ਮੈਲਬੌਰਨ — ਊਰਜਾ ਖੇਤਰ ਦੇ ਭਾਰਤੀ ਕਾਰੋਬਾਰੀ ਅਡਾਣੀ ਦੇ ਆਸਟ੍ਰੇਲੀਆ ਵਿਚ ਵਿਵਾਦਾਂ ਨਾਲ ਘਿਰੇ ਕਾਰਮਾਇਕਲ ਕੋਲਾ ਖੋਦਾਈ ਪ੍ਰੋਜੈਕਟ ਦੀ ਰਾਹ ਵਿਚ ਇਕ ਵਾਰੀ ਫਿਰ ਰੁਕਾਵਟ ਪੈਦਾ ਹੋ ਗਈ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਚੀਨ ਦੇ ਦੋ ਸਰਕਾਰੀ ਬੈਂਕਾਂ ਨੇ ਕਿਹਾ ਹੈ ਕਿ ਉਦਯੋਗਾਂ ਨੂੰ ਵਿੱਤੀ ਮਦਦ ਮੁਹੱਈਆ ਕਰਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਕਾਰਮਾਇਕਲ ਕੋਲਾ ਖੋਦਾਈ ਪ੍ਰੋਜੈਕਟ ‘ਤੇ ਸੰਘੀ ਅਤੇ ਕੁਈਨਜ਼ਲੈਂਡ ਰਾਜ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਨਿਰਮਾਣ ਕੰਮ ਸ਼ੁਰੂ ਹੋਣਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿਚੋਂ ਇਕ ਖੋਦਾਈ ਪ੍ਰੋਜੈਕਟ ਵਿਚ 16.5 ਅਰਬ ਡਾਲਰ ਦੇ ਨਿਵੇਸ਼ ਦਾ ਪ੍ਰਸਤਾਵ ਹੈ। ਅਡਾਣੀ ਸਮੂਹ ਕੁਈਨਜ਼ਲੈਂਡ ਵਿਚ ਆਪਣੇ ਪ੍ਰਸਤਾਵਿਤ ਖੋਦਾਈ ਪ੍ਰੋਜੈਕਟ ਦੇ ਪਹਿਲੇ ਪੜਾਅ ਲਈ ਮਾਰਚ 2018 ਤੱਕ 2 ਅਰਬ ਆਸਟ੍ਰੇਲੀਆਈ ਡਾਲਰ ਦਾ ਕਰਜ਼ ਚਾਹੁੰਦਾ ਹੈ। ਆਸਟ੍ਰੇਲੀਅਨ ਬਰੋਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ (ਆਈ. ਸੀ. ਬੀ. ਸੀ.) ਨੇ ਇਕ ਬਿਆਨ ਵਿਚ ਸਪਸ਼ੱਟ ਕੀਤਾ ਕਿ ਕੁਈਨਜ਼ਲੈਂਡ ਵਿਚ ਅਡਾਣੀ ਦੀ ਪ੍ਰਸਤਾਵਿਤ ਖਾਨ ਲਈ ਕਰਜ਼ ਦੇਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਆਈ. ਸੀ . ਬੀ. ਸੀ. ਨੇ ਆਪਣੀ ਵੈਬਸਾਈਟ ‘ਤੇ ਇਕ ਬਿਆਨ ਵਿਚ ਕਿਹਾ,”ਆਈ. ਸੀ . ਬੀ. ਸੀ. ਇਸ ਪ੍ਰੋਜੈਕਟ ਲਈ ਵਿੱਤ ਦੀ ਵਿਵਸਥਾ ਵਿਚ ਸ਼ਾਮਿਲ ਨਹੀਂ ਹੋ ਰਿਹਾ ਹੈ। ਉਸ ਦਾ ਇਸ ਤਰ੍ਹਾਂ ਕਰਨ ਦਾ ਕੋਈ ਇਰਾਦਾ ਵੀ ਨਹੀਂ ਹੈ।” ਇਸ ਵਿਚ ਕਿਹਾ ਗਿਆ,”ਆਈ. ਸੀ . ਬੀ. ਸੀ. ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਬਹੁਤ ਮਹੱਤਵ ਦਿੰਦਾ ਹੈ।”
ਖਬਰ ਮੁਤਾਬਕ ਕੋਲੇ ਦਾ ਜ਼ਿਕਰ ਨਾ ਕਰਦੇ ਹੋਏ ਆਈ. ਸੀ . ਬੀ. ਸੀ. ਨੇ ਕਿਹਾ ਕਿ ਨਵੇਂ ਊਰਜਾ ਪ੍ਰੋਜੈਕਟਾਂ ਲਈ ਉਹ ਆਸਟ੍ਰੇਲੀਆ ਵਿਚ ਵਿੱਤੀ ਮਦਦ ਮੁਹੱਈਆ ਕਰਾਉਂਦਾ ਰਿਹਾ ਹੈ। ਇਸ ਤੋਂ ਪਹਿਲਾਂ ਚਾਈਨਾ ਕੰਨਸਟਰਕਸ਼ਨ ਬੈਂਕ ਨੇ ਵੀ ਪ੍ਰੋਜੈਕਟ ਨੂੰ ਵਿੱਤੀ ਮਦਦ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ,”ਉਹ ਅਡਾਣੀ ਕਾਰਮਾਇਕਲ ਖਾਨ ਪ੍ਰੋਜੈਕਟ ਵਿਚ ਸ਼ਾਮਿਲ ਨਹੀਂ ਹੈ ਅਤੇ ਨਾ ਹੀ ਇਸ ਵਿਚ ਭਾਗੀਦਾਰੀ ਦਾ ਚਾਹਵਾਨ ਹੈ।” ਇਸ ਪ੍ਰੋਜੈਕਟ ‘ਤੇ ਵਾਤਾਵਰਣ ਦੇ ਰੱਖਿਅਕਾਂ ਅਤੇ ਕੁਝ ਹੋਰ ਜਾਤੀ ਸਮੂਹਾਂ ਨੇ ਵਿਰੋਧ ਜ਼ਾਹਰ ਕੀਤਾ ਹੈ।