ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬੀ ਗੀਤਾਂ ਵਿਚ ਲੱਚਰਤਾ ਅਤੇ ਹੋਰ ਭੜਕਾਊ ਤੱਥਾਂ ਦੀ ਪੜਚੋਲ ਬਾਰੇ ਉਪਰਾਲੇ ਕਰਨ ਬਾਰੇ ਵਿਚਾਰ ਕਰਨ ਲਈ ਕਿਹਾ ਹੈ | ਦਰਅਸਲ ਪਿਛਲੇ ਸਾਲ ਬਠਿੰਡਾ ਵਿਖੇ ਇਕ ਵਿਆਹ ਸਮਾਗਮ ‘ਚ ਡਾਂਸਰ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਦਾ ਹਵਾਲਾ ਦਿੰਦਿਆਂ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਤ ਰਾਵ ਧਨੇਸ਼ਵਰ ਨੇ ਇਕ ਲੋਕਹਿੱਤ ਪਟੀਸ਼ਨ ਦਾਖ਼ਲ ਕਰਕੇ ਕਿਹਾ ਸੀ ਕਿ ਗੀਤਾਂ ਵਿਚ ਲੱਚਰਤਾ, ਸ਼ਰਾਬ ਅਤੇ ਹਥਿਆਰਾਂ ਦੇ ਜ਼ਿਕਰ ਤੋਂ ਇਲਾਵਾ ਔਰਤਾਂ ਬਾਰੇ ਮੰਦੀ ਭਾਸ਼ਾ ਦੀ ਵਰਤੋਂ ਕਾਰਨ ਸਮਾਜ ਵਿਚ ਔਰਤਾਂ ਪ੍ਰਤੀ ਉਕਸਾਊ ਿਖ਼ਆਲ ਪਣਪਦੇ ਹਨ ਅਤੇ ਅਜਿਹੇ ਗੀਤਾਂ ਦੇ ਸਿੱਟੇ ਵਜੋਂ ਬਠਿੰਡਾ ਵਰਗੀ ਘਟਨਾਵਾਂ ਹੁੰਦੀਆਂ ਹਨ | ਬੁੱਧਵਾਰ ਨੂੰ ਸੁਣਵਾਈ ਦੌਰਾਨ ਪੰਡਤ ਧਨੇਸ਼ਵਰ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਮਾਮਲਾ ਮੁੱਖ ਮੁੱਦੇ ਤੋਂ ਭਟਕ ਰਿਹਾ ਹੈ, ਲਿਹਾਜ਼ਾ ਗੀਤਾਂ ‘ਤੇ ਧਿਆਨ ਦੇਣ ਲਈ ਕੇਂਦਰ ਨੂੰ ਹਦਾਇਤ ਕੀਤੀ ਜਾਣੀ ਚਾਹੀਦੀ ਹੈ | ਇਸੇ ‘ਤੇ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਉਕਤ ਹਦਾਇਤ ਕੀਤੀ ਹੈ |