ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ ‘ਤੇ ਦੇਣ ਜਾ ਰਹੀ ਕੇਂਦਰ ਸਰਕਾਰ!

0
235

ਨਵੀ ਦਿੱਲੀ(ਏਜੰਸੀਆਂ): ਦੇਸ਼ ਦੇ ਕਈ ਹੋਰ ਹਵਾਈ ਅੱਡਿਆਂ ਨੂੰ ਸਰਕਾਰ ਨੇ ਲੀਜ਼ ‘ਤੇ ਦੇਣ ਦੀ ਤਿਆਰੀ ਕਰ ਲਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੱਕ ਸਵਾਲ ਦੇ ਜਵਾਬ ਵਿੱਚ, ਸੰਸਦ ਵਿੱਚ ਕਿਹਾ ਕਿ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (National Monetisation Pipeline) ਦੇ ਤਹਿਤ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ 25 ਹਵਾਈ ਅੱਡਿਆਂ ਨੂੰ ਲੀਜ਼ ‘ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਨ੍ਹਾਂ ਵਿੱਚ ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਤ੍ਰਿਚੀ, ਇੰਦੌਰ, ਰਾਏਪੁਰ, ਕਾਲੀਕਟ, ਕੋਇੰਬਟੂਰ, ਨਾਗਪੁਰ, ਪਟਨਾ, ਮਦੁਰਾਈ, ਸੂਰਤ, ਰਾਂਚੀ, ਜੋਧਪੁਰ, ਚੇਨਈ, ਵਿਜੇਵਾੜਾ, ਵਡੋਦਰਾ, ਭੋਪਾਲ, ਤਿਰੂਪਤੀ, ਹੁਬਲੀ, ਇੰਫਾਲ, ਅਗਰਤਲਾ, ਉਦੈਪੁਰ ਅਤੇ ਦੇਹਰਾਦ ਸ਼ਾਮਲ ਹਨ। ਰਾਜਮੁੰਦਰੀ ਹਵਾਈ ਅੱਡਾ ਸ਼ਾਮਲ ਹੈ। ਇਨ੍ਹਾਂ ਹਵਾਈ ਅੱਡਿਆਂ ਨੂੰ 2022 ਤੋਂ 2025 ਤੱਕ ਲੀਜ਼ ‘ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਆਪਣੇ ਜਵਾਬ ਵਿੱਚ ਕਿਹਾ ਕਿ 2019 ਤੋਂ ਬਾਅਦ ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਨੇ ਬਿਹਤਰ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੇ ਤਹਿਤ 6 ਹਵਾਈ ਅੱਡਿਆਂ ਨੂੰ ਲੀਜ਼ ‘ਤੇ ਦਿੱਤਾ ਹੈ। ਇਹ 6 ਹਵਾਈ ਅੱਡੇ ਲਖਨਊ, ਅਹਿਮਦਾਬਾਦ, ਮੰਗਲੁਰੂ, ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਹਨ। ਮੰਤਰਾਲੇ ਨੇ ਕਿਹਾ ਕਿ ਇਹ 6 ਹਵਾਈ ਅੱਡੇ 50 ਸਾਲਾਂ ਲਈ ਲੀਜ਼ ‘ਤੇ ਦਿੱਤੇ ਗਏ ਹਨ ਪਰ ਇਨ੍ਹਾਂ ਹਵਾਈ ਅੱਡਿਆਂ ਦੀ ਮਲਕੀਅਤ ਸਿਰਫ ਏਅਰਪੋਰਟ ਅਥਾਰਟੀ ਆਫ ਇੰਡੀਆ ਕੋਲ ਹੈ।