ਰੋਮੀ ਨੂੰ ਅੰਮ੍ਰਿਤਸਰ ਜੇਲ੍ਹ ਭੇਜਿਆ

0
162

ਨਾਭਾ : ਹਾਂਗਕਾਂਗ ਤੋਂ ਹਵਾਲਗੀ ’ਤੇ ਲਿਆਂਦੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਰਮਨਜੀਤ ਸਿੰਘ ਉਰਫ ਰੋਮੀ ਨੂੰ ਅੱਜ ਨਾਭਾ ਜੇਲ੍ਹ ’ਚੋਂ ਅੰਮ੍ਰਿਤਸਰ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਅੱਜ ਸਵੇਰੇ ਹੀ ਰੋਮੀ ਨੂੰ ਅੰਮ੍ਰਿਤਸਰ ਦੀ ਜੇਲ੍ਹ ’ਚ ਤਬਦੀਲ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਕਿਸੇ ਖਤਰੇ ਦੀ ਸੂਚਨਾ ਹੋਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਪਹਿਲਾਂ ਤੋਂ ਹੀ ਇਹ ਤੈਅ ਸੀ ਕਿ ਰੋਮੀ ਨੂੰ ਉੱਚ ਸੁਰੱਖਿਆ ਜੇਲ੍ਹ ਵਿੱਚ ਹੀ ਰੱਖਿਆ ਜਾਣਾ ਸੀ। ਲੋੜੀਂਦਾ ਸੁਰੱਖਿਆ ਗਾਰਡ ਮੁਹੱਈਆ ਹੋਣ ਦਾ ਹੀ ਇੰਤਜ਼ਾਰ ਸੀ। ਜ਼ਿਕਰਯੋਗ ਹੈ 2016 ਵਿੱਚ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਨੂੰ ਤੋੜ ਕੇ ਕੁਝ ਗੈਂਗਸਟਰ ਛੇ ਕੈਦੀਆਂ ਨੂੰ ਭਜਾ ਕੇ ਲੈ ਗਏ ਸਨ ਤੇ ਇਸ ਸਾਰੀ ਵਾਰਦਾਤ ਦੇ ਮੁੱਖ ਸਾਜ਼ਿਸ਼ਕਰਤਾ ਮੰਨੇ ਜਾਂਦੇ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲੀਸ ਨੇ ਹਾਂਗਕਾਂਗ ਤੋਂ ਹਵਾਲਗੀ ’ਤੇ 23 ਅਗਸਤ ਨੂੰ ਨਾਭਾ ਜੇਲ੍ਹ ’ਚ ਲਿਆਂਦਾ ਸੀ। ਦੱਸਣਯੋਗ ਹੈ ਕਿ ਰੋਮੀ ਦੀ ਹਵਾਲਗੀ ਇਸ ਸ਼ਰਤ ’ਤੇ ਹੋਈ ਸੀ ਕਿ ਰੋਮੀ ਨੂੰ ਪੁਲੀਸ ਰਿਮਾਂਡ ’ਤੇ ਨਹੀਂ ਲਿਆ ਜਾਵੇਗਾ, ਜਿਸ ਕਾਰਨ ਉਹ ਨਿਆਂਇਕ ਹਿਰਾਸਤ ਵਿੱਚ ਹੀ ਬੰਦ ਹੈ। ਉਸ ਖ਼ਿਲਾਫ਼ ਨਾਭਾ ਕੋਤਵਾਲੀ ਵਿੱਚ ਦੋ ਕੇਸ ਦਰਜ ਹਨ। ਪਹਿਲਾ ਕੇਸ ਜੂਨ 2016 ਵਿੱਚ ਦਰਜ ਕੀਤਾ ਗਿਆ ,ਸੀ ਜਦੋਂ ਉਸ ਨੂੰ ਨਾਭਾ ਅਤਿ ਸੁਰੱਖਿਆ ਜੇਲ੍ਹ ਦੇ ਨੇੜਿਓਂ ਕਥਿਤ ਜੇਲ੍ਹ ਬਰੇਕ ਕਾਂਡ ਲਈ ਰੇਕੀ ਕਰ ਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਦੋ ਮਹੀਨੇ ਬਾਅਦ ਉਹ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਹਾਂਗਕਾਂਗ ਫਰਾਰ ਹੋ ਗਿਆ ਸੀ।