ਰੁੱਕਿਆਂ ਤੋਂ ਵੱਟਸਐਪ ਤੱਕ

0
643

ਅਜਕੱਲ੍ਹ ਮੁੱਖ ਦਫਤਰ ਤੋਂ ਜਾਰੀ ਹੁੰਦੇ ਪੱਤਰ ’ਤੇ ਹੋਏ ਦਸਤਖ਼ਤਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਹੁੰਦੀ ਕਿ ਉਹ ਸਕਿੰਟਾਂ ਵਿੱਚ ਲੰਬਾ ਸਫ਼ਰ ਤੈਅ ਕਰ ਲੈਂਦਾ ਹੈ। ਅੱਖ ਦੇ ਫੋਰ ਵਿੱਚ ਹੀ ਉਹ ਅਣਗਿਣਤ ਗਰੁੱਪਾਂ ਦਾ ਸ਼ਿੰਗਾਰ ਬਣ ਜਾਂਦਾ ਹੈ। ਕਦੇ ਸੰਚਾਰ ਦੇ ਸਾਧਨ ਇੰਨੇ ਤੇਜ਼ ਰਫ਼ਤਾਰ ਹੋ ਜਾਣਗੇ, ਸੋਚ ਤੋਂ ਪਰ੍ਹਾਂ ਦੀ ਗੱਲ ਹੁੰਦੀ ਸੀ। 1996 ਦੀ ਪਹਿਲੀ ਤਿਮਾਹੀ ਵਿੱਚ ਸਾਡੇ ਪਿੰਡ ਅਖ਼ਬਾਰ ਆਉਣੀ ਸ਼ੁਰੂ ਹੋਈ ਸੀ। ਅਖਬਾਰਾਂ ਵੰਡਣ ਵਾਲਾ ਅੱਛਰ ਸਿੰਘ ਬੜਾ ਹਿੰਮਤੀ ਅਤੇ ਸਿਰੜੀ ਬੰਦਾ ਸੀ। ਕਈ ਪਿੰਡਾਂ ਵਿੱਚੋਂ ਹੋ ਕੇ ਸਾਈਕਲ ਰਾਹੀਂ 75-80 ਕਿਲੋਮੀਟਰ ਦਾ ਪੈਂਡਾ ਮਾਰ ਦਿਨ ਚੜ੍ਹਦੇ ਤੱਕ ਉਹ ਅਖ਼ਬਾਰ ਘਰੋ-ਘਰੀ ਪੁੱਜਦੀ ਕਰ ਦਿੰਦਾ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਅਖ਼ਬਾਰੀ ਖ਼ਬਰ ਪੜ੍ਹੀ ਸੀ ਕਿ ਭਵਿੱਖ ਵਿੱਚ ਅਜਿਹੇ ਫੋਨ ਆ ਜਾਣਗੇ ਜਿਨ੍ਹਾਂ ਰਾਹੀਂ ਪਤਾ ਲਗ ਜਾਇਆ ਕਰੂਗਾ ਕਿ ਬੰਦਾ ਐਸ ਵੇਲੇ ਕਿੱਥੇ ਹੈ। ਖ਼ਬਰ ਪੜ੍ਹ ਕੇ ਬੜੀ ਹੈਰਾਨੀ   ਹੋਈ ਕਿ ਕੀ ਅਜਿਹਾ ਵੀ ਹੋ ਸਕਦਾ ਹੈ। ਨਤੀਜਾ ਸਾਡੇ ਸਾਹਮਣੇ ਹੈ। ਹੁਣ ਇਹ ਮੋਬਾਈਲ ਸਾਰਿਆਂ ਦੇ ਖੀਸੇ ਦਾ ਸ਼ਿੰਗਾਰ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਇਸਨੇ ਸਾਰਿਆਂ ਨੂੰ ਜਕੜ ਲਿਆ ਲਗਦਾ ਹੈ। ਜੇ ਕਿਤੇ ਮੋਬਾਈਲ ਘਰ ਰਹਿ ਜਾਵੇ ਤਾਂ ਬੰਦਾ ਗੁਆਚਿਆ-ਗੁਆਚਿਆ ਮਹਿਸੂਸ ਕਰਦਾ ਹੈ।
ਸਾਡੇ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਨ ਵੇਲੇ ਸਕੂਲਾਂ ਵਿੱਚ ਆਪਸੀ ਸੰਚਾਰ ਦਾ ਜ਼ਰੀਆ ਸਿਰਫ ਰੁੱਕੇ ਹੁੰਦੇ ਸਨ। ਕਾਗਜ਼ ਦੇ ਇੱਕ ਟੁਕੜੇ ’ਤੇ ਸੁਨੇਹਾ ਲਿਖ ਕੇ ਸਕੂਲ ਦੀ ਸਭ ਤੋਂ ਵੱਡੀ ਜਮਾਤ ਭਾਵ ਪੰਜਵੀਂ ਦੇ ਦੋ ਮੁੰਡੇ ਲਾਗਲੇ ਪਿੰਡ ਦੇ ਸਕੂਲ ਲਈ ਭੇਜੇ ਜਾਂਦੇ ਸਨ। ਕਈ ਮੁੰਡੇ ਪਹਿਲਾਂ ਹੀ ਇਸ ਤਾਕ ਵਿੱਚ ਹੁੰਦੇ ਸਨ ਕਿ ਉਨ੍ਹਾਂ ਨੂੰ ਕਦੋਂ ਰੁੱਕਾ ਦੇ ਕੇ ਭੇਜਿਆ ਜਾਵੇ। ਇਹ ਮੁੰਡੇ ਦੂਜੇ ਸਕੂਲ ਤੱਕ ਪਗਡੰਡੀ ਰਾਹੀਂ ਪੈਦਲ ਜਾਂ ਖੇਤੋ-ਖੇਤੀਂ ਬੜੇ ਚਾਈਂ-ਚਾਈਂ ਜਾਂਦੇ। ਇੱਕ ਵਾਰ ਸਕੂਲੋਂ ਇਸ ਕੰਮ ਲਈ ਰਵਾਨਾ ਹੋਏ,ਛੁੱਟੀ ਹੋਣ ਤੱਕ ਹੀ ਸਕੂਲ ਵੜਦੇ। ਜਦੋਂ ਕਦੇ ਰਸਤੇ ਵਿੱਚ ਗੰਨੇ ਭੰਨ ਕੇ ਚੂਪਣ ਅਤੇ ਖੇਤਾਂ ਵਿੱਚੋਂ ਮੂਲੀਆਂ ਪੁੱਟ ਕੇ ਖਾਣ ਦੇ ਉਲਾਂਭੇ ਮਾਸਟਰ ਜੀ ਨੂੰ ਮਿਲਦੇ ਤਾਂ ਇਨ੍ਹਾਂ ਮੁੰਡਿਆਂ ਨੂੰ ਬਲੈਕਲਿਸਟ ਕਰਕੇ ਹੋਰਾਂ ਦੀ ਡਿਊਟੀ ਲਗ ਜਾਂਦੀ। ਜਿਸ ਸਕੂਲ ਵਿੱਚ ਇਹ ਰੁੱਕਾ ਪਹੁੰਚਦਾ, ਉਹ ਅਗਾਂਹ ਆਪਣੇ ਬੱਚਿਆਂ ਰਾਹੀਂ ਅਗਲੇ ਸਕੂਲ ਭੇਜ ਦਿੰਦੇ। ਇਸੇ ਤਰ੍ਹਾਂ ਅਗਾਂਹ ਲੜੀ ਬਣ ਜਾਂਦੀ। ਰੁੱਕਿਆਂ ਵਿੱਚ ਜੋ ਲਿਖਿਆ ਹੁੰਦਾ, ਬੱਚੇ ਉਹ ਰਸਤੇ ਵਿੱਚ ਹੀ ਪੜ੍ਹ ਲੈਂਦੇ।
ਸਾਡੇ ਇੱਕ ਅਧਿਆਪਕ ਨੇ ਇੱਕ ਵਾਰ ਨਵੀਂ ਤਰਕੀਬ ਸੋਚੀ ਕਿ ਬੱਚੇ ਰੁੱਕੇ ਵਿੱਚ ਲਿਖੇ ਸੁਨੇਹੇ ਨੂੰ ਨਾ ਪੜ੍ਹ ਸਕਣ। ਉਹ ਲਿਖਦੇ ਸਮੇਂ ਉਰਦੂ ਵਾਂਗ ਸੱਜੇ ਪਾਸਿਓਂ ਖੱਬੇ ਵੱਲ ਨੂੰ ਪੰਜਾਬੀ ਦੇ ਪੁੱਠੇ ਅੱਖ਼ਰ ਲਿਖਦੇ ਸਨ ਜੋ ਸ਼ੀਸੇ ਵਿੱਚ ਦੇਖ ਕੇ ਹੀ ਪੜ੍ਹੇ ਜਾ ਸਕਦੇ ਸਨ। ਮਾਸਟਰ ਜੀ ਵਲੋਂ ਇਹ ਇੱਕ ਤਰ੍ਹਾਂ ਨਾਲ਼ ਸੀਲਬੰਦ ਚਿੱਠੀ ਹੁੰਦੀ ਸੀ। ਮਾਸਟਰ ਜੀ ਦੀ ਪੁੱਠੇ ਅੱਖ਼ਰ ਲਿਖਣ ਦੀ ਮੁਹਾਰਤ ਇੰਨੀ ਹੋ ਗਈ ਸੀ ਕਿ ਉਹ ਬੜੀ ਤੇਜ਼ੀ ਨਾਲ਼ ਇਹ ਕੰਮ ਕਰਦੇ ਸਨ। ਸਪੀਡ ਨਾਲ ਪੁੱਠੇ ਅੱਖ਼ਰ ਲਿਖਣੇ ਮੈਂ ਮਾਸਟਰ ਜੀ ਵੱਲ ਦੇਖ ਕੇ ਸਿੱਖੇ। ਕਰੀਬ ਬਾਰਾਂ ਕੁ ਸਾਲ ਪਹਿਲਾਂ ਸਕੂਲਾਂ ਵਿੱਚ ਕੰਪਿਊਟਰਾਂ ਦੀ ਪਹਿਲੀ ਖੇਪ ਪਹੁੰਚੀ। ਭਾਵੇਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਹੁਣ ਵਰਗਾ ਤੇਜ਼ ਨਹੀਂ ਸੀ ਪਰ ਇੱਕ ਨਵੇਂ ਦੌਰ ਦਾ ਮੁੱਢ ਜ਼ਰੂਰ ਬੱਝਿਆ। ਵਕਤ ਨੇ ਅੰਗੜਾਈ ਲਈ। ਉਸ ਤੋਂ ਪਹਿਲਾਂ ਸਕੂਲਾਂ ਵਿੱਚ ਕਰਵਾਈਆਂ ਜਾਂਦੀਆਂ ਮਹੀਨਾਵਾਰ ਗਤੀਵਿਧੀਆਂ ਦੀ ਵੰਡ ਵਾਲਾ ਵਿੱਦਿਅਕ ਕੈਲੰਡਰ ਸਕੂਲਾਂ ਤੱਕ ਪਹੁੰਚਣਾ ਯਕੀਨੀ ਨਹੀਂ ਸੀ ਹੁੰਦਾ। ਮਹੀਨਾਵਾਰ ਮੀਟਿੰਗ ਵਿੱਚ ਜੇ ਕਿਤੇ ਮਿਲ ਗਿਆ ਤਾਂ ਮਿਲ ਗਿਆ , ਫਿਰ ਕਿੱਥੇ ਲੱਭਦਾ ਸੀ। ਇਹ ਕੈਲੰਡਰ ਹੁਣ ਵਰਗਾ ਰੰਗੀਨ ਅਤੇ ਵਧੀਆ ਨਹੀਂ, ਸਗੋਂ ਇੱਕ ਸਾਦੇ ਕਾਗਜ਼ ’ਤੇ ਮਸ਼ੀਨ ਨਾਲ਼ ਟਾਈਪ ਕੀਤਾ ਹੁੰਦਾ ਸੀ। ਸਾਡਾ ਇਸ ਵਿੱਦਿਅਕ ਕੈਲੰਡਰ ਦਾ ਪਿੱਛਾ ਕਰਨ ਦਾ ਮਕਸਦ ਨਵੰਬਰ ਮਹੀਨੇ ਵਿੱਚ ਵਿੱਦਿਅਕ ਟੂਰ ਲੈ ਕੇ ਜਾਣਾ ਹੁੰਦਾ ਸੀ। ਇਸ ਅਨੁਸਾਰ ਹੀ ਸਾਡਾ ਵਿੱਦਿਅਕ ਯਾਤਰਾ ਦਾ ਸਮੁੱਚਾ ਪ੍ਰੋਗਰਾਮ ਤੈਅ ਹੁੰਦਾ ਸੀ। ਇੱਕ ਸਾਲ ਤਾਂ ਇਹ ਕੈਲੰਡਰ ਸਾਡੇ ਹੱਥ ਲਗ ਗਿਆ, ਜਿਸਨੂੰ ਮੁੱਖ ਰੱਖ ਕੇ ਅਸੀਂ ਟੂਰ ਦੀ ਯੋਜਨਾ ਬਣਾ ਲਈ। ਦੂਜੇ ਸਾਲ ਅਸੀਂ ਇਸ ਕੈਲੰਡਰ ਨੂੰ ਲੱਭਦੇ ਜ਼ਿਲ੍ਹਾ ਦਫਤਰ ਤੋਂ ਮੁੱਖ ਦਫਤਰ ਪਹੁੰਚ ਗਏ। ਰਾਤ ਵੀ ਰਹਿਣਾ ਪਿਆ ਪਰ ਵਿੱਦਿਅਕ ਕੈਲੰਡਰ ਨਾ ਮਿਲਿਆ। ਦੂਜੇ ਦਿਨ ਨਿਰਾਸ਼ ਖਾਲੀ ਹੱਥ ਪਰਤੇ। ਸਕੂਲਾਂ ਵਿੱਚ ਦੇਰ ਸ਼ਾਮ ਵੇਲੇ ਅਚਾਨਕ ਐਲਾਨੀਆਂ ਜਾਂਦੀਆਂ ਛੁੱਟੀਆਂ ਦਾ ਵੀ ਸਵੇਰੇ ਸਕੂਲ ਜਾ ਕੇ ਹੀ ਪਤਾ ਲਗਦਾ ਹੁੰਦਾ ਸੀ।
ਹੁਣ ਇੰਟਰਨੈੱਟ ਦੀ ਪਹੁੰਚ ਅਤੇ ਤੇਜ਼ੀ ਨਾਲ਼ ਸਮੇਂ ਵਿੱਚ ਜ਼ਿਕਰਯੋਗ ਤਬਦੀਲੀ ਆਈ ਹੈ। ਵਾਟਸਐਪ ਗਰੁੱਪਾਂ ਰਾਹੀਂ ਜੇ ਕੋਈ ਪੁਰਾਣੀ ਤੋਂ ਪੁਰਾਣੀ ਚਿੱਠੀ ਦੀ ਮੰਗ ਕਰਦਾ ਹੈ ਤਾਂ ਸਕਿੰਟਾਂ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਸੂਚਨਾਵਾਂ ਦਾ ਆਦਾਨ-ਪ੍ਰਦਾਨ ਇੰਨਾ ਤੇਜ਼ ਅਤੇ ਸੁਖਾਲਾ ਹੋ ਜਾਵੇਗਾ, ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਜੇਕਰ ਇਸ ਤਕਨਾਲਜੀ ਦੀ ਯੋਗ ਵਰਤੋਂ ਕੀਤੀ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਸਾਡੇ ਅਸਲ ਕੰਮ ’ਤੇ ਇਸ ਸਹੂਲਤ ਦਾ ਮਾੜਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਲੰਬੇ ਪੜਾਅ ਤੋਂ ਬਾਅਦ ਮਿਲੀ ਇਹ ਵੱਡੀ ਸਹੂਲਤ ਕਿਸੇ ਲਈ ਸਮੱਸਿਆ ਨਾ ਬਣੇ, ਇਸ ਗੱਲ ’ਤੇ ਗੌਰ ਕਰਨਾ ਸਾਡਾ ਫਰਜ਼ ਹੈ ਅਤੇ ਧਰਮ ਵੀ।
ਅਮਰੀਕ ਸਿੰਘ ਦਿਆਲ    ਸੰਪਰਕ: 94638- 51568