿੱਚ ਬਲਾਤਕਾਰ ਦੇ 2049 ਕੇਸ ਦਰਜ ਕੀਤੇ ਗਏ ਜਦਕਿ 2016 ਵਿੱਚ ਗਿਣਤੀ 2064 ਸੀ। ਇਸੇ ਤਰ੍ਹਾਂ ਪਿਛਲੇ ਸਾਲ ਛੇੜਛਾੜ ਦੇ 3273 ਕੇਸ ਦਰਜ ਕੀਤੇ ਗਏ। ਡਾਟਾ ਮੁਤਾਬਕ ਕੁੜੀਆਂ ਤੇ ਔਰਤਾਂ ਦੇ ਕਮੈਂਟ ਕਰਨ ਦੇ ਮਾਮਲੇ ਘਟੇ ਹਨ। ਸਾਲ 2016 ਵਿੱਚ ਇਸ ਦੇ 894 ਕੇਸ ਦਰਜ ਕੀਤੇ ਗਏ ਸਨ ਜਦਕਿ 2017 ਵਿੱਚ 621 ਅਜਿਹੇ ਮਾਮਲੇ ਦਰਜ ਕਰਵਾਏ ਗਏ।
ਦਿੱਲੀ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਗਏ ਹਨ। ਕਤਲ ਦੇ 45 ਫ਼ੀਸਦੀ ਮਾਮਲੇ ਨਿੱਜੀ ਰੰਜਸ਼ ਨੂੰ ਲੈ ਕੇ ਸਾਹਮਣੇ ਆਏ। ਦਿੱਲੀ ਪੁਲਿਸ ਦੀ ਸਾਲਾਨਾ ਰਿਪੋਰਟ ਮੁਤਾਬਕ 2016 ਦੇ ਮੁਕਾਬਲੇ 2017 ਵਿੱਚ ਕਤਲ ਦੇ ਘੱਟ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਕਤਲ ਦੇ 462 ਕੇਸ ਦਰਜ ਹੋਏ ਜਦਕਿ 2016 ਵਿੱਚ 501 ਦਰਜ ਹੋਏ ਸਨ।