ਲੁਧਿਆਣਾ, 21 ਸਤੰਬਰ : ਜਲਦੀ ਪੈਸੇ ਕਮਾਉਣ ਦੇ ਚੱਕਰ ਵਿੱਚ ਮਾਲੇਰਕੋਟਲਾ ਦੇ ਦੋ ਮੂੰਗਫਲੀ ਵੇਚਣ ਵਾਲੇ ਨਸ਼ਾ ਤਸਕਰ ਬਣ ਗਏ। ਉੱਤਰ ਪ੍ਰਦੇਸ਼ ‘ਚੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਨ ਵਾਲੇ ਦੋਹਾਂ ਮੁਲਜ਼ਮਾਂ ਨੂੰ ਐਸਟੀਐਫ਼ ਦੀ ਪੁਲੀਸ ਨੇ ਮਿਹਰਬਾਨ ਇਲਾਕੇ ‘ਚ ਨਾਕਾ ਲਾ ਕੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਢਾਈ ਕਰੋੜ ਆਖੀ ਜਾਂਦੀ ਹੈ। ਪੁਲੀਸ ਨੇ ਇਸ ਮਾਮਲੇ ‘ਚ ਮਾਲੇਰਕੋਟਲਾ ਦੇ ਰਹਿਣ ਵਾਲੇ ਭੂਰਾ ਅਤੇ ਮੁਹੰਮਦ ਜਮੀਲ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਪੁਲੀਸ ਨੇ ਉਨ੍ਹਾਂ ਨੂੰ ਰਿਮਾਂਡ ‘ਤੇ ਲਿਆ ਹੈ।
ਐਸਟੀਐਫ਼ ਲੁਧਿਆਣਾ ਦੇ ਇੰਚਾਰਜ ਐਸਆਈ ਹਰਬੰਸ ਸਿੰਘ ਨੇ ਕਿਹਾ ਕਿ ਪੁਲੀਸ ਪਾਰਟੀ ਨੇ ਮਿਹਰਬਾਨ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ਾ ਤਸਕਰੀ ਦੇ ਲਈ ਐਕਟਿਵਾ ‘ਤੇ ਜਾ ਰਹੇ ਹਨ । ਪੁਲੀਸ ਨੇ ਨਾਕੇ ਦੌਰਾਨ ਮੁਲਜ਼ਮਾਂ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਦੋਵਾਂ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਪੁੱਛ-ਗਿੱਛ ‘ਚ ਪਤਾ ਲੱਗਿਆ ਕਿ ਮੁਲਜ਼ਮ ਮਾਲੇਰਕੋਟਲਾ ਇਲਾਕੇ ‘ਚ ਮੂੰਗਫਲੀ ਦੀ ਰੇਹੜੀ ਲਾਉਂਦੇ ਹਨ। ਉਨ੍ਹਾਂ ਜਲਦੀ ਪੈਸੇ ਕਮਾਉਣ ਦੇ ਲਾਲਚ ਵਿੱਚ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਉਤਰ ਪ੍ਰਦੇਸ਼ ਦੇ ਇਲਾਕਿਆਂ ‘ਚੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।
ਹੈਰੋਇਨ ਸਣੇ ਦੋ ਕਾਬੂ
ਮੁੱਲਾਂਪੁਰ ਦਾਖਾ : ਥਾਣਾ ਦਾਖਾ ਅਧੀਨ ਪੈਂਦੀ ਪੁਲੀਸ ਚੌਕੀ ਚੌਕੀਮਾਨ ਦੇ ਇੰਚਾਰਜ ਸੁਰਜੀਤ ਸਿੰਘ ਨੇ ਪੁਲੀਸ ਪਾਰਟੀ ਨਾਲ ਗਸ਼ਤ ਦੌਰਾਨ ਦੋ ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 4-4 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਦਾਖਾ ਵਿੱਚ ਵੱਖ ਵੱਖ ਕੇਸ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਬੱਸੀਆ ਥਾਣਾ ਰਾਏਕੋਟ ਅਤੇ ਜਗਪਾਲ ਸਿੰਘ ਵਾਸੀ ਭੈਣੀ ਬੜਿੰਗਾ ਵਜੋਂ ਹੋਈ ਹੈ।