ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ

0
171

ਸੋਚ-ਵਿਚਾਰ ਕਰਦਿਆਂ ਕਈ ਵਾਰ ਕੁਝ ਵਿਸ਼ੇ ਸ਼ਾਇਦ ਕਈਆਂ ਨੂੰ ਔਖੇ ਲੱਗਦੇ ਹੋਣ ਪਰ ਅਜਿਹੀ ਵਿਚਾਰ-ਚਰਚਾ ਤੋਂ ਬਿਨਾਂ ਜ਼ਿੰਦਗੀ ਬੜੀ ਹੀ ਅਧੂਰੀ, ਫਿੱਕੀ ਤੇ ਨੀਰਸ ਹੋ ਜਾਂਦੀ ਹੈ। ਸਾਹਿਤ ਨਾਲ ਜੁੜਿਆ ਇਨਸਾਨ ਆਮ ਕਰਕੇ ਰੱਜੀ ਰੂਹ ਵਾਲਾ ਜਗਿਆਸੂ ਮਨੁੱਖ ਹੁੰਦਾ ਹੈ ਕਿਉਂਕਿ ਉਸ ਦੇ ਕੋਲ ਅਜਿਹਾ ਸਰਮਾਇਆ ਤੇ ਸਮਝ ਹੁੰਦੀ ਹੈ ਜਿਸ ਦੇ ਗੁਆਚਣ ਜਾਂ ਚੋਰੀ ਹੋਣ ਦਾ ਡਰ ਨਹੀਂ ਹੁੰਦਾ। ਗਿਆਨ ਦਾ ਸਰਮਾਇਆ ਅਜਿਹਾ ਹੈ ਜੋ ਕਦੇ ਘਟਦਾ ਨਹੀਂ, ਜਿੰਨਾ ਵੰਡੋ ਜਾਂ ਵਰਤੋ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਆਪਣੇ ਲੋਕਾਂ ਵਾਸਤੇ ਦਿਲ ’ਚ ਦਰਦ ਰੱਖਦਾ ਸਾਹਿਤਕਾਰ ਕੋਮਲਭਾਵੀ ਹੋਣ ਕਰਕੇ ਹਮੇਸ਼ਾ ਹੀ ਸੱਚ ਨਾਲ ਖੜ੍ਹਦਾ ਹੈ, ਸੱਚ ਦਾ ਸਾਥ ਦਿੰਦਾ ਹੈ, ਸੱਚ ਹੀ ਉਸ ਦਾ ਇਸ਼ਟ ਹੋ ਜਾਂਦਾ ਹੈ। ਉਹ ਆਪਣੇ ਸਮਾਜ ਨੂੰ ਹਮੇਸ਼ਾ ਹੀ ਪਹਿਲਾਂ ਤੋਂ ਚੰਗਾ ਦੇਖਣਾ ਚਾਹੁੰਦਾ ਹੈ। ਉਸ ਦੇ ਮਨ ਅੰਦਰ ਸਮਾਜ ਦੀ ਖ਼ੂਬਸੂਰਤੀ ਦੇ ਨਕਸ਼ੇ ਬਣਦੇ ਹਨ ਜੋ ਉਸ ਦੀਆਂ ਲਿਖਤਾਂ ਰਾਹੀਂ ਆਪਣੇ ਲੋਕਾਂ ਦੇ ਸਨਮੁੱਖ ਹੁੰਦੇ ਹਨ। ਉਸ ਦੀ ਸਾਰੀ ਮਿਹਨਤ, ਭੱਜ ਦੌੜ ਤੇ ਲਿਖਤ ਇਸ ਵਾਸਤੇ ਹੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਦਾ ਜੀਵਨ ਸੰਵਾਰ ਸਕੇ। ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਮਾਣਨਯੋਗ ਬਣਾਉਣ ਵਿੱਚ ਆਪਣੇ ਲੋਕਾਂ ਦਾ ਸਾਥ ਦੇ ਸਕੇ। ਸੂਝਵਾਨ ਲਿਖਾਰੀਆਂ ਦੀਆਂ ਲਿਖਤਾਂ ਕਿੰਨੇ ਹੀ ਹੋਰ ਲੋਕਾਂ ਨੂੰ ਚੰਗਿਆਈ ਵੱਲ ਪ੍ਰੇਰਿਤ ਕਰਨ ਦੇ ਮੌਕੇ ਪੈਦਾ ਕਰਦੀਆਂ ਹਨ, ਜਾਂ ਫਿਰ ਚੰਗੀ ਜ਼ਿੰਦਗੀ ਵਾਸਤੇ ਸੰਘਰਸ਼ ਕਰਨ ਲਈ ਪ੍ਰੇਰਨਾ ਦਾ ਸਬੱਬ ਬਣ ਜਾਂਦੀਆਂ ਹਨ।
ਹਰ ਸਮਾਜ ਦੇ ਆਪਣੇ ਮਸਲੇ ਅਤੇ ਆਪਣੇ ਸਰੋਕਾਰ ਹਨ। ਇਹ ਹੀ ਮਸਲੇ ਸੰਵੇਦਨਸ਼ੀਲ ਜਾਂ ਕਹੀਏ ਜਾਗਦੇ ਮਨੁੱਖ ਨੂੰ ਵੀ ਹਲੂਣਦੇ ਹਨ ਕਿ ਉਹ ਅਨੁਭਵ ਰਾਹੀਂ ਆਪਣੇ ਪੱਲੇ ਬੰਨ੍ਹੀ ਅਕਲ ਨੂੰ ਆਪਣੇ ਲੋਕਾਂ ਤੱਕ ਪਹੁੰਚਾਵੇ ਜਿਸ ਨਾਲ ਸਾਰੇ ਸਮਾਜ ਦਾ ਭਲਾ ਹੋ ਸਕੇ। ਇਸ ਤਰ੍ਹਾਂ ਦਾ ਪੜ੍ਹਨ-ਲਿਖਣ ਦੇ ਰਾਹ ਪਿਆ ਮਨੁੱਖ ਸਹਿਜੇ ਸਹਿਜੇ ਦੂਈ-ਦਵੈਤ ਤੇ ਕਿਸੇ ਵੀ ਕਿਸਮ ਦੇ ਵਿਤਕਰਿਆਂ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਵਾਸਤੇ ਤਾਂ ਸਾਰਾ ਹੀ ਪਿੰਡ ਮਿੱਤਰਾਂ ਦਾ ਹੁੰਦਾ ਹੈ। ਉਸ ਦੇ ਅੰਦਰ ਨਫ਼ਰਤ ਦਾ ਨਾਸ਼ ਹੁੰਦਾ ਹੈ ਤੇ ਉਹ ਸਰਬੱਤ ਦੇ ਭਲੇ ਦੀ ਸੋਚ ਦਾ ਲੜ ਫੜ ਲੈਂਦਾ ਹੈ। ਇਸ ਸੋਚ ਦੇ ਲੜ ਲੱਗਿਆ ਮਨੁੱਖ ਥਿੜਕਦਾ ਵੀ ਨਹੀਂ, ਡਰਦਾ ਤੇ ਡਰਾਉਂਦਾ ਵੀ ਨਹੀਂ। ਉਹ ਆਪਣੇ ਸੁਪਨਿਆਂ ’ਚ ਸਿਰਜੇ ਸੰਸਾਰ ਨੂੰ ਹਕੀਕਤ ਬਣਦੇ ਵੇਖਣ ਵਾਸਤੇ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦਾ ਹੈ ਅਤੇ ਆਪਣੇ ਆਪ ਨੂੰ ਸਾਹਿਤ ਦਾ ਸਿਪਾਹੀ ਸਮਝਣ ਲੱਗਦਾ ਹੈ। ਹੁਣ ਹਰ ਕੋਈ ਸਵਾਲ ਕਰੇਗਾ ਕਿ ਸਾਹਿਤ ਦਾ ਸਮਾਜ ਨਾਲ ਕੀ ਰਿਸ਼ਤਾ ਹੁੰਦਾ ਹੈ? ਜਵਾਬ ਵੀ ਬੜਾ ਸਿੱਧਾ ਜਿਹਾ ਹੀ ਹੈ ਕਿ ਸਾਹਿਤ ਨਾ ਹੋਵੇ ਤਾਂ ਸਮਾਜ ਬੜਾ ਹੀ ਨੀਰਸ ਹੋਵੇਗਾ। ਸਾਹਿਤ ਮਨਪ੍ਰਚਾਵੇ ਦਾ ਸਾਧਨ ਹੈ। ਇਸ ਦੇ ਨਾਲ ਹੀ ਸਮਾਜਿਕ ਤਬਦੀਲੀ ਦਾ ਹਥਿਆਰ ਵੀ ਹੈ। ਇਸ ਸਭ ਕਾਸੇ ਦਾ ਮਨੁੱਖੀ ਇਤਿਹਾਸਕ ਵਿਕਾਸ ਵੀ ਗਵਾਹ ਹੈ। ਕਦੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਹੀ ਲੋਕਾਂ ਦੇ ਮਨਾਂ ਦਾ ਢਾਰਸ ਬਣਦੀਆਂ ਸਨ। ਫਿਰ ਉਹ ਯੁੱਗ ਬੀਤਣ ਤੋਂ ਬਾਅਦ ਲੋਕ ਸ਼ਾਮ ਵੇਲੇ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਢਾਣੀਆਂ ਬਣਾ ਕੇ ਬੈਠਦੇ ਅਤੇ ਇਨ੍ਹਾਂ ਸੱਥਾਂ ਵਿੱਚ ਲੋਕ ਕਥਾਵਾਂ ਸੁਣਾਈਆਂ ਵੀ ਜਾਂਦੀਆਂ ਸਨ ਤੇ ਗਾਈਆਂ ਵੀ ਜਾਂਦੀਆਂ ਸਨ। ਇਹੋ ਸੱਥਾਂ ਪਹਿਲ ਪਲੱਕੜੇ ਬੀਜ ਹੁੰਦੀਆਂ ਹਨ ਸਾਹਿਤ ਦੇ ਜਨਮਣ ਤੋਂ ਪਨਪਣ ਤੱਕ ਦੀਆਂ। ਇਸੇ ਤਰ੍ਹਾਂ ਬੀਤੇ ਸਮੇਂ ਅੰਦਰ ਸੌਣ ਤੋਂ ਪਹਿਲਾਂ ਦਾਦੇ ਦਾਦੀ ਵੱਲੋਂ ਬੱਚਿਆਂ ਦੇ ਮਨ ਪ੍ਰਚਾਉਣ ਲਈ ਮਨ ਪ੍ਰਚਾਵੇ ਵਾਲੀਆਂ ਸਿੱਖਿਆਦਾਇਕ ਬਾਤਾਂ ਵੀ ਸੁਣਾਈਆਂ ਜਾਂਦੀਆਂ ਸਨ। ਇਹ ਅਣਜਾਣੇ ਵਿੱਚ ਹੀ, ਅਛੋਪਲੇ ਜਹੇ ਬੱਚਿਆਂ ਦੇ ਮਨ ਅੰਦਰ ਸਾਹਿਤ ਵੱਲ ਜਾਣ ਦੀ ਪ੍ਰੇਰਨਾ ਬਣਦੇ ਸਨ, ਪਰ ਇਸ ਦਾ ਬੜੀ ਦੇਰ ਬਾਅਦ ਪਤਾ ਲੱਗਦਾ ਸੀ। ਵਡੇਰਿਆਂ ਵੱਲੋਂ ਇਹ ਸਾਰੀ ਸਹਿਵਣ ਹੀ ਮਿਲਦੀ ਜੀਵਨ ਜਾਚ ਅੱਜ ਦੇ ਸਮੇਂ ਪਿੰਡਾਂ ਵਿੱਚੋਂ ਅਲੋਪ ਹੋ ਗਈ ਹੈ। ਹੁਣ ਨਾ ਤਾਂ ਪਹਿਲਾਂ ਵਰਗੀ ਜ਼ਿੰਦਗੀ ਦੀ ਤੋਰ ਹੈ, ਨਾ ਹੀ ਪਹਿਲਾਂ ਵਰਗੀ ਵਿਹਲ ਹੈ, ਨਾ ਹੀ ਪਹਿਲਾਂ ਵਰਗੀ ਅਪਣੱਤ ਜਾਂ ਆਪਸੀ ਸਾਂਝ ਹੈ। ਬਦਲੇ ਸਮੇਂ ਨੇ ਲੋਕਾਂ ਕੋਲੋਂ ਪਹਿਲਾਂ ਵਰਗੀ ਬੇਪਰਵਾਹੀ ਵਾਲਾ ਵਕਤ ਖੋਹ ਲਿਆ ਹੈ ਤੇ ਫ਼ਿਕਰਮੰਦੀਆਂ ਹੱਥ ਫੜਾ ਦਿੱਤੀਆਂ ਹਨ। ਹੁਣ ਵਕਤ ਦੇ ਬਦਲਣ ਨਾਲ ਭਾਵ ਕਿ ਜ਼ਿੰਦਗੀ ਜਿਊਣ ਦਾ ਤਰੀਕਾ ਹੀ ਬਦਲ ਗਿਆ ਹੈ, ਜਦੋਂ ਨਵੀਂ ਜੀਵਨ ਜਾਚ ਕਰਕੇ ਜ਼ਿੰਦਗੀ ਦਾ ਤਰੀਕਾ ਬਦਲ ਜਾਵੇ ਤਾਂ ਲੋਕਾਂ ਦੇ ਆਪਸੀ ਵਿਹਾਰ, ਮੇਲ ਮਿਲਾਪ ਦਾ ਸਲੀਕਾ ਵੀ ਬਦਲ ਜਾਂਦਾ ਹੈ। ਇਸੇ ਨੂੰ ਹੀ ਸ਼ਾਇਦ ਆਧੁਨਿਕਤਾ ਦਾ ਨਾਂ ਦਿੱਤਾ ਜਾਂਦਾ ਹੈ। ‘ਆਧੁਨਿਕ’ ਹੋਇਆ ਮਨੁੱਖ ਸਭ ਤੋਂ ਪਹਿਲਾਂ ਆਪਣੇ ਅਤੀਤ ਨਾਲੋਂ ਆਪਣਾ ਨਾੜੂਆ ਤੋੜਨ ਦਾ ਭਰਮ ਪਾਲਦਾ ਹੈ। ਇਸ ਰਾਹੇ ਤੁਰਨ ਲੱਗਿਆਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜੇ ਰਾਹ ਉਹ ਤੁਰਨ ਦਾ ਯਤਨ ਕਰ ਰਿਹਾ ਹੈ ਉਹ ਜਾਂਦਾ ਕਿੱਧਰ ਹੈ? ਪਰ ਬੇਬਸੀ ਦਾ ਆਲਮ ਕਿ ਹੋਰਨਾਂ ਦੀ ਰੀਸੇ ਉਹ ਵੀ ਮਗਰ ਹੀ ਘੜੀਸਿਆ ਤੁਰਿਆ ਚਲਿਆ ਜਾਂਦਾ ਹੈ। ਇਹ ਬਹੁਤ ਹੀ ਚਿੰਤਾ ਭਰਪੂਰ ਅਤੇ ਪੀੜਦਾਇਕ ਸਥਿਤੀ ਹੁੰਦੀ ਹੈ। ਬੱਸ! ਵਾਹ ਪਿਆ ਜਾਣੀਏਂ ਜਾਂ ਰਾਹ ਪਿਆ ਜਾਣੀਏ ਵਾਲੀ ਕਹਾਵਤ ਹੀ ਇੱਥੇ ਚੇਤੇ ਕੀਤੀ ਜਾ ਸਕਦੀ ਹੈ। ਸਾਹਿਤ ਜ਼ਿੰਦਗੀ ਅੰਦਰ ਸੁਹਜ ਪੈਦਾ ਕਰਦਾ ਹੈ, ਜਿਊਣ ਨੂੰ ਤਰੀਕਾਬੱਧ, ਤੇ ਸਲੀਕਾਬੱਧ ਵੀ ਕਰਦਾ ਹੈ, ਅਨੁਸ਼ਾਸਨ ਸਿਖਾਉਂਦਾ ਹੈ, ਨਿਮਰਤਾ ਤੇ ਸਹਿਣਸ਼ੀਲਤਾ ਵੀ। ਕਿਸੇ ਦੂਸਰੇ ਨਾਲ ਗੱਲਬਾਤ ਕਰਨ ਦਾ ਅਪਣੱਤ ਤੇ ਮੋਹ ਭਰਿਆ ਸੰਵਾਦੀ ਤਰੀਕਾ/ਰਾਹ ਵੀ ਸਿਖਾਉਂਦਾ ਹੈ ਤੇ ਸਲੀਕਾ ਵੀ। ਚੀਜ਼ਾਂ-ਵਸਤਾਂ, ਮਸਲਿਆਂ ਤੇ ਸਮਾਜ ਦੇ ਵੱਖੋ ਵੱਖ ਵਰਤਾਰਿਆਂ ਨੂੰ ਨਿਰਖਣ-ਪਰਖਣ ਭਾਵ ਰਿੜਕਣ ਦਾ ਤਰਕ ਆਧਾਰਿਤ ਗੁਣ ਵੀ ਸਾਡੇ ਅੰਦਰ ਪੈਦਾ ਕਰਦਾ ਹੈ। ਸਾਹਿਤ ਸਾਡੇ ਕੋਲ ਹੋਰ ਸੰਚਾਰ ਸਾਧਨਾਂ ਦੇ ਨਾਲ ਹੀ ਕਿਤਾਬਾਂ ਰਾਹੀਂ ਵੀ ਪਹੁੰਚਦਾ ਹੈ। ਇਸ ਕਰਕੇ ਪਹਿਲਾਂ ਕਿਤਾਬਾਂ ਸਾਡੇ ਸੁਭਾਅ ਦਾ ਪੱਕਾ ਅੰਗ ਜਾਂ ਸਾਡੀ ਆਦਤ ਦਾ ਜ਼ਰੂਰੀ ਹਿੱਸਾ ਹੋਣੀਆਂ ਚਾਹੀਦੀਆਂ ਹਨ। ਸਾਡੇ ਕੋਲ ਕਿਤਾਬਾਂ ਵਰਗਾ ਕੋਈ ਹੋਰ ਦੋਸਤ ਨਹੀਂ ਹੁੰਦਾ ਜੋ ਬਿਨਾ ਸਾਥੋਂ ਕੁਝ ਲਿਆਂ ਬਹੁਤ ਕੁਝ ਦੇ ਜਾਵੇ। ਇਹ ਸਾਡੀ ਜ਼ਿੰਦਗੀ ਦਾ ਰੁਖ਼ ਹੀ ਬਦਲ ਦਿੰਦੀਆਂ ਹਨ। ਸ਼ਰਤ ਇਹ ਵੀ ਹੈ ਕਿ ਕਿਤਾਬਾਂ ਸਾਡੇ ਨਿੱਤ ਦੇ ਵਿਹਾਰ ਵਿੱਚ ਸ਼ਾਮਲ ਹੋਣ। ਕੁਝ ਕੁ ਲੋਕਾਂ ਨੂੰ ਸ਼ਾਇਦ ਇਹ ਗੱਲ ਦਰੁਸਤ ਨਾ ਲੱਗੇ, ਪਰ ਹੈ ਸੱਚ ਕਿ ਕਿਤਾਬਾਂ ਵਰਗਾ ਨਸ਼ਾ ਵੀ ਕਿਸੇ ਹੋਰ ਥਾਉਂ ਨਹੀਂ ਮਿਲ ਸਕਦਾ। ਲੋੜ ਹੈ ਇਸ ਨਸ਼ੇ ਜਾਂ ਕਹੀਏ ਆਦਤ ਦੇ ਲੜ ਲੱਗਣ ਦੀ। ਪਹਿਲਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਕਿਤਾਬਾਂ ਪੜ੍ਹੀਆਂ ਕਿਹੜੀਆਂ ਜਾਣ? ਫ਼ੈਸਲਾ ਹਰ ਕਿਸੇ ਦੇ ਆਪਣੇ ਹੱਥ ਹੁੰਦਾ ਹੈ, ਇਸ ਬਾਰੇ ਜਾਣਕਾਰ ਦੂਸਰੇ ਲੋਕਾਂ ਅਤੇ ਸਾਹਿਤ ਦੇ ਖੇਤਰ ਅੰਦਰ ਵਿਚਰਨ ਵਾਲੇ ਮਿੱਤਰਾਂ-ਦੋਸਤਾਂ ਤੋਂ ਪੁੱਛਿਆ ਜਾਂ ਸਲਾਹ ਲਈ ਜਾ ਸਕਦੀ ਹੈ। ਇਹ ਪੱਕਾ ਹੈ ਕਿ ਚੰਗੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਹਰ ਵਿਅਕਤੀ ਦਾ ਸਮਾਜ ਅੰਦਰਲੀਆਂ ਸਮੱਸਿਆਵਾਂ ਨੂੰ ਦੇਖਣ, ਵਿਚਾਰਨ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਅਤੇ ਨਜ਼ਰੀਆ ਹਾਂ ਪੱਖੀ ਤੇ ਉਸਾਰੂ ਹੋ ਜਾਂਦਾ ਹੈ ਜੋ ਹਿੰਸਾ ਰਹਿਤ ਸਮਾਜਿਕ ਤਬਦੀਲੀ ਦਾ ਵਾਹਨ ਵੀ ਬਣ ਸਕਦਾ ਹੈ। ਸਾਹਿਤ ਵੀ ਕਈ ਤਰ੍ਹਾਂ ਦਾ ਹੈ ਧਾਰਮਿਕ ਵਿਸ਼ਿਆਂ ਬਾਰੇ ਲਿਖਤਾਂ ਹਨ, ਸਮਾਜਿਕ ਮਸਲਿਆਂ ਨੂੰ ਹੰਘਾਲਦੀਆਂ ਲਿਖਤਾਂ ਹਨ, ਰਾਜਨੀਤਕ ਤੇ ਆਰਥਿਕ ਫਲਸਫ਼ਿਆਂ ਦਾ ਵਿਖਿਆਨ ਕਰਨ ਵਾਲਾ ਸਾਹਿਤ, ਤਰਕਸ਼ੀਲ ਸਾਹਿਤ, ਤਕਨੀਕੀ ਗਿਆਨ, ਵਿਗਿਆਨ ਜਾਂ ਫਿਰ ਹੋਰ ਹਰ ਕਿਸਮ ਦੇ ਵਿਸ਼ਿਆਂ ਬਾਰੇ। ਕਿਤਾਬਾਂ ਦੀਆਂ ਵੱਡੀਆਂ ਦੁਕਾਨਾਂ ਵਿੱਚ ਜਾਉ ਤਾਂ ਲੱਖਾਂ ਕਿਤਾਬਾਂ ਦੇ ਦਰਸ਼ਨ ਹੁੰਦੇ ਹਨ, ਲਾਇਬ੍ਰੇਰੀਆਂ ਵਿੱਚ ਜਾਉ ਤਾਂ ਮਿਲੀਅਨਾਂ ਦੇ ਹਿਸਾਬ ਨਾਲ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਪਈਆਂ ਹਨ। ਹਰ ਕਿਤਾਬ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਹੀ ਲਿਖੀ ਗਈ ਹੁੰਦੀ ਹੈ। ਹੁਣ ਆਪ ਹੀ ਅੰਦਾਜ਼ਾ ਲਾਉ ਕਿ ਸਾਡੇ ਸੰਸਾਰ ਵਿੱਚ ਕਿੰਨੀਆਂ ਸਮੱਸਿਆਵਾਂ ਹਨ, ਉਹ ਕਿਤਾਬਾਂ ਤੋਂ ਵੀ ਬਹੁਤ ਜ਼ਿਆਦਾ ਹਨ। ਅਜੇ ਤਾਂ ਬਹੁਤ ਸਾਰੀਆਂ ਲਿਖੀਆਂ ਜਾਣੀਆਂ ਹਨ। ਸਾਡੇ ਪੰਜਾਬੀ ਸਮਾਜ ਵਿੱਚ ਵੀ ਦਿਨ ਪ੍ਰਤੀ ਦਿਨ ਕਿਤਾਬਾਂ ਦਾ ਰੁਝਾਨ ਵਧ ਰਿਹਾ ਹੈ। ਸਾਹਿਤ ਦੇ ਲੜ ਲੱਗ ਕੇ ਅਸੀਂ ਜ਼ਿੰਦਗੀ ਬਰਬਾਦ ਕਰਨ ਵਾਲੀਆਂ ਬਹੁਤ ਸਾਰੀਆਂ ਭੈੜੀਆਂ ਆਦਤਾਂ ਜਾਂ ਅਲਾਮਤਾਂ ਤੋਂ ਬਚ ਸਕਦੇ ਹਾਂ। ਮਨ ਵਿੱਚ ਅਕਾਰਨ ਹੀ ਪਾਲੀ ਗਈ ਜਾਂ ਦੂਸਰਿਆਂ ਪ੍ਰਤੀ ਪਾਲੀ ਜਾ ਰਹੀ ਨਫ਼ਰਤ ਮੁੱਕਣ ਲੱਗਦੀ ਹੈ, ਮਨੁੱਖਾਂ ਅੰਦਰਲੇ ਪਾੜੇ ਘੱਟ ਹੋਣ ਲਗਦੇ ਹਨ। ਮਨੁੱਖ ਸਬਰ-ਸੰਤੋਖ ਵੱਲ ਵਧਦਿਆਂ ਸੰਜਮੀ ਅਤੇ ਸਹਿਜ ਹੋਣ ਲੱਗਦਾ ਹੈ। ਔਕੜਾਂ ਭਰਪੂਰ ਸਮਿਆਂ ਵਿੱਚ ਵੀ ਸਾਹਿਤ ਸਾਨੂੰ ਜ਼ਿੰਦਗੀ ਦਾ ਮਕਸਦ ਸਮਝਾ ਕੇ ਔਝੜੇ ਰਾਹਾਂ ਤੋਂ ਪੱਧਰੇ ਰਾਹਾਂ ਵੱਲ ਤੁਰਨ ਦਾ ਗੁਰ/ਜਾਚ ਦੱਸਦਾ ਹੈ। ਫਿਰ ਇਸ ਤੋਂ ਹੋਰ ਸੌਖਾ ਰਾਹ ਕਿਹੜਾ ਹੋ ਸਕਦਾ ਹੈ, ਕਿਉਂ ਨਾ ਇਸ ਰਾਹੇ ਪਿਆ ਜਾਵੇ? ਜੇ ਅਸੀਂ ਆਪਣੇ ਜੱਦੀ ਮੁਲਕ ਦੀ ਗੱਲ ਕਰੀਏ ਕਿ ਸਾਡੇ ਪਿਆਰੇ ਸੂਬੇ ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਬਹੁਤ ਹੋਇਆ ਹੈ (ਇਸ ਦੇ ਕਾਰਨ ਸਮਝਣ ਦੇ ਵੀ ਯਤਨ ਹੋਣੇ ਚਾਹੀਦੇ ਹਨ) ਜਿਸ ਨੇ ਪੰਜਾਬੀਆਂ ਦੀ ਸਾਖ ਨੂੰ ਧੱਕਾ ਲਾਇਆ ਹੈ। ਜੇ ਏਨਾ ਹੀ ਜ਼ੋਰ ਸਾਹਿਤ ਦੇ ਪਸਾਰ ’ਤੇ ਲਾਇਆ ਜਾਂਦਾ ਤਾਂ ਦੁਨੀਆਂ ਸਾਹਮਣੇ ਚਿੰਤਨ ਦੇ ਖੇਤਰ ਵਿੱਚ ਪੰਜਾਬ ਕੋਈ ਵੱਡਾ ਵਿਦਵਾਨ ਪੇਸ਼ ਕਰ ਸਕਦਾ ਸੀ ਜਿਸ ਨਾਲ ਬੌਧਿਕ ਚਿੰਤਨ ਦੇ ਖੇਤਰ ਅੰਦਰ ਦੁਨੀਆਂ ’ਚ ਸਾਡਾ ਨਾਮਣਾ ਵੀ ਹੁੰਦਾ, ਸਤਿਕਾਰ ਵੀ ਮਿਲਦਾ, ਸੰਸਾਰ ਅੰਦਰ ਸਾਡੀ ਪਛਾਣ ਨੂੰ ਸਤਿਕਾਰਤ ਹੁੰਗਾਰਾ ਵੀ ਮਿਲਦਾ। ਅਫ਼ਸੋਸ ਦਰ ਅਫ਼ਸੋਸ ਕਿ ਅਜਿਹਾ ਪੰਜਾਬੀਆਂ ਤੋਂ ਅਜੇ ਤੱਕ ਨਹੀਂ ਹੋ ਸਕਿਆ। ਇਹ ਸਾਹਿਤ ਨਾਲ ਨਾ ਜੁੜਨ ਕਰਕੇ ਹੀ ਹੋਇਆ। ਸਾਡੇ ਸਾਹਿਤਕ ‘ਸੂਝਵਾਨਾਂ’ ਦਾ ਸਫ਼ਰ ਤਾਂ ਘਸਮੈਲ਼ੀਆਂ ਜਹੀਆਂ ‘ਸਨਮਾਨ ਦੀਆਂ ਲੋਈਆਂ’ ਤੇ ਰੰਗਦਾਰ ‘ਫੁਲਕਾਰੀਆਂ’ ਤੋਂ ਹੀ ਅੱਗੇ ਨਹੀਂ ਵਧ ਸਕਿਆ। ਇਹ ਰਾਹ ਕਿਹੜੇ ਪਾਸੇ ਜਾਂਦਾ ਹੈ, ਸੂਝਵਾਨਾਂ ਦੇ ਵਿਚਾਰਨ ਦਾ ਵਿਸ਼ਾ ਹੋਣਾ ਚਾਹੀਦਾ ਸੀ, ਪਰ ਇਹ ਹੋ ਨਾ ਸਕਿਆ। ਨਿਗੂਣੀਆਂ ਗਰਜ਼ਾਂ ਮਾਰੇ ਬੌਣੀ ਸੋਚ ਵਾਲੇ ਲਘੂ ਮਨੁੱਖ ਆਪਣੇ ਸਾਹਿਤਕ ਪ੍ਰਛਾਵੇਂ ਮਿਣਨ ਵਾਲੀ ਗ਼ੁਲਾਮ ਬਿਰਤੀ ਤੋਂ ਹੀ ਆਜ਼ਾਦ ਨਾ ਹੋ ਸਕੇ। ਹੋਰਾਂ ਦੀ ਗੱਲ ਛੱਡੋ ਬੰਗਾਲੀਆਂ ਵਿੱਚ ਪੰਜਾਬੀਆਂ ਤੋਂ ਵੱਧ ਆਪਣੇ ਲੇਖਕਾਂ, ਕਲਾਕਾਰਾਂ, ਬੁੱਧੀਮਾਨਾਂ ਪ੍ਰਤੀ ਸਤਿਕਾਰ ਤੇ ਪਿਆਰ ਹੈ। ਇਹ ਆਪਣੇ ਸਾਹਿਤਕਾਰਾਂ ਦਾ ਮਾਣ ਹੁੰਦਾ ਹੈ, ਪੰਜਾਬੀਆਂ ਕੋਲ ਕਿਉਂ ਨਹੀਂ? ਬੰਗਾਲੀਆਂ ਦੇ ਘਰਾਂ ਵਿੱਚ ਰਾਬਿੰਦਰਨਾਥ ਟੈਗੋਰ ਦੀ ਤਸਵੀਰ ਤੁਹਾਨੂੰ ਮਿਲੇਗੀ। ਯਾਦ ਰਹੇ ਕਿ ਟੈਗੋਰ ਨੂੰ 1913 ਵਿੱਚ ਸਵੀਡਨ ਦੀ ਸਾਹਿਤ ਅਕਾਡਮੀ ਵੱਲੋਂ ਦੁਨੀਆਂ ਦਾ ਸਭ ਤੋਂ ਵੱਡਾ ਗਿਣਿਆ ਜਾਂਦਾ ਇਨਾਮ, ਸਾਹਿਤ ਦਾ ਨੋਬੇਲ ਪੁਰਸਕਾਰ ਮਿਲਿਆ ਸੀ, ਟੈਗੋਰ ਵੱਲੋਂ ਲਿਖੀ ਉਸ ਦੀ ਪੁਸਤਕ ‘ਗੀਤਾਂਜਲੀ’ ਵਾਸਤੇ ਜੋ ਕਵਿਤਾਵਾਂ ਤੇ ਗੀਤਾਂ ਦਾ ਸੰਗ੍ਰਹਿ ਹੈ। ਯਾਦ ਇਹ ਵੀ ਰੱਖਣਾ ਚਾਹੀਦਾ ਹੈ ਕਿ ‘ਗੀਤਾਂਜਲੀ’ ਮੂਲ ਰੂਪ ਵਿੱਚ ਬੰਗਾਲੀ ਭਾਸ਼ਾ ਵਿੱਚ ਲਿਖੀ ਗਈ ਸੀ। ਇਸੇ ਤਰ੍ਹਾਂ ਵੀਹਵੀ ਸਦੀ ਦੇ ਸ਼ੁਰੂ ਤੱਕ ਵੀ ਪੰਜਾਬੀ ਸਮਾਜ ਅੰਦਰ ਬਹੁਤ ਸਾਰੇ ਵਹਿਮ ਭਰਮ ਸਨ। ਇਹ 1930ਵਿਆਂ ਦੁਆਲੇ ਦੀ ਸਥਿਤੀ ਬਾਰੇ ਗੱਲ ਕੀਤੀ ਜਾ ਰਹੀ ਹੈ। ਉਦੋਂ ਪੰਜਾਬੀ ਦੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੇ ਸਾਹਿਤ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਇਸ ਪਾਸਿਉਂ ਮੋੜ ਕੇ ਵਹਿਮਾਂ, ਭਰਮਾਂ ਦਾ ਖਹਿੜਾ ਛੱਡਣ ਦੀ ਪ੍ਰੇਰਨਾ ਦਿੱਤੀ ਸੀ। ਪੰਜਾਬੀਆਂ ਦੇ ਕਿੰਨੇ ਕੁ ਘਰਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਤਸਵੀਰ ਦੇਖੀ ਜਾ ਸਕਦੀ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਵਿਦਵਤਾ ਭਰਪੂਰ ਤਰਕਸ਼ੀਲ ਲਿਖਤਾਂ ਦਾ ਅਸਰ ਸਾਡੇ ਸਮਾਜ ਅਤੇ ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰਾਂ ’ਤੇ ਅੱਜ ਤੱਕ ਵੀ ਹੈ। ਇਸੇ ਤਰ੍ਹਾਂ ਸਾਡੇ ਪੰਜਾਬੀ ਸਾਹਿਤ ਨੂੰ ਪ੍ਰੋ. ਪੂਰਨ ਸਿੰਘ ਨੇ ਪ੍ਰਭਾਵਿਤ ਕੀਤਾ ਸੀ। ਕਿੱਥੇ ਹੈ ਅੱਜ ਸਾਡੇ ਪੂਰਨ ਸਿੰਘ ਦੇ ਕਾਵਿ ਦੀ ਪ੍ਰੰਪਰਾ? ਤੇ ਕਿੱਥੇ ਹੈ ਉਹ ਪੰਜਾਬ ਜਿਸ ਦੇ ਪ੍ਰੋ, ਪੂਰਨ ਸਿੰਘ ਗੁਣ ਗਾਉਂਦਾ ਨਹੀਂ ਸੀ ਥੱਕਦਾ? ਕਾਰਪੋਰੇਟੀ ਸਮੇਂ ਦਾ ਸ਼ਿਕਾਰ ਹੁੰਦਿਆਂ ਸਾਡੇ ਲੋਕਾਂ ਨੇ ਆਪਣੇ ਦਾਨਿਸ਼ਵਰਾਂ (ਸੂਝਵਾਨਾਂ) ਨੂੰ ਵਿਸਾਰ ਦਿੱਤਾ, ਉਨ੍ਹਾਂ ਦੀਆਂ ਸਮਝੌਤੀਆਂ ਨੂੰ ਆਪਣੀ ਜੀਵਨ ਜਾਚ ਤੋਂ ਵੱਖ ਕਰਦੇ ਜਾ ਰਹੇ ਹਨ। ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਆਪਣਾ ਬੌਧਿਕ ਚਿੰਤਨ ਭਰਪੂਰ ਵਿਰਸਾ ਵਿਸਾਰਨ ਵਾਲਿਆਂ ਦਾ ਉਹ ਹੀ ਹਾਲ ਹੁੰਦਾ ਹੈ ਜੋ ਅੱਜ ਪੰਜਾਬੀਆਂ ਦਾ ਹੈ। ਆਪਣੇ ਵੱਲੋਂ ਆਰਥਿਕ ਪੱਖੋਂ ਅਮੀਰ ਬਣਨ ਦੇ ਹਾਬੜਪੁਣੇ ਨੇ ਆਪਣੇ ਸੂਝਵਾਨਾਂ ਦੀਆਂ ਗੱਲਾਂ ਨੂੰ ਲੜ ਹੀ ਨਹੀਂ ਬੰਨ੍ਹਿਆ, ਅਮਲ ਤਾਂ ਉਨ੍ਹਾਂ ’ਤੇ ਕੀ ਹੋਣਾ ਸੀ। ਇੱਕ ਹੋਰ ‘ਧਿਰ’ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਆਪਣੇ ਆਪ ਨੂੰ ਬੁੱਧੀਮਾਨ ਕਹਾਉਣ ਤੇ ਜ਼ਮੀਰਾਂ ਵੇਚਣ ਵਾਲਿਆਂ ਦਾ ਇਹ ਟੋਲਾ ਵੀ ਆਪਣੇ ਲੋਕਾਂ ਅੰਦਰ ਸਾਹਿਤ ਪ੍ਰਤੀ ਮੋਹ ਭੰਗ ਕਰਨ ਦਾ ਦੋਸ਼ੀ ਹੈ। ਸਾਹਿਤ ਅਸੀਂ ਦੋ ਤਰ੍ਹਾਂ ਪੜ੍ਹਦੇ ਹਾਂ ਇੱਕ ਤਾਂ ਹੈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਪਾਠਕ੍ਰਮਾਂ ਵਿੱਚ ਲੱਗੀਆਂ ਕਿਤਾਬਾਂ ਜੋ ਕਿਸੇ ਵੀ ਕਿਸਮ ਦੀ ਕੋਈ ਡਿਗਰੀ ਕਰਨ ਵਾਸਤੇ ਪੜ੍ਹਨੀਆਂ ਜ਼ਰੂਰੀ ਹੁੰਦੀਆਂ ਹਨ। ਪਰ ਇਨ੍ਹਾਂ ਕਿਤਾਬਾਂ ਦਾ ਆਪਣਾ ਇੱਕ ਦਾਇਰਾ ਹੁੰਦਾ ਹੈ ਜਿਸ ਤੋਂ ਬਾਹਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਹੁੰਦੀ। ਇਨ੍ਹਾਂ ਕਿਤਾਬਾਂ ਦੀ ਸੇਧ ਪਾਠਕ੍ਰਮ ਮਿੱਥਣ ਵਾਲਿਆਂ ਦੀ ਮਨਸ਼ਾ ਜਾਂ ਰਾਜ ਸੱਤਾ ’ਤੇ ਕਾਬਜ਼ ਜਮਾਤ ਦੀ ਰਾਜਸੀ ਮਰਜ਼ੀ ਦੇ ਵਿਰੋਧ ਵਿੱਚ ਨਹੀਂ ਜਾ ਸਕਦੀ। ਦੂਸਰੀ ਕਿਸਮ ਦਾ ਉਹ ਸਾਹਿਤ ਹੈ ਜੋ ਅਸੀਂ ਆਪਣੇ ਗਿਆਨ, ਸੂਝ ਤੇ ਅਕਲ ਦੇ ਦਾਇਰੇ ਨੂੰ ਵਿਸ਼ਾਲ ਕਰਕੇ ਦੁਨੀਆਂ ਦੇ ਪੱਧਰ ਤੱਕ ਵਧਾਉਣ ਖਾਤਰ ਪੜ੍ਹਦੇ ਹਾਂ। ਇਨ੍ਹਾਂ ਦੋਹਾਂ ਕਿਸਮਾਂ ਦੇ ਸਾਹਿਤ ਨੂੰ ਪੜ੍ਹਦਿਆਂ ਬਹੁਤ ਸਾਰਾ ਫ਼ਰਕ ਵੀ ਨਜ਼ਰ ਆਉਂਦਾ ਹੈ। ਪਾਠਕ੍ਰਮਾਂ ਵਾਲਾ ਸਾਹਿਤ ਵਗਦੀ ਨਹਿਰ ਦੇ ਦੋ ਕਿਨਾਰਿਆਂ ਵਿੱਚ ਸਿਮਟਿਆ ਹੁੰਦਾ ਹੈ ਜਦੋਂਕਿ ਦੂਜੀ ਕਿਸਮ ਦਾ ਸਾਹਿਤ ਸਮੁੰਦਰ ਤੇ ਆਸਮਾਨ ਵਾਂਗ ਵਿਸ਼ਾਲ ਹੁੰਦਾ ਹੈ, ਬਿਨਾਂ ਕਿਨਾਰਿਆਂ ਅਤੇ ਬਿਨਾਂ ਦਿਸਹੱਦਿਆਂ ਤੋਂ, ਪੂਰੀ ਦੁਨੀਆਂ ਦੇ ਮਸਲਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ। ਇਸੇ ਸਦਕਾ ਅਸੀਂ ਦੁਨੀਆਂ ਦੇ ਜਾਣਕਾਰ ਹੁੰਦੇ ਹਾਂ। ਨਹੀਂ ਤਾਂ ਸਾਨੂੰ ਕੀ ਪਤਾ ਲੱਗਦਾ ਕਿ ਕੌਣ ਹੋਇਆ ਸ਼ੈਕਸਪੀਅਰ, ਕੌਣ ਹੈ ਬਰਨਾਰਡ ਸ਼ਾਅ ਤੇ ਜੌਹਨ ਕੀਟਸ, ਕੌਣ ਹੈ ਤਾਲਸਤਾਏ ਤੇ ਕੌਣ ਹੋਇਆ ਮੈਕਸਿਮ ਗੋਰਕੀ, ਚੈਖਵ, ਸ਼ੋਲੋਖੋਵ, ਦਾਸਤੋਵਸਕੀ, ਕੌਣ ਹੈ ਥਾਮਸਮਨ, ਕਿਵੇਂ ਪਤਾ ਲੱਗਦਾ ਕੌਣ ਹੋਇਆ ‘ਰੂਟਸ’ ਲਿਖਣ ਵਾਲਾ ਐਲੇਕਸ ਹੇਲੀ, ਤਕਰੀਬਨ ਹਰ ਪੰਜਾਬੀ ਵੱਲੋਂ ਪੜ੍ਹੀ ਕਿਤਾਬ ‘ਮੇਰਾ ਦਾਗਿਸਤਾਨ’ ਦਾ ਲੇਖਕ ਰਸੂਲ ਹਮਜ਼ਾਤੋਵ ਕੌਣ ਹੈ, ‘ਅਸਲੀ ਇਨਸਾਨ’ ਦੀ ਕਹਾਣੀ ਲਿਖਣ ਵਾਲਾ ਬੋਰਿਸ ਪੋਲੇਬੋਈ, ਸ਼ੋਲੋਖੋਵ, ਪਾਸਤਰਨਾਕ, ਜਾਂ ਫੇਰ ਦਾਂਤੇ ਕੌਣ ਹੈ, ਯਾਂ ਪਾਲ ਸਾਰਤਰ, ਕੌਣ ਹੈ ਰੂਸੋ ਤੇ ਐਲਬਰਟ ਕਾਮੂ, ਕੌਣ ਹੋਈ ਸੀਮੋਨ ਦੀ ਬਿਵੋਆ ਜੀਹਨੇ ‘ਦਿ ਸੈਕੰਡ ਸੈਕਸ’ ਕਿਤਾਬ ਲਿਖੀ ਜਿਸ ਨੂੰ ‘ਨਾਰੀਵਾਦ ਦੀ ਬਾਈਬਲ’ ਕਿਹਾ ਜਾਂਦਾ ਹੈ, ਕੌਣ ਹੈ ਨਾਦੀਨ ਗਾਰਡੀਮਰ, ਡੋਰਿਸ ਲੈਸਿੰਗ ਤੇ ਟੋਨੀ ਮਾਰੀਸਨ, ਕੌਣ ਹੋਇਆ ਸੱਚ ਖਾਤਰ ਜ਼ਹਿਰ ਪੀਣ ਵਾਲਾ ਸੁਕਰਾਤ। ਤੁਰਕੀ ਵਾਲੇ ਨਾਜ਼ਿਮ ਹਿਕਮਤ ਨੂੰ ਕੌਣ ਨਹੀਂ ਜਾਣਦਾ? ਜਰਮਨੀ ਵਿੱਚ ਵਸਦੇ ਹੋਏ ਕਿੰਨੇ ਕੁ ਸਾਡੇ ਲੋਕ ਹਨ ਜੋ ਬ੍ਰਤੋਲਤ ਬ੍ਰੈਖਤ, ਮਾਟਿਨ ਨੀਮੋਇਲਰਸ ਅਤੇ ਨੋਬੇਲ ਪੁਰਸਕਾਰ ਜੇਤੂ ਹਾਈਨਰਿਖ ਬੋਲ, ਗੁੰਟਰ ਗਰਾਸ ਵਰਗਿਆਂ ਦੇ ਨਾਵਾਂ ਨੂੰ ਜਾਣਦੇ ਹਨ? ਇਸੇ ਤਰ੍ਹਾਂ ਬਹੁਤ ਸਾਰੇ ਹੋਰ ਲੇਖਕ ਹਨ ਜਿਨ੍ਹਾਂ ਦੇ ਨਾਂ ਗਿਣਾਏ ਜਾ ਸਕਦੇ ਹਨ। ਜਦੋਂ ਅਸੀਂ ਆਪਣੀ ਬੋਲੀ ਦੇ ਲੇਖਕਾਂ ਦੀ ਗੱਲ ਕਰਦੇ ਹਾਂ ਬਾਬਾ ਫ਼ਰੀਦ ਤੋਂ ਲੈ ਕੇ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਵਾਰਿਸ ਸ਼ਾਹ, ਦਮੋਦਰ ਅਤੇ ਹੋਰ ਬਹੁਤ ਸਾਰੇ। ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਾਣੀਏਂ ਕਿ ਕਿਵੇਂ ਸਾਡੀ ਬੋਲੀ ਤੇ ਭਾਸ਼ਾ ਦੀ ਸੇਵਾ ਕਰਨ ਵਾਲੇ ਪੰਜਾਬੀ ਸੱਭਿਆਚਾਰ ਬਾਰੇ ਬਹੁਤ ਹੀ ਮੁੱਲਵਾਨ ਕਿਤਾਬ ‘ਮੇਰਾ ਪਿੰਡ’ ਲਿਖਣ ਵਾਲੇ ਗਿਆਨੀ ਗੁਰਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ, ਪ੍ਰੋ. ਪ੍ਰੀਤਮ ਸਿੰਘ, ਸੰਤ ਸਿੰਘ ਸੇਖੋਂ, ਦੇਵਿੰਦਰ ਸਤਿਆਰਥੀ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਤੋਂ ਅੱਜ ਦੇ ਕਵੀ ਸੁਰਜੀਤ ਪਾਤਰ ਹੋਵੇ ਜਾਂ ਗਜ਼ਲਗੋ ਜਸਵਿੰਦਰ ਤੇ ਬਹੁਤ ਸਾਰੇ ਹੋਰ ਹਨ ਜਿਨ੍ਹਾਂ ਦੇ ਨਾਮ ਗਿਣੇ ਜਾ ਸਕਦੇ ਹਨ। ਪੰਜਾਬ /ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਵੱਲੋਂ ਵੀ ਹਰ ਵਿਧਾ ਅੰਦਰ ਬਹੁਤ ਮੁੱਲਵਾਨ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਨੇ ਸਾਨੂੰ ਸਾਹਿਤ ਦੇ ਲੜ ਲਾ ਕੇ ਵਧੀਆ ਇਨਸਾਨ ਬਣਾਉਣ ਦਾ ਯਤਨ ਕੀਤਾ। ਹੁਣ ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਵਡੇਰਿਆਂ ਦਾ ਕਹਿਣਾ ਮੰਨ ਕੇ ਨਰੋਈਆਂ ਸਾਹਿਤਕ, ਸੱਭਿਆਚਾਰਕ ਤੇ ਭਾਈਚਾਰਕ ਕਦਰਾਂ-ਕੀਮਤਾਂ ਦੇ ਲੜ ਲੱਗੀਏ। ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ ਹੁੰਦਾ ਸਗੋਂ ਸਮਾਜ ਨੂੰ ਸੇਧ ਦੇਣ ਵਾਲਾ, ਅਗਵਾਈ ਕਰਨ ਵਾਲਾ ਰਾਹ ਵੀ ਹੁੰਦਾ ਹੈ। ਇਹ ਰਾਹ ਤਾਂ ਤਦ ਹੀ ਪੱਲੇ ਪੈਂਦਾ ਹੈ ਜੇ ਅਸੀਂ ਕਿਤਾਬਾਂ ਦੀ ਕਦਰ ਕਰੀਏ, ਕਿਤਾਬਾਂ ਦੇ ਲੜ ਲੱਗੀਏ। ਜਿਨ੍ਹਾਂ ਬਾਹਰਲੇ ਮੁਲਕਾਂ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਕਿਤਾਬਾਂ ਦਾ ਬਹੁਤ ਮਹੱਤਵ ਹੈ। ਤੁਹਾਨੂੰ ਕੋਈ ਘਰ ਅਜਿਹਾ ਨਹੀਂ ਮਿਲੇਗਾ ਜਿੱਥੇ ਕਿਤਾਬਾਂ ਦੀਆਂ ਭਰੀਆਂ ਸ਼ੈਲਫਾਂ ਨਾ ਹੋਣ, ਇੱਥੋਂ ਤੱਕ ਕਿ ਖਾਣ-ਪਕਾਉਣ ਲਈ ਕੰਮ ਆਉਂਦਾ ਰਸੋਈ ਨਾਲ ਸਬੰਧਤ ਸਾਹਿਤ ਦੀਆਂ ਕਿੰਨੀਆਂ ਸਾਰੀਆਂ ਕਿਤਾਬਾਂ ਹਰ ਘਰ ਵਿੱਚ ਪਈਆਂ ਦੇਖ ਸਕਦੇ ਹੋ। ਇਹ ਚੰਗੀ ਆਦਤ ਸਾਡੀਆਂ ਬੀਬੀਆਂ ਵੀ ਪਾ ਰਹੀਆਂ ਹਨ ਕਿ ਉਹ ਵੀ ਇਸੇ ਰਾਹੇ ਹੀ ਕਿਤਾਬ ਵਾਲੇ ਸੱਭਿਆਚਾਰ (ਕਲਚਰ) ਨਾਲ ਜੁੜਨ ਦੇ ਆਹਰ ’ਚ ਹਨ। ਇਉਂ ਹੀ ਬੱਚਿਆਂ ਦੇ ਜਨਮ ਦਿਨ ਮਨਾਉਂਦਿਆਂ ਬੱਚੇ ਨੂੰ ਹੋਰ ਜੋ ਮਰਜ਼ੀ ਤੋਹਫ਼ਾ ਦਿਉ, ਪਰ ਉਨ੍ਹਾਂ ਦੀ ਉਮਰ ਮੁਤਾਬਿਕ ਪੜ੍ਹਨ ਯੋਗ ਚੰਗੀ ਕਿਤਾਬ ਵੀ ਜ਼ਰੂਰ ਲੈ ਕੇ ਦਿਉ। ਜੇ ਕਿਸੇ ਨੂੰ ਨਾ ਪਤਾ ਹੋਵੇ ਕਿ ਬੱਚੇ ਵਾਸਤੇ ਕਿਹੜੀ ਕਿਤਾਬ ਖਰੀਦੀ ਜਾਵੇ ਤਾਂ ਕਿਤਾਬਾਂ ਦੀ ਦੁਕਾਨ ਵਾਲੇ ਖ਼ੁਸ਼ੀ ਨਾਲ ਇਸ ਵਿੱਚ ਤੁਹਾਡੀ ਮੱਦਦ ਕਰਦੇ ਹਨ। ਬੱਚੇ ਦੀ ਉਮਰ ਤੇ ਸ਼ੌਕ ਵਗੈਰਾ ਪੁੱਛ ਕੇ ਉਹ ਤੁਹਾਨੂੰ ਖਰੀਦੀ ਜਾਣ ਵਾਲੀ ਕਿਤਾਬ ਬਾਰੇ ਸੁਝਾਅ ਦਿੰਦੇ ਹਨ। ਇਸ ਵਾਸਤੇ ਕਿਤਾਬਾਂ ਦੀ ਦੁਕਾਨ ਤੱਕ ਪਹੁੰਚਣਾ ਪਵੇਗਾ। ਹੁਣ ਵੇਲਾ ਹੈ ਆਪਣੇ ਇੱਥੇ ਵਸਦੇ ਸਮਾਜ ਨੂੰ ਕਿਤਾਬਾਂ ਰਾਹੀਂ ਸ਼ਬਦਾਂ ਦਾ ਤੋਹਫ਼ਾ ਦੇਈਏ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਰਹੇਗੀ, ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦੀ। ਸਾਡੀ ਭਵਿੱਖੀ ਪੀੜ੍ਹੀ ਦੇ ਬੱਚੇ ਇਸ ਸੂਚਨਾ ਤੇ ਤਕਨੀਕ (ਇਨਫਾਰਮੇਸ਼ਨ ਐਂਡ ਟੈਕਨੋਲੋਜੀ) ਦੇ ਦੌਰ ਵਿੱਚ ਕਿਉਂ ਸਮੇਂ ਤੋਂ ਪਿੱਛੇ ਰਹਿਣ? ਇਸ ਬਾਰੇ ਮਾਪਿਆਂ ਨੂੰ ਸੁਚੇਤ ਹੋਣਾ ਪਵੇਗਾ ਕਿ ਜਦੋਂ ਘਰਾਂ ਵਿੱਚ ਹਰ ਸੁੱਖ ਸਹੂਲਤ ਦਾ ਸਾਮਾਨ ਪਿਆ ਹੈ ਤਾਂ ਗਿਆਨ ਦੇ ਭੰਡਾਰ ਕਿਤਾਬਾਂ ਕਿਉਂ ਨਾ ਹੋਣ? ਸਿਰਫ਼ ਸਕੂਲੀ ਪਾਠਕ੍ਰਮਾਂ ਦੀਆਂ ਕਿਤਾਬਾਂ ਹੀ ਨਾ ਹੋਣ ਸਗੋਂ ਬੱਚਿਆਂ ਨੂੰ ਉਨ੍ਹਾਂ ਦੇ ਪਸੰਦ ਦੀਆਂ ਸਾਹਿਤ, ਵਿਗਿਆਨ, ਇਤਿਹਾਸ, ਧਰਮ, ਸੱਭਿਆਚਾਰ, ਬੋਲੀ-ਭਾਸ਼ਾ, ਤਕਨੀਕ ਅਤੇ ਹੋਰ ਵਿਸ਼ਿਆਂ ਨਾਲ ਸਬੰਧ ਰੱਖਦੀਆਂ ਕਿਤਾਬਾਂ ਵੀ ਲੈ ਕੇ ਦਿੱਤੀਆਂ ਜਾਣ। ਵਿਗਿਆਨ ਦਾ ਯੁੱਗ ਹੈ ਤਾਂ ਬੱਚਿਆਂ ਨੂੰ ਵਿਗਿਆਨਕ ਸੂਝ ਅਤੇ ਤਰਕਸ਼ੀਲ ਵਿਚਾਰਾਂ ਦੇ ਬਣਾਉਣ ਦਾ ਯਤਨ ਕੀਤਾ ਜਾਵੇ ਕਿ ਉਹ ਵੱਖੋ ਵੱਖ ਵਿਚਾਰਾਂ ਤੇ ਵਸਤਾਂ ਨੂੰ ਪਰਖਦਿਆਂ ਦਲੀਲ ਸਹਿਤ ਗੱਲ ਕਰਨ। ਇਹ ਤਦ ਹੀ ਹੋਣਾ ਹੈ ਜੇ ਅਸੀਂ ਉਨ੍ਹਾਂ ਨੂੰ ਤਰਕਸ਼ੀਲ, ਵਿਗਿਆਨਕ ਸਾਹਿਤ ਪੜ੍ਹਨ ਲਈ ਪ੍ਰੇਰਾਂਗੇ ਜਾਂ ਲੈ ਕੇ ਦੇਵਾਂਗੇ। ਤਰਕਸ਼ੀਲ ਸਾਹਿਤ ਮਨੁੱਖ ਦੀਆਂ ਅੱਖਾਂ ਤੇ ਦਿਮਾਗ਼ ਦੇ ਬੂਹੇ ਬਾਰੀਆਂ ਖੋਲ੍ਹ ਕੇ ਉਸ ਨੂੰ ਹਨੇਰੇ ਤੋਂ ਚਾਨਣ ਵਿੱਚ ਪਹੁੰਚਾ ਦਿੰਦਾ ਹੈ। ਯੁੱਗ ਡਿਜੀਟਲ ਹੋ ਰਿਹਾ ਹੈ। ਇਸ ਗੱਲ ਦਾ ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚੇ ਇਸ ਤੋਂ ਪਛੜ ਨਾ ਜਾਣ। ਬੱਚੇ ਸਾਡਾ ਭਵਿੱਖ ਹਨ ਜਿਸ ਨੂੰ ਉਜਲਾ ਦੇਖਣ ਦੇ ਚਾਹਵਾਨਾਂ ਨੂੰ ਇਹ ਕੁਝ ਕਰਨਾ ਹੀ ਪਵੇਗਾ। ਧੱਕੇ ਨਾਲ ਆਪਣੇ ਵਿਚਾਰ ਬੱਚਿਆਂ ’ਤੇ ਲੱਦਣ ਦੀ ਥਾਂ, ਸੌਖੇ ਰਹਿਣਾ ਹੈ ਤਾਂ ਬਿਨਾਂ ਗਿਆਨ ਤੋਂ ‘ਗਿਆਨਵਾਨ’ ਹੋਣ ਦਾ ਪਾਲਿਆ ਭਰਮ ਅਤੇ ਆਪਣੀ ਝੂਠੀ ਹਓਮੈਂ ਤਿਆਗ, ਬੱਚਿਆਂ ਵਰਗੇ ਹੋ ਕੇ ਉਨ੍ਹਾਂ ਤੋਂ ਕੁਝ ਸਿੱਖਣ ਦਾ ਯਤਨ ਵੀ ਕਰੀਏ ।
ਕੇਹਰ ਸ਼ਰੀਫ਼ ਸੰਪਰਕ: +491733546050