ਅੰਮ੍ਰਿਤਸਰ: ਵਾਤਾਵਰਨ ਦਿਵਸ ਮੌਕੇ ਦਰਿਆ ਬਿਆਸ ਵਿੱਚ ਮੱਛੀਆਂ ਛੱਡਣ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਿੱਕੀ ਜਿਹੀ ‘ਭੁੱਲ’ ਕਰਕੇ ਆਪਣੇ ਹੀ ਵਿਧਾਇਕ ਦੀ ਕਲਾਸ ਲਾ ਦਿੱਤੀ। ਮੱਛੀਆਂ ਛੱਡਣ ਮੌਕੇ ਸਿੱਧੂ ਨਾਲ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੀ ਆਏ ਸਨ। ਉਨ੍ਹਾਂ ਪ੍ਰਸ਼ਾਸਨ ਵੱਲੋਂ ਮੱਛੀਆਂ ਲਿਆਉਣ ਲਈ ਵਰਤੇ ਲਿਫਾਫੇ ਨੂੰ ਦਰਿਆ ਵਿੱਚ ਸੁੱਟ ਦਿੱਤਾ। ਵਿਧਾਇਕ ਭਲਾਈਪੁਰ ਦੀ ਇਸ ਹਰਕਤ ‘ਤੇ ਸਿੱਧੂ ਤੈਸ਼ ਵਿੱਚ ਆ ਗਏ ਤੇ ਉਨ੍ਹਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਦੀ ਹਾਜ਼ਰੀ ਵਿੱਚ ਵਿਧਾਇਕ ਦੀ ਕਲਾਸ ਲਾ ਦਿੱਤੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਇੱਕ ਵੀਡੀਓ ਦਿਖਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਦੇਸ਼ ਦਿੱਤਾ ਕਿ ਪਲਾਸਟਿਕ ਨੂੰ ਦਰਿਆ ਵਿੱਚ ਨਾ ਸੁੱਟਿਆ ਜਾਵੇ ਕਿਉਂਕਿ ਪਲਾਸਟਿਕ ਨਾਲ ਸਭ ਤੋਂ ਵੱਧ ਦਰਿਆ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚ ਸਾਫ-ਸਫਾਈ ਦਾ ਖਿਆਲ ਰੱਖਣਾ ਸਾਡਾ ਮੁੱਢਲਾ ਫਰਜ਼ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।