ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ
ਯੂਨੈਸਕੋ ਨੇ ਸਾਲ 2019 ਨੂੰ ਕੌਮਾਂਤਰੀ ਦੇਸੀ/ਸਵਦੇਸ਼ੀ ਭਾਸ਼ਾਵਾਂ ਦਾ ਵਰ੍ਹਾ ਐਲਾਨਿਆ ਸੀ। ਉਸ ਦਾ ਇਹ ਐਲਾਨ ਸਵਦੇਸ਼ੀ/ਦੇਸੀ ਭਾਸ਼ਾਵਾਂ ਦੀ ਮਹੱਤਤਾ ਨੂੰ ਵਧਾਉਣ ਵੱਲ ਅਹਿਮ ਕਦਮ ਸਿੱਧ ਹੋਇਆ ਹੈ। ਖ਼ਤਰੇ ਅਧੀਨ ਖੇਤਰੀ ਭਾਸ਼ਾਵਾਂ ਦੇ ਸਬੰਧ ‘ਚ ਯੂਨੈਸਕੋ ਦੀ ਰਿਪੋਰਟ ਨੇ ਦੁਨੀਆ ਦੇ ਭਾਸ਼ਾ ਚਿੰਤਕਾਂ ਤੇ ਭਾਸ਼ਾ ਪ੍ਰੇਮੀਆਂ ‘ਚ ਬੇਚੈਨੀ ਪੈਦਾ ਕਰ ਦਿੱਤੀ ਹੈ। ਯੂਨੈਸਕੋ ਅਨੁਸਾਰ ਭਾਰਤ ਦੀਆਂ 197 ਭਾਸ਼ਾਵਾਂ ਖ਼ਤਰੇ ਅਧੀਨ ਹਨ ਜਾਂ ਖ਼ਤਰੇ ਅਧੀਨ ਆਉਣ ਦੀ ਸੰਭਾਵਨਾ ਹੈ।
ਇਨ੍ਹਾਂ ‘ਚੋਂ 81 ਭਾਸ਼ਾਵਾਂ ਅਸੁਰੱਖਿਅਤ ਹਨ, 63 ਨਿਸ਼ਚਿਤ ਰੂਪ ‘ਚ ਖ਼ਤਰੇ ਵਿਚ ਹਨ, 6 ਗੰਭੀਰ ਰੂਪ ਵਿਚ ਖ਼ਤਰੇ ਵਿਚ ਹਨ, 42 ਭਾਸ਼ਾਵਾਂ ਆਪਣੇ ਨਾਜ਼ੁਕ ਦੌਰ ‘ਚੋਂ ਗੁਜ਼ਰ ਰਹੀਆਂ ਹਨ ਜਦਕਿ 5 ਭਾਸ਼ਾਵਾਂ ਲੁਪਤ ਹੋ ਚੁੱਕੀਆਂ ਹਨ। ਇਸ ਸਾਰੇ ਭਾਸ਼ਾਈ ਸਰਵੇ ‘ਤੇ ਨਜ਼ਰ ਮਾਰਦਿਆਂ ਪੰਜਾਬੀ ਭਾਸ਼ਾ ਚਿੰਤਕਾਂ ਤੇ ਭਾਸ਼ਾ ਪ੍ਰੇਮੀਆਂ ‘ਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਭਵਿੱਖ ਦੇ ਖ਼ਤਰਿਆਂ ਸਬੰਧੀ ਕਈ ਤਰ੍ਹਾਂ ਦੇ ਤੌਖਲੇ ਨਜ਼ਰ ਆਏ। ਖ਼ਤਰੇ ਅਧੀਨ ਖੇਤਰੀ ਭਾਸ਼ਾਵਾਂ ਸਬੰਧੀ ਯੂਨੈਸਕੋ ਦੁਆਰਾ ਨਿਰਧਾਰਤ ਮਾਪਦੰਡਾਂ ‘ਤੇ ਨਜ਼ਰ ਮਾਰਦਿਆਂ ਪੰਜਾਬੀ ਭਾਸ਼ਾ ਦੀ ਹੋਂਦ ‘ਤੇ ਕੋਈ ਖ਼ਤਰਾ ਨਜ਼ਰੀਂ ਨਹੀਂ ਪੈਂਦਾ। ਇਸ ਦਾ ਅਰਥ ਇਹ ਨਹੀਂ ਕਿ ਜੇ 197 ਖ਼ਤਰੇ ਅਧੀਨ ਭਾਰਤੀ ਖੇਤਰੀ ਭਾਸ਼ਾਵਾਂ ਦੀ ਸੂਚੀ ‘ਚ ਪੰਜਾਬੀ ਭਾਸ਼ਾ ਨਹੀਂ ਹੈ ਤਾਂ ਅਸੀਂ ਚਿੰਤਾ ਮੁਕਤ ਹੋ ਜਾਈਏ। ਪੰਜਾਬ ‘ਚ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ‘ਤੇ ਝਾਤ ਮਾਰਦਿਆਂ ਇਸ ਦੀ ਹੋਂਦ ਅਤੇ ਭਵਿੱਖ ਸਬੰਧੀ ਚਿੰਤਾ ਹੋਣੀ ਲਾਜ਼ਮੀ ਹੈ। ਇਸ ਸਬੰਧੀ ਕੁਝ ਸਵਾਲ ਮਨ ‘ਚ ਪੈਦਾ ਹੁੰਦੇ ਹਨ ਕਿ ਕੀ ਅਜੋਕੀ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਦੇ ਹਾਣ ਦੀ ਹੋਈ ਹੈ? ਕੀ ਇਹ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੀ ਸਮਝ ਤੋਂ ਦੂਰ ਤਾਂ ਨਹੀਂ ਹੋ ਰਹੀ? ਮੈਂ ਪਿਛਲੇ ਅਠਾਰਾਂ ਸਾਲਾਂ ਤੋਂ ਕਾਲਜ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਂਦਿਆਂ ਕਈ ਤਰ੍ਹਾਂ ਦੇ ਅਨੁਭਵਾਂ ‘ਚੋਂ ਗੁਜ਼ਰਿਆ ਹਾਂ। ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਉਨ੍ਹਾਂ ਕੋਲੋਂ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਹੈ ਜਿਸ ਸਦਕਾ ਮੈਂ ਅਧਿਆਪਨ ਨੂੰ ਹੋਰ ਚੰਗੇਰਾ ਬਣਾਉਣ ਲਈ ਯਤਨਸ਼ੀਲ ਰਿਹਾ ਹਾਂ। ਬਾਰ੍ਹਵੀਂ ਪਾਸ ਕਰਨ ਪਿੱਛੋਂ ਕਾਲਜ ‘ਚ ਅੰਡਰ-ਗ੍ਰੈਜੂਏਟ ਕੋਰਸਾਂ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਾ ਪ੍ਰਤੀ ਗਿਆਨ, ਸਮਝ, ਲਿਖਤ ਅਤੇ ਲਿਖਾਈ ਨੇ ਡਾਹਢਾ ਨਿਰਾਸ਼ ਕੀਤਾ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਢੁੱਕਵੀਂ ਲਿਪੀ ਗੁਰਮੁਖੀ ਲਿਪੀ ਹੈ ਪਰ ਅਫ਼ਸੋਸ ਕਿ ਗੁਰਮੁਖੀ ਲਿਪੀ ਦੇ ਗਿਆਨ ਤੋਂ ਵੀ ਅਜੋਕੇ ਵਿਦਿਆਰਥੀ ਸੱਖਣੇ ਜਾਪਦੇ ਹਨ।
ਵੇਖਣ ‘ਚ ਆਇਆ ਹੈ ਕਿ ਪੈਂਤੀ ਅੱਖਰੀ ਦੇ ਪੈਂਤੀ ਅੱਖਰਾਂ ਦੇ ਨਾਂ ਵੀ ਬਹੁਤਿਆਂ ਨੂੰ ਪਤਾ ਨਹੀਂ ਹੁੰਦੇ। ਜ਼ੁਬਾਨੀ ਪੈਂਤੀ ਤਾਂ ਕਿਸੇ ਵਿਰਲੇ ਨੂੰ ਹੀ ਆਉਂਦੀ ਹੋਵੇਗੀ। ਸ਼ਾਇਦ ਉਹ ਵੀ ਨਹੀਂ। ਅਜੋਕੇ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਗਿਣਤੀ ਨਹੀਂ ਆਉਂਦੀ। ਉਹ ਪੰਜਾਬੀ ‘ਚ ਦਸ ਤੋਂ ਅੱਗੇ ਗਿਣਤੀ ਨਹੀਂ ਬੋਲ ਸਕਦੇ। ਇਲੈਵਨ, ਟਵੈਲਵ, ਥਰਟੀਨ ਦਾ ਤਾਂ ਪਤਾ ਹੈ ਪਰ ਇਸ ਦੇ ਪੰਜਾਬੀ ਨਾਂ ਨਹੀਂ ਆਉਂਦੇ। ਇਸੇ ਤਰ੍ਹਾਂ ਫਾਰਸੀ ‘ਚੋਂ ਆਏ ਪੰਜ ਵਰਨ ਸ਼ ਖ ਗ ਜ਼ ਫ਼ ਦਾ ਉਚਾਰਨ ਤਾਂ ਇਨ੍ਹਾਂ ਲਈ ਦੂਰ ਦੀ ਕੌਡੀ ਜਾਪਦੀ ਹੈ।
ਖ਼ੈਰ! ਅਸੀਂ ਗੱਲ ਕਰ ਰਹੇ ਸਾਂ ਪੰਜਾਬੀ ਲਿਖਣ ਦੀ। ਕਾਲਜੀਏਟਾਂ ‘ਚੋਂ ਕੁਝ ਵਿਦਿਆਰਥੀਆਂ ਨੂੰ ਛੱਡ ਕੇ ਬਹੁਤਿਆਂ ਦੀ ਲਿਖਤ ਤੇ ਲਿਖਾਈ ਵੀ ਬਹੁਤ ਮਾੜੀ ਹੁੰਦੀ ਹੈ। ਦਫ਼ਤਰੀ ਚਿੱਠੀ-ਪੱਤਰ ਜਾਂ ਪ੍ਰਿੰਸੀਪਲ ਨੂੰ ਸੰਬੋਧਤ ਅਰਜ਼ੀ ਤਕ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਨਹੀਂ ਲਿਖਣੀ ਆਉਂਦੀ। ਪੰਜਾਬ ‘ਚ ਪੰਜਾਬੀ ਰਾਜ ਭਾਸ਼ਾ ਦੀ ਹਾਲਤ ਇੰਨੀ ਪਤਲੀ ਕਿਉਂ ਹੈ? ਇਸ ਇਕ ਸਵਾਲ ‘ਚ ਬਹੁਤ ਸਵਾਲ ਲੁਕੇ ਹੋਏ ਹਨ? ਕੀ ਸਕੂਲੀ ਪੱਧਰ ‘ਤੇ ਪੰਜਾਬੀ ਭਾਸ਼ਾ ਦਾ ਅਧਿਆਪਨ ਠੀਕ ਢੰਗ ਨਾਲ ਹੋ ਰਿਹਾ ਹੈ? ਕੀ ਸਕੂਲਾਂ ‘ਚ ਪੜ੍ਹਾਉਣ ਵਾਲੇ ਅਧਿਆਪਕ ਵਿਦਿਆਰਥੀਆਂ ਨੂੰ ਤਨੋਂ-ਮਨੋਂ ਪੰਜਾਬੀ ਵਿਸ਼ੇ ਦਾ ਅਧਿਆਪਨ ਕਰਵਾ ਰਹੇ ਹਨ ਕਿ ਉਹ ਪੰਜਾਬੀ ਪੜ੍ਹਨ ਤੇ ਲਿਖਣ ‘ਚ ਨਿਪੁੰਨ ਹੋ ਸਕਣ? ਸ਼ਾਇਦ ਨਹੀਂ। ਜੇ ਅਜਿਹਾ ਹੁੰਦਾ ਤਾਂ ਬਾਰਾਂ ਕਲਾਸਾਂ ਪੰਜਾਬ ਦੇ ਸਕੂਲਾਂ ‘ਚ ਪੰਜਾਬੀ ਪੜ੍ਹ ਕੇ ਵਿਦਿਆਰਥੀ ਕਾਲਜਾਂ ‘ਚ ਪੁੱਜਦੇ-ਪੁੱਜਦੇ ਪੰਜਾਬੀ ਵਿਸ਼ੇ ‘ਚ ਨਿਪੁੰਨ ਹੁੰਦੇ। ਪਰ ਅਫ਼ਸੋਸ, ਇਨ੍ਹਾਂ ‘ਚੋਂ ਬਹੁਤਿਆਂ ਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਵੀ ਨਹੀਂ ਆਉਂਦੀ। ਜ਼ਿਆਦਾਤਰ ਵਿਦਿਆਰਥੀਆਂ ਦੀ ਅੱਖਰਾਂ ਦੀ ਬਣਾਵਟ ਦੇਖ ਕੇ ਲੱਗਦਾ ਹੈ ਜਿਵੇਂ ਉਨ੍ਹਾਂ ਕਦੇ ਪੰਜਾਬੀ ਲਿਖੀ ਹੀ ਨਾ ਹੋਵੇ। ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਵਿਦਿਆਰਥੀ ਵ੍ਹਟਸਐਪ ਅਤੇ ਫੇਸਬੁੱਕ ‘ਤੇ ਪੰਜਾਬੀ ਰੋਮਨ ਲਿਪੀ ‘ਚ ਲਿਖਦੇ ਹਨ। ਜ਼ਿਆਦਾਤਰ ਵਿਦਿਆਰਥੀ ਲਿਖਦੇ ਸਮੇਂ ਸਘੋਸ਼ ਮਹਾਂਪ੍ਰਾਣ ਧੁਨੀਆਂ /ਭ, ਧ, ਢ, ਝ, ਘ/ ਦੀ ਸੁਰ ਦੀ ਵਰਤੋਂ ਵੀ ਨਹੀਂ ਕਰਦੇ। ਜਿਵੇਂ ਕਿ ਭਾਜੀ ਨੂੰ ਪਾਜੀ, ਝੰਡਾ ਨੂੰ ਚੰਡਾ ਆਦਿ ਲਿਖਦੇ ਹਨ।
ਇਸੇ ਤਰ੍ਹਾਂ ਗੁਰਮੁਖੀ ‘ਚ ਲਿਖਣ ਲੱਗਿਆਂ ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਅੱਧਕ, ਟਿੱਪੀ ਆਦਿ ਦੀਆਂ ਗ਼ਲਤੀਆਂ ਆਮ ਕਰਦੇ ਹਨ। ਬਹੁਤਿਆਂ ਨੂੰ ਤਾਂ ਲਗਾਂ-ਮਾਤਰਾਂ ਦੇ ਨਾਂ ਵੀ ਨਹੀਂ ਪਤਾ। ਇਕ ਰਿਪੋਰਟ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲ 2018 ਦੇ ਦਸਵੀਂ ਦੇ ਨਤੀਜਿਆਂ ਵਿਚ 27000 ਵਿਦਿਅਰਥੀ ਫੇਲ੍ਹ ਸਨ। ਪ੍ਰਾਇਮਰੀ ਸਕੂਲਾਂ ਦੇ ਵੱਡੇ ਪੱਧਰ ‘ਤੇ ਵਿਦਿਆਰਥੀ ਗੁਰਮੁਖੀ ਲਿਪੀ ਠੀਕ ਤਰ੍ਹਾਂ ਨਹੀਂ ਲਿਖ ਸਕਦੇ। ਪਬਲਿਕ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀਆਂ ਪੰਜਾਬੀ ਦੀਆਂ ਪੁਸਤਕਾਂ ਦੀ ਲਿਪੀ ਤਾਂ ਗੁਰਮੁਖੀ ਹੈ ਪਰ ਭਾਸ਼ਾ ਹਿੰਦੀ ਹੈ ਜਿਵੇਂ ਬਸ ਪਰ ਮਤ ਚੜ੍ਹ। ਸੜਕ ਪਰ ਮਤ ਖੜ੍ਹ। ਝੂਠ ਮਤ ਬੋਲੋ ਆਦਿ। ਇਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਕਰਦਿਆਂ ਮੈਂ ਅਤੇ ਮੇਰੇ ਸਾਥੀ ਅਧਿਆਪਕਾਂ ਨੇ ਦੇਖਿਆ ਕਿ ਬੀਏ/ ਬੀਐੱਸਸੀ, ਬੀਐੱਡ ਇੰਟੀਗ੍ਰੇਟਿਡ ਚਾਰ ਸਾਲਾ ਕੋਰਸ ਦੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਦੇ ਪੇਪਰਾਂ ਵਿਚ ਉਨ੍ਹਾਂ ਨੂੰ ਪੰਜਾਬੀ ਹੀ ਠੀਕ ਤਰ੍ਹਾਂ ਨਹੀਂ ਸੀ ਲਿਖਣੀ ਆਉਂਦੀ।
ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਬੀਏ/ਬੀਐੱਸਸੀ, ਬੀਐੱਡ ਦੀ ਪ੍ਰੋਫੈਸ਼ਨਲ ਡਿਗਰੀ ਕਰ ਰਹੇ ਵਿਦਿਆਰਥੀਆਂ ਨੂੰ ਹੀ ਪੰਜਾਬੀ ਲਿਖਣੀ ਨਹੀਂ ਆਉਂਦੀ ਜਿਨ੍ਹਾਂ ਨੇ ਅੱਗੇ ਚੱਲ ਕੇ ਸਕੂਲਾਂ ਵਿਚ ਅਧਿਆਪਕ ਲੱਗਣਾ ਹੈ ਤਾਂ ਉਨ੍ਹਾਂ ਭਵਿੱਖ ਦੇ ਅਧਿਆਪਕਾਂ ਕੋਲੋਂ ਪੰਜਾਬੀ ਦੇ ਚੰਗੇਰੇ ਭਵਿੱਖ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਭਾਵੇਂ ਪੰਜਾਬ ਦੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ‘ਚ ਅਧਿਆਪਨ ‘ਚ ਸੁਧਾਰ ਅਤੇ ਵੱਡੇ-ਵੱਡੇ ਪ੍ਰਾਜੈਕਟਾਂ ਰਾਹੀਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬੀ ਭਾਸ਼ਾ ਦੇ ਮਾਮਲੇ ‘ਚ ਇਹ ਦਾਅਵੇ ਜ਼ਮੀਨੀ ਪੱਧਰ ‘ਤੇ ਸਾਰਥਕ ਹੋਏ ਨਹੀਂ ਦਿਸਦੇ। ਇਸ ਬਾਰੇ ਕਿਸੇ ਵਿਸ਼ੇਸ਼ ਨੀਤੀ ਦੀ ਲੋੜ ਹੈ। ਦੇਖਣ ‘ਚ ਇਹ ਵੀ ਆਇਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ‘ਚ ਅੰਗਰੇਜ਼ੀ ਵਿਸ਼ੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਹੋਰ ਰੋਜ਼ ਅੰਗਰੇਜ਼ੀ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਲੋਪ ਹੋ ਰਹੇ ਸ਼ਬਦਾਂ ਅਤੇ ਸੰਕਲਪਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਇਕ ਚੰਗਾ ਉਪਰਾਲਾ ਹੈ ਪਰ ਇਹ ਉਪਰਾਲੇ ਵਿਦਿਆਰਥੀਆਂ ਦੀ ਵਿਸ਼ੇ ਸਬੰਧੀ ਜਾਣਕਾਰੀ ‘ਚ ਵਾਧਾ ਕਰਦੇ ਹਨ, ਪੰਜਾਬੀ ਭਾਸ਼ਾ ਸਬੰਧੀ ਨਹੀਂ।
ਚਾਹੀਦਾ ਇਹ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਪ੍ਰਾਇਮਰੀ ਸਕੂਲ ਪੱਧਰ ‘ਤੇ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ, ਬੋਲ-ਲਿਖਤ, ਸੁੰਦਰ ਲਿਖਾਈ ਆਦਿ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਵਿਦਿਆਰਥੀ ਪ੍ਰਾਇਮਰੀ ਤੋਂ ਉੱਪਰਲੀਆਂ ਕਲਾਸਾਂ ‘ਚ ਪਹੁੰਚਦੇ ਸਮੇਂ ਪੰਜਾਬੀ ਸ਼ਬਦ-ਜੋੜਾਂ, ਪੰਜਾਬੀ ਪੜ੍ਹਨ ਤੇ ਲਿਖਣ ‘ਚ ਨਿਪੁੰਨ ਹੋ ਜਾਣ। ਇਸ ਸਭ ਵਾਸਤੇ ਸ਼ੁੱਧ ਨੀਅਤ ਅਤੇ ਠੋਸ ਨੀਤੀ ਦੀ ਲੋੜ ਹੈ। ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦਾ ਖ਼ੁਦ ਟਰੇਂਡ ਹੋਣਾ ਲਾਜ਼ਮੀ ਹੈ। ਪ੍ਰਾਇਮਰੀ ਸਕੂਲਾਂ ‘ਚ ਪੜ੍ਹਾ ਰਹੇ ਅਧਿਆਪਕਾਂ ਦੇ ਮਾਤ ਭਾਸ਼ਾ ਪੰਜਾਬੀ ਦੇ ਗਿਆਨ ਤੇ ਅਧਿਆਪਨ ਸਬੰਧੀ ਸੈਮੀਨਾਰ ਅਤੇ ਟਰੇਨਿੰਗ ਕੋਰਸ ਕਰਵਾਏ ਜਾਣੇ ਚਾਹੀਦੇ ਹਨ।
ਇਸ ਮਕਸਦ ਲਈ ਕਾਲਜਾਂ ‘ਚ ਪੜ੍ਹਾ ਰਹੇ ਪੰਜਾਬੀ ਦੇ ਵਿਸ਼ਾ ਮਾਹਰਾਂ ਦੀ ਸਹਾਇਤਾ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ‘ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਵਿਸ਼ੇਸ਼ ਭਰਤੀ ਕੀਤੀ ਜਾਣੀ ਚਾਹੀਦੀ ਹੈ। ਪੰਜਾਬੀ ਭਾਸ਼ਾ ਐਕਟ-2008 ਪੂਰਨ ਰੂਪ ‘ਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਿਸ ਤਹਿਤ ਪੰਜਾਬ ਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ ਦਸਵੀਂ ਜਮਾਤ ਤਕ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੀ ਜ਼ਮੀਨੀ ਪੱਧਰ ‘ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੂੰ ਤੁਰੰਤ ਇਸ ਪਾਸੇ ਹਾਂ-ਪੱਖੀ ਕਦਮ ਚੁੱਕਣੇ ਚਾਹੀਦੇ ਹਨ।
-ਡਾ. ਸੁਰਿੰਦਰ ਪਾਲ ਮੰਡ -ਮੋਬਾਈਲ ਨੰ. : 97819-93072