ਕੈਨੇਡਾ ਦਾ ਪ੍ਰਮੁੱਖ ਸ਼ਹਿਰ ਵੈਨਕੁਵਰ ਵਿਸ਼ਵ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚ ਦੂਜੇ ਸਥਾਨ ’ਤੇ ਸ਼ੁਮਾਰ ਹੈ। ਇਹ ਉਹ ਸ਼ਹਿਰ ਹੈ ਜਿੱਥੇ ਰਹਿਣ ਲਈ ਵਿਸ਼ਵ ਭਰ ਦੇ ਵੱਖ-ਵੱਖ ਮੁਲਕਾਂ ਦੇ ਲੋਕ ਵਧੇਰੇ ਤਰਜੀਹ ਦਿੰਦੇ ਹਨ। ਇਹ ਸ਼ਹਿਰ ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦਾ ਸ਼ਿੰਗਾਰ ਬਣਿਆ ਹੋਇਆ ਹੈ। ਪਹਿਲਾਂ ਪਹਿਲ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਜਦੋਂ ਕੇਵਲ ਸਮੁੰਦਰੀ ਜਹਾਜ਼ ਹੀ ਆਵਾਜਾਈ ਦਾ ਸਾਧਨ ਸਨ ਤਾਂ ਉਸ ਵੇਲੇ ਪੰਜਾਬੀਆਂ ਨੇ ਜਦੋਂ ਕੈਨੇਡਾ ਦੀ ਧਰਤੀ ਵੱਲ ਨੂੰ ਚਾਲੇ ਪਾਏ ਤਾਂ ਵੈਨਕੁਵਰ ਦੀ ਬੰਦਰਗਾਹ ਹੀ ਪੰਜਾਬੀਆਂ ਦੀ ਪਹਿਲੀ ਰਿਹਾਇਸ਼ਗਾਹ ਬਣੀ। ਇਹੀ ਕਾਰਨ ਹੈ ਕਿ ਕੈਨੇਡਾ ਦੇ ਇਸ ਖਿੱਤੇ ਵਿੱਚ ਪੰਜਾਬੀਆਂ ਦੇ ਪਰਿਵਾਰ 100 ਸਾਲ ਤੋਂ ਵੀ ਉੱਪਰ ਸਮੇਂ ਤੋਂ ਰਹਿ ਰਹੇ ਹਨ।
ਹੁਣ ਗੱਲ ਕਰਦੇ ਹਾਂ ਵੈਨਕੁਵਰ ਦੇ ਕੈਨੇਡਾ ਪਲੇਸ ਦੀ। ‘ਕੈਨੇਡਾ ਪਲੇਸ’ ਨੂੰ ਵੈਨਕੁਵਰ ਦਾ ਦਿਲ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਸਮੁੱਚੇ ਵਿਸ਼ਵ ਦੇ ਸੈਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕੋਈ ਵੀ ਸੈਲਾਨੀ ਬ੍ਰਿਟਿਸ਼ ਕੋਲੰਬੀਆ ਘੁੰਮਣ ਲਈ ਆਉਂਦਾ ਹੈ ਤਾਂ ਉਹ ਕੈਨੇਡਾ ਪਲੇਸ ਦੇਖੇ ਬਿਨ੍ਹਾਂ ਆਪਣੀ ਯਾਤਰਾ ਨੂੰ ਅਧੂਰੀ ਸਮਝਦਾ ਹੈ। ਕੈਨੇਡਾ ਪਲੇਸ ਵੈਨਕੁਵਰ ਦੀ ਬੁਰਾਰਡ ਸਟਰੀਟ ’ਤੇ ਸਥਿਤ ਹੈ। ਇਹ ਵੈਨਕੁਵਰ ਕਨਵੈਨਸ਼ਨ ਸੈਂਟਰ, ਪੈਨ ਪੈਸੀਫਿਕ ਵੈਨਕੁਵਰ ਹੋਟਲ, ਵੈਨਕੁਵਰ ਵਰਲਡ ਟਰੇਡ ਸੈਂਟਰ ਅਤੇ ਵਰਚੁਅਲ ਫਲਾਈਟ ਰਾਈਡ-ਫਲਾਈਓਵਰ ਦਾ ਸਾਂਝਾ ਕੇਂਦਰ ਹੈ। ਕੈਨੇਡਾ ਪਲੇਸ ਦਾ ਬਾਹਰੀ ਹਿੱਸਾ ਫੈਬਰਿਕ ਛੱਤਾਂ ਨਾਲ ਢਕਿਆ ਹੋਇਆ ਹੈ। ਇਹ ਮੁੱਖ ਕਰੂਜ਼ ਸ਼ਿਪ ਟਰਮੀਨਲ ਵੀ ਹੈ, ਜਿੱਥੋਂ ਅਮਰੀਕਾ ਦੇ ਰੌਸ਼ਨੀਆਂ ਦੇ ਸ਼ਹਿਰ ਅਲਾਸਕਾ ਲਈ ਕਰੂਜ਼ ਚੱਲਦੇ ਹਨ।
ਕੈਨੇਡਾ ਪਲੇਸ ਦੇ ਨਿਰਮਾਣ ਅਤੇ ਇਸ ਦੀ ਬਣਤਰ ਵੱਲ ਦੇਖੀਏ ਤਾਂ ਇਸ ਨੂੰ ਆਰਕੀਟੈਕਟ ਜ਼ੇਡਲਰ ਰਾਬਰਟਸ ਦੀ ਭਾਈਵਾਲੀ ਵਾਲੀ ਕੰਪਨੀ ਵੱਲੋਂ ਮਸਨ ਕੈਟੇਲ ਮੈਕੀ ਅਤੇ ਡੀ ਏ ਆਰਕੀਟਿਕਟ ਦੁਆਰਾ ਸਾਂਝੇ ਉੱਦਮ ਸਦਕਾ ਡਿਜ਼ਾਇਨ ਕੀਤਾ ਗਿਆ ਸੀ। ਇਸ ਦਾ ਨਿਰਮਾਣ 9 ਮਾਰਚ 1983 ਤੋਂ ਸ਼ੁਰੂ ਹੋ ਕੇ ਦਸੰਬਰ 1985 ਤੱਕ ਚੱਲਿਆ। ਇਸ ਨੂੰ 2 ਮਈ 1986 ਵਿੱਚ ਆਮ ਲੋਕਾਂ ਲਈ ਖੋਲ੍ਹਿਆ ਗਿਆ। ਮੁੜ 2011 ਵਿੱਚ ਇਸ ਦੀ ਮੁਰੰਮਤ ਦਾ ਕੰਮ ਕੀਤਾ ਗਿਆ। ਇਸ ਦੇ ਕੁੱਲ ਨਿਰਮਾਣ ਉੱਪਰ ਕਰੀਬ 400 ਮਿਲੀਅਨ ਡਾਲਰ ਦੀ ਲਾਗਤ ਆਈ ਦੱਸੀ ਜਾਂਦੀ ਹੈ। ਇਹ ਸਥਾਨ ਵੈਨਕੁਵਰ ਡਾਊਨ ਟਾਊਨ ਦੇ ਸਭ ਤੋਂ ਭੀੜ ਭੜੱਕੇ ਵਾਲੇ ਵਾਟਰ ਫਰੰਟ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ। ਇਹ ਉਹੀ ਸਟੇਸ਼ਨ ਹੈ ਜੋ ਸਕਾਈ ਟਰੇਨ, ਸੀ ਬੱਸ (ਪਾਣੀ ਵਾਲੀ ਬੱਸ) ਅਤੇ ਵੈਸਟ ਕੋਸਟ ਐਕਸਪ੍ਰੈੱਸ ਦਾ ਮੁੱਖ ਕੇਂਦਰ ਹੈ। ਇਸ ਨੂੰ ਮੁੱਖ ਰੂਪ ਵਿੱਚ ਪ੍ਰਸ਼ਾਂਤ ਮਹਾਸਾਗਰ ਰਾਹੀਂ ਹੋਰਨਾਂ ਮੁਲਕਾਂ ਨਾਲ ਸਮੁੰਦਰੀ ਰਸਤੇ ਵਪਾਰ ਕਰਨ ਲਈ ਬਣਾਇਆ ਗਿਆ ਸੀ। ਇਸ ਦੀ ਉਸਾਰੀ ਮੌਕੇ ਇੰਗਲੈਂਡ ਦੀ ਮਹਾਰਾਣੀ ਐਲਿਜਾਬੈੱਥ ਦੂਜੀ, ਕੈਨੇਡਾ ਦੇ ਪ੍ਰਧਾਨ ਮੰਤਰੀ ਪੀ.ਆਰ.ਏ. ਟਰੂਡੋ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਵਿਲੀਅਮ ਆਰ ਬੈਨੇਟ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। 2010 ਦੀਆਂ ਓਲੰਪਿਕ ਖੇਡਾਂ ਦੌਰਾਨ ਕੈਨੇਡਾ ਪਲੇਸ ਨੂੰ ਮੁੱਖ ਪ੍ਰੈੱਸ ਕੇਂਦਰ ਵਜੋਂ ਵੀ ਵਰਤਿਆ ਗਿਆ ਸੀ। ਕੈਨੇਡਾ ਪਲੇਸ ਵਿਚਲਾ ਫਲਾਈਓਵਰ ਵੀ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਲਈ ਇੱਕ ਅਭੁੱਲ ਯਾਦ ਹੁੰਦਾ ਹੈ। ਇਸ ਵਿੱਚ ਸੈਲਾਨੀਆਂ ਨੂੰ ਕੁਰਸੀਆਂ ’ਤੇ ਬਿਠਾ ਕੇ ਸਕਰੀਨ ਦੇ ਜ਼ਰੀਏ ਸਾਰੀ ਕੈਨੇਡਾ ਦੀ ਸੈਰ ਕਰਵਾਈ ਜਾਂਦੀ ਹੈ। ਇਸ ਨੂੰ ਵਰਚੁਅਲ ਰਾਈਡ ਕਿਹਾ ਜਾਂਦਾ ਹੈ। ਇਸ ਰਾਈਡ ਦੌਰਾਨ ਸੈਲਾਨੀਆਂ ਨੂੰ ਬਰਫ਼, ਪਾਣੀ ਦੀਆਂ ਬੁਛਾੜਾਂ, ਫ਼ਸਲਾਂ ਦੀ ਹੋਂਦ ਦਾ ਅਹਿਸਾਸ ਜਾਂ ਹਰ ਤਰ੍ਹਾਂ ਦੀ ਗੰਧ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇੱਥੋਂ ਹੀ ਬ੍ਰਿਟਿਸ਼ ਕੋਲੰਬੀਆ ਦੇ ਹੋਰ ਪਹਾੜੀ ਸ਼ਹਿਰਾਂ ਕੈਲੋਨਾ, ਸਕੌਮਿਸ਼, ਵਿਸਲਰ ਜਾਂ ਵਿਕਟੋਰੀਆ ਵੱਲ ਨੂੰ ਛੋਟੇ ਹਵਾਈ ਜਹਾਜ਼ ਵੀ ਉਡਾਣ ਭਰਦੇ ਹਨ। ਇਨ੍ਹਾਂ ਛੋਟੇ ਹਵਾਈ ਜਹਾਜ਼ਾਂ ਦੀ ਖਾਸੀਅਤ ਇਹ ਹੈ ਕਿ ਇਹ ਪਾਣੀ ਵਿੱਚ ਤੈਰਕੇ ਹੀ ਅਸਮਾਨ ਵੱਲ ਨੂੰ ਉਡਾਣ ਭਰਦੇ ਹਨ। ਇਸੇ ਪਲੇਸ ਦੇ ਨੇੜੇ ਹੀ ਸਮੁੰਦਰ ਵਿੱਚ ਸ਼ੈਵਰਲਿੱਟ ਕੰਪਨੀ ਵੱਲੋਂ ਪੈਟਰੋਲ ਪੰਪ ਵੀ ਲਗਾਇਆ ਹੋਇਆ ਹੈ ਜੋ ਬਿਲਕੁਲ ਚਾਰੇ ਪਾਸਿਉਂ ਪਾਣੀ ਵਿੱਚ ਘਿਰਿਆ ਹੋਇਆ ਹੈ। ਕੈਨੇਡਾ ਪਲੇਸ ਉਸ ਹਰਬਰ ਪੋਰਟ ’ਤੇ ਸਥਿਤ ਹੈ ਜਿੱਥੇ 23 ਮਈ 1914 ਨੂੰ ਕੋਮਾਗਾਟਾ ਮਾਰੂ ਜਹਾਜ਼ ਆ ਕੇ ਖੜ੍ਹਾ ਸੀ। ਉਸ ਵਕਤ ਅੰਗਰੇਜ਼ ਸਰਕਾਰ ਵੱਲੋਂ ਇਸ ਜਹਾਜ਼ ਦੇ ਸਾਰੇ ਹੀ ਮੁਸਾਫਿਰਾਂ ਨੂੰ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇਹ ਜਹਾਜ਼ ਕਰੀਬ ਦੋ ਕੁ ਮਹੀਨੇ ਬਾਅਦ ਵਾਪਸ ਭਾਰਤ ਵੱਲ ਰਵਾਨਾ ਕਰਨਾ ਪਿਆ। ਉੱਥੇ ਜਾ ਕੇ ਬਜ ਬਜ ਘਾਟ ਵਿਖੇ ਗੋਲੀ ਚਲਾ ਕੇ ਇਸ ਦੇ ਕੁਝ ਯਾਤਰੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਕੁਝ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ। ਇਸ ਜਹਾਜ਼ ਵਿੱਚ ਕੁੱਲ 376 ਯਾਤਰੀ ਸਵਾਰ ਸਨ। ਹੁਣ ਤੱਕ ਦੀਆਂ ਕੈਨੇਡੀਅਨ ਸਰਕਾਰਾਂ ਪੰਜਾਬੀਆਂ ਦਾ ਕੈਨੇਡਾ ਦੀ ਧਰਤੀ ਨੂੰ ਹਰ ਪੱਖੋਂ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਲਈ ਮਾਣ ਕਰਦੀਆਂ ਰਹੀਆਂ ਹਨ। ਕੋਮਾਗਾਟਾ ਮਾਰੂ ਯਾਤਰੀਆਂ ਨਾਲ ਹੋਈ ਜ਼ਿਆਦਤੀ ਕਾਰਨ ਕੈਨੇਡੀਅਨ ਸੰਸਦ ਵਿੱਚ ਜਨਤਕ ਮੁਆਫ਼ੀ ਵੀ ਮੰਗੀ ਜਾ ਚੁੱਕੀ ਹੈ।
ਪੋਰਟ ਹਰਬਰ ’ਤੇ ਇੱਕ ਵਿਸੇਸ਼ ਪਾਰਕ ਬਣਾ ਕੇ ਕੋਮਾਗਾਟਾ ਮਾਰੂ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ ਲਈ ਯਤਨ ਵੀ ਕੀਤੇ ਗਏ ਹਨ। ਇਸ ਸਬੰਧੀ ਕੰਮ ਕਰ ਰਹੀ ਕੋਮਾਗਾਟਾ ਮਾਰੂ ਯਾਦਗਾਰ ਸੁਸਾਇਟੀ ਦੇ ਉੱਦਮ ਸਦਕਾ ਸਰੀ ਅਤੇ ਐਬਟਸਫੋਰਡ ਦੀਆਂ ਕਈ ਸੜਕਾਂ ਦਾ ਨਾਮ ਵੀ ਕੋਮਾਗਾਟਾ ਮਾਰੂ ਦੇ ਨਾਮ ’ਤੇ ਰੱਖਿਆ ਗਿਆ ਹੈ। ਕੁਝ ਦਿਨ ਪਹਿਲਾਂ ਵੈਨਕੂਵਰ ਸਿਟੀ ਕੌਂਸਲ ਵੱਲੋਂ ਮੇਅਰ ਕੈਨ ਸਿੰਮ ਵੱਲੋਂ ਬਕਾਇਆ ਮਤਾ ਪਾਸ ਕਰਦਿਆਂ ਕੈਨੇਡਾ ਪਲੇਸ ਦਾ ਦੂਸਰਾ ਨਾਮ ਕੋਮਾਗਾਟਾ ਮਾਰੂ ਪਲੇਸ ਰੱਖਿਆ ਗਿਆ ਜੋ ਪੰਜਾਬੀਆਂ ਲਈ ਵੱਡੀ ਮਾਣ ਵਾਲੀ ਗੱਲ ਹੈ। ਇਸ ਵੱਡੀ ਪ੍ਰਾਪਤ ਲਈ ਕੋਮਾਗਾਟਾ ਮਾਰੂ ਯਾਦਗਾਰ ਸੁਸਾਇਟੀ ਦੇ ਸ. ਰਾਜ ਸਿੰਘ ਤੂਰ ਦਾ ਯੋਗਦਾਨ ਕਾਬਲੇ ਤਾਰੀਫ਼ ਹੈ ਜੋ ਕੋਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰ ਬਾਬਾ ਪੂਰਨ ਸਿੰਘ ਜਨੇਤਪੁਰਾ ਦੇ ਪੋਤਰੇ ਹਨ। ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਨੇੜਲੇ ਪਿੰਡ ਜਨੇਤਪੁਰਾ ਦੇ ਵਸਨੀਕ ਬਾਬਾ ਪੂਰਨ ਸਿੰਘ ਜਨੇਤਪੁਰਾ ਖ਼ੁਦ ਉਸ ਵੇਲੇ ਉਚੇਰੀ ਪੜ੍ਹਾਈ ਲਈ ਕੈਨੇਡਾ ਪਹੁੰਚ ਰਹੇ ਸਨ। ਵੈਨਕੁਵਰ ਦੇ ਕੈਨੇਡਾ ਪਲੇਸ ਦਾ ਸੈਕੰਡਰੀ ਨਾਮ ਕੋਮਾਗਾਟਾ ਮਾਰੂ ਪਲੇਸ ਰੱਖਣ ਦੀ ਵੱਡੀ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਲੇਖਕ ਤੇ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬੀਆਂ ਦੇ ਸੰਘਰਸ਼ ਦਾ ਇੱਕ ਅਹਿਮ ਪੰਨਾਂ ਅੰਤਰਰਾਸ਼ਟਰੀ ਪੱਧਰ ’ਤੇ ਹੋਰਨਾਂ ਕੌਮਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ, ਕਿਉਂਕਿ ਕੋਮਾਗਾਟਾ ਮਾਰੂ ਸਾਕਾ ਹੁਣ ਕੈਨੇਡਾ ਦੇ ਇਤਿਹਾਸਕ ਅਜੂਬੇ ਨਾਲ ਪੱਕੇ ਤੌਰ ’ਤੇ ਜੁੜ ਚੁੱਕਾ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ’ਤੇ ਮਾਣ ਮਹਿਸੂਸ ਕਰ ਸਕਣਗੀਆਂ।
ਗੁਰਪ੍ਰੀਤ ਸਿੰਘ ਤਲਵੰਡੀ ਸੰਪਰਕ: 778-980-9196