ਬਰਨਾਲਾ : ਸਥਾਨਕ ਪਿੰਡ ਭੋਤਨਾ ਵਾਸੀ ਦੇ ਕਿਸਾਨ ਕੁਲਵੰਤ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਭੁਲੇਖੇ ‘ਚ ਹੀ ਖੁਦਕੁਸ਼ੀ ਕਰ ਲਈ ਸੀ। ਕੁਲਵੰਤ ਸਿੰਘ ਨੂੰ ਲੱਗਿਆ ਕਿ ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫੀ ਦੀ ਜੋ ਸੂਚੀ ਤਿਆਰ ਕੀਤੀ ਗਈ ਹੈ, ਉਸ ‘ਚ ਉਸ ਦਾ ਨਾਂ ਕਿਤੇ ਵੀ ਨਹੀਂ ਹੈ ਪਰ ਕੁਲਵੰਤ ਸਿੰਘ ਗਲਤ ਨਿਕਲਿਆ ਕਿਉਂਕਿ ਕਰਜ਼ਾ ਮੁਆਫੀ ਦੀ ਸੂਚੀ ਕੁਲਵੰਤ ਸਿੰਘ ਦਾ ਨਾਂ ਸ਼ਾਮਲ ਸੀ। ਫਿਲਹਾਲ ਕੁਲਵੰਤ ਸਿੰਘ ਨੂੰ ਭਰਮ ‘ਚ ਪਾ ਕੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਲੋਕਾਂ ਨੂੰ ਸ਼ਿਕੰਜੇ ‘ਚ ਲਿਆ ਜਾਵੇਗਾ।
ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਦੀ ਆਨਲਾਈਨ ਸੂਚੀ ‘ਚ ਮ੍ਰਿਤਕ ਕੁਲਵੰਤ ਸਿੰਘ ਦਾ ਨਾਂ 101ਵੇਂ ਨੰਬਰ ‘ਤੇ ਦਰਜ ਹੈ। ਉਸ ਦਾ ਆਧਾਰ ਕਾਰਡ ਨੰਬਰ ਅਤੇ ਬੈਂਕ ਖਾਤਾ ਨੰਬਰ ਵੀ ਸੂਚੀ ‘ਚ ਦਰਸਾਇਆ ਗਿਆ ਹੈ। ਉਸ ‘ਤੇ ਕੋ-ਆਪਰੇਟਿਵ ਬੈਂਕ ਦਾ ਸਿਰਫ 57,330 ਰੁਪਏ ਕਰਜ਼ਾ ਅੰਕਿਤ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ-ਸ਼ਨੀਵਾਰ ਦੀ ਵਿਚਕਾਰਲੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੇ ਕੁਲਵੰਤ ਸਿੰਘ ਪੁੱਤਰ ਨਾਹਰ ਸਿੰਘ ਬਾਰੇ ਕਿਹਾ ਗਿਆ ਸੀ ਕਿ ਉਸ ਦਾ ਨਾਂ ਕਰਜ਼ਾ ਮੁਆਫੀ ਦੀ ਸੂਚੀ ‘ਚ ਸ਼ਾਮਲ ਨਹੀਂ ਹੈ। ਇਸ ਦੇ ਚੱਲਦਿਆਂ ਉਸ ਨੇ ਖੁਦਕੁਸ਼ੀ ਕੀਤੀ ਸੀ।