ਜਲੰਧਰ -ਪਿਛਲੇ ਤਿੰਨ ਸਾਲ ਤੋਂ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਲਾਵਾਰਸ ਬਣੀ ਆ ਰਹੀ ਐਨ. ਆਰ. ਆਈ. ਸਭਾ ਪੰਜਾਬ ਦੀ ਚੋਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਚੋਣ 25 ਫਰਵਰੀ ਨੂੰ ਕਰਵਾਏ ਜਾਣ ਦੀ ਵਧੇਰੇ ਸੰਭਾਵਨਾ ਹੈ | ਐਨ. ਆਰ. ਆਈ. ਮਾਮਲਿਆਂ ਬਾਰੇ ਪਿ੍ੰਸੀਪਲ ਸਕੱਤਰ ਸ੍ਰੀ ਐਸ. ਆਰ. ਲੱਦੜ ਨੇ ਦੱਸਿਆ ਕਿ ਸਭਾ ਦੀ ਚੋਣ ਫਰਵਰੀ ਮਹੀਨੇ ਕਰਵਾਏ ਜਾਣ ਦੀ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ | ਫਰਵਰੀ ਮਹੀਨੇ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਪੰਜਾਬ ਆਏ ਹੁੰਦੇ ਹਨ ਤੇ ਪ੍ਰਵਾਸੀ ਪੰਜਾਬੀਆਂ ਦੀ ਭਰਵੀਂ ਸ਼ਮੂਲੀਅਤ ਲਈ ਫਰਵਰੀ ਮਹੀਨੇ ਦਾ ਆਖ਼ਰੀ ਹਫ਼ਤਾ ਢੁਕਵੇਂ ਮੌਕੇ ਵਜੋਂ ਚੁਣਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪੂਰਾ ਚੋਣ ਪ੍ਰੋਗਰਾਮ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਲੋਂ ਇਸੇ ਹਫ਼ਤੇ ਜਾਰੀ ਕਰ ਦਿੱਤਾ ਜਾਵੇਗਾ | ਪਿਛਲੇ ਤਿੰਨ ਸਾਲ ਤੋਂ ਸਭਾ ਦੀ ਚੋਣ ਨਾ ਹੋਣ ਕਾਰਨ ਪ੍ਰਵਾਸੀ ਪੰਜਾਬੀਆਂ ‘ਚ ਭਾਰੀ ਨਿਰਾਸ਼ਤਾ ਤੇ ਨਰਾਜ਼ਗੀ ਪ੍ਰਗਟਾਈ ਜਾ ਰਹੀ ਸੀ | ਉਹ ਮੰਗ ਕਰਦੇ ਆ ਰਹੇ ਸਨ ਕਿ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੀ ਸਭਾ ਨੂੰ ਮੁੜ ਸਰਗਰਮ ਕੀਤਾ ਜਾਵੇ | ਇੰਗਲੈਂਡ ਤੇ ਯੂਰਪ ਦੇ ਕੁਝ ਮੁਲਕਾਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਸਮੇਂ ਵੀ ਇਹ ਮੰਗ ਉਠਾਈ ਸੀ |