ਲਹੌਰ ਵਿਖੇ ਵੀਜ਼ਾ ਨਿਯਮਾਂ ‘ਚ ਨਰਮੀ ਲਿਆਉਣ ਲਈ ਵਿਖਾਵਾ

0
732

ਅੰਮਿ੍ਤਸਰ – ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਸੰਸਥਾ ਨੇ ਪਾਕਿਸਤਾਨ ਤੇ ਭਾਰਤ ਸਰਕਾਰਾਂ ਪਾਸੋਂ ਸਾਂਝੇ ਤੌਰ ‘ਤੇ ਵੀਜ਼ਾ ਨਿਯਮਾਂ ‘ਚ ਨਰਮੀ ਲਿਆਉਣ ਦੀ ਮੰਗ ਕੀਤੀ ਹੈ | ਲਾਹੌਰ ਦੀ ਸ਼ਿਮਲਾ ਪਹਾੜੀ ਆਬਾਦੀ ਸਥਿਤ ਲਾਹੌਰ ਪ੍ਰੈੱਸ ਕਲੱਬ ਅੱਗੇ ਮੋਮਬਤੀਆਂ ਜਗਾ ਕੇ ਪ੍ਰਦਰਸ਼ਨ ਕਰਦਿਆਂ ਸੰਸਥਾ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਸਾਲ 2017 ਦੌਰਾਨ ਭਾਰਤ ਸਰਕਾਰ ਵਲੋਂ 34,445 ਪਾਕਿਸਤਾਨੀ ਨਾਗਰਿਕਾਂ ਨੂੰ ਅਤੇ ਪਾਕਿਸਤਾਨ ਸਰਕਾਰ ਦੁਆਰਾ 40 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਆਪਣੇ ਰਿਸ਼ਤੇਦਾਰਾਂ, ਵਪਾਰ ਕਰਨ ਅਤੇ ਧਾਰਮਿਕ ਯਾਤਰਾ ‘ਤੇ ਆਉਣ ਜਾਣ ਹਿਤ ਵੀਜ਼ਾ ਜਾਰੀ ਕੀਤਾ ਗਿਆ | ਜਦੋਂ ਕਿ ਭਾਰਤ ਸਰਕਾਰ ਵਲੋਂ ਪਿਛਲੇ ਵਰ੍ਹੇ ਦੌਰਾਨ ਹੀ ਪਾਕਿਸਤਾਨੀ ਨਾਗਰਿਕਾਂ ਤੋਂ ਤਿੰਨ ਗੁਣਾ ਵਧੇਰੇ ਗਿਣਤੀ ‘ਚ ਇਕ ਲੱਖ 29 ਹਜ਼ਾਰ ਦੇ ਕਰੀਬ ਬੰਗਲਾਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦਿੱਤਾ ਗਿਆ | ਇਸ ਮੌਕੇ ਪਾਕਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਵਕੀਲ ਰਾਜਾ ਜੁਲਕਾਰਨੈਣ, ਰਾਣਾ ਜ਼ਿਆ ਅਬਦੁਰ ਰਹਿਮਾਨ, ਸਈਅਦ ਸ਼ਮਸ਼ਾਦ ਹੁਸੈਨ, ਮਲਿਕ ਮਨਸਿਫ਼ ਤੇ ਵਕੀਲ ਅਹਿਸਾਨ ਵਾਣੇ ਆਦਿ ਵੀ ਮੌਜੂਦ ਸਨ | ਕੁਰੈਸ਼ੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਸਰਕਾਰ ਵਲੋਂ ਵੀਜ਼ਾ ਨਿਯਮਾਂ ‘ਚ ਕੀਤੀ ਸਖ਼ਤੀ ਦੇ ਚਲਦਿਆਂ ਜਿੱਥੇ ਦੋਵਾਂ ਦੇਸ਼ਾਂ ਦੇ ਅਣਗਿਣਤ ਨਾਗਰਿਕ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਮਿਲ ਨਹੀਂ ਪਾ ਰਹੇ ਹਨ, ਉੱਥੇ ਹੀ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸਰਹੱਦ ਦੇ ਆਰ-ਪਾਰ ਮੌਜੂਦ ਧਾਰਮਿਕ ਯਾਦਗਾਰਾਂ ਦੇ ਦਰਸ਼ਨ ਦੀਦਾਰ ਤੋਂ ਵੀ ਵਾਂਝਿਆਂ ਰੱਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਮਜ਼ਬੂਤੀ ਲਿਆਉਣ ਅਤੇ ਵਪਾਰਕ ਸਬੰਧ ਬਿਹਤਰ ਬਣਾਉਣ ਲਈ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਕੂਟਨੀਤਕ ਰਵੱਈਆ ਅਤੇ ਸਿਆਸਤ ਨੂੰ ਪਿੱਛੇ ਰੱਖ ਕੇ ਆਪਸੀ ਸਾਂਝ ਨੂੰ ਵਧਾਉਣ ਲਈ ਵੀਜ਼ਾ ਨਿਯਮ ਆਸਾਨ ਕਰਦਿਆਂ ਹੋਰਨਾਂ ਸਰਹੱਦਾਂ ਨੂੰ ਵੀ ਯਾਤਰੂਆਂ ਤੇ ਵਪਾਰੀਆਂ ਦੇ ਆਉਣ-ਜਾਣ ਲਈ ਖੋਲ੍ਹਣਾ ਚਾਹੀਦਾ ਹੈ |