ਲੁਧਿਆਣਾ : ਇਸ ਦੀਵਾਲੀ ‘ਤੇ ਹੁਣ ਲੁਧਿਆਣਾ ਦੇ ਬਾਜ਼ਾਰਾਂ ‘ਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਸਾਲ ਗ੍ਰੀਨ ਦੀਵਾਲੀ ਲਈ ਬਾਜ਼ਾਰ ਪਟਾਕਿਆਂ ਨਾਲ ਭਰਿਆ ਹੋਇਆ ਹੈ ਅਤੇ ਕਈ ਸਾਲਾਂ ਬਾਅਦ ਇਸ ਵਾਰ ਚੀਨ ਦੇ ਬਣੇ ਪਟਾਕਿਆਂ ਦਾ ਅਸਰ ਘੱਟ ਨਜ਼ਰ ਆ ਰਿਹਾ ਹੈ।
ਪਿਛਲੇ ਕਈ ਸਾਲਾਂ ਤੋਂ ਚਾਈਨੀਜ਼ ਪਟਾਕਿਆਂ ਦਾ ਰੁਝਾਨ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਇਸ ਸਾਲ ਬਾਜ਼ਾਰ ‘ਚ ਸਟਾਕ ‘ਚ ਬਾਕੀ ਬਚੇ ਚੀਨੀ ਪਟਾਕੇ ਹੀ ਨਜ਼ਰ ਆ ਰਹੇ ਹਨ। ਜਿੱਥੇ ਇਸ ਸਾਲ ਪਟਾਕਿਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਉੱਥੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਮੰਗ ਵੀ ਘੱਟ ਹੈ। ਸ਼ਹਿਰ ਵਾਸੀ ਹੁਣ ਪ੍ਰਦੂਸ਼ਣ ਘਟਾਉਣ ਲਈ ਸੁਚੇਤ ਨਜ਼ਰ ਆ ਰਹੇ ਹਨ ਅਤੇ ਪਟਾਕਿਆਂ ਦੀ ਵਿਕਰੀ ਵਿੱਚ ਵੀ ਕਮੀ ਆਈ ਹੈ।
ਪਟਾਕਿਆਂ ਦੇ ਵਪਾਰੀਆਂ ਅਨੁਸਾਰ, ਇਸ ਸਾਲ ਹਰ ਕੋਈ ਪਿਛਲੇ ਸਾਲ ਨਾਲੋਂ ਤੀਹ ਤੋਂ ਚਾਲੀ ਫੀਸਦੀ ਘੱਟ ਪਟਾਕੇ ਲੈ ਰਿਹਾ ਹੈ। ਪਰ ਜੇਕਰ ਕੀਮਤਾਂ ਦੀ ਗੱਲ ਕਰੀਏ ਤਾਂ ਇਸ ਸਾਲ ਪਟਾਕੇ 40 ਫ਼ੀਸਦੀ ਮਹਿੰਗੇ ਹੋ ਗਏ ਹਨ। ਇਸ ਦਾ ਮੁੱਖ ਕਾਰਨ ਇਸ ਵਾਰ ਗੁਣਵੱਤਾ ਵਿੱਚ ਸੁਧਾਰ ਲਈ ਨਿਯਮਾਂ ਦੀ ਪਾਲਣਾ ਕਰਕੇ ਕਈ ਨਿਰਮਾਤਾਵਾਂ ਨੇ ਪਟਾਕੇ ਘੱਟ ਬਣਾਏ ਹਨ। ਇਸ ਦੇ ਨਾਲ ਹੀ ਇਸ ਵਿੱਚ ਵਰਤੇ ਜਾਣ ਵਾਲੇ ਰਸਾਇਣਕ ਤੱਤਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਬਾਜ਼ਾਰ ‘ਚ 120 ਸ਼ਾਰਟ ਵਾਲਾ ਪਟਾਕਾ 1500 ਤੋਂ 2500, 240 ਸ਼ਾਰਟ 5500 ਤੋਂ 6 ਹਜ਼ਾਰ ਰੁਪਏ ‘ਚ ਮਿਲਦਾ ਹੈ। ਇਹ ਸਭ ਤੋਂ ਮਹਿੰਗੇ ਪਟਾਕਿਆਂ ਵਿੱਚ ਸ਼ਾਮਲ ਹੈ।