ਵੋਂਗ ਨੂੰ ਭੀੜ ਇਕੱਠੀ ਕਰਨ ਦੇ ਮਾਮਲੇ ਵਿਚ 10 ਮਹੀਨੇ ਦੀ ਕੈਦ

0
273

ਹਾਂਗਕਾਂਗ (ਰਾਇਟਰ) : ਹਾਂਗਕਾਂਗ ‘ਚ ਲੋਕਤੰਤਰ ਸਮਰਥਕਾਂ ਦੇ ਪ੍ਰਮੁੱਖ ਨੇਤਾ ਜੋਸ਼ੂਆ ਵੋਂਗ ਨੂੰ ਇਕ ਹੋਰ ਮਾਮਲੇ ਵਿਚ 10 ਮਹੀਨੇ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚੀਨ ਵਿਚ 1989 ‘ਚ ਹੋਏ ਤਿਆਨਮੇਨ ਚੌਕ ਕਤਲੇਆਮ ਦੀ ਬਰਸੀ ‘ਤੇ ਹਾਂਗਕਾਂਗ ਵਿਚ ਭੀੜ ਇਕੱਠੀ ਕਰਨ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਤਿਆਨਮੇਨ ਚੌਕ ਕਤਲੇਆਮ ਦੀ ਬਰਸੀ ਮਨਾਉਣ ਦੀ ਜਾਣਕਾਰੀ ਮਿਲਦੇ ਹੀ ਚੀਨ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੇ ਇਸ ‘ਤੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਰੋਕ ਲਗਾ ਦਿੱਤੀ ਸੀ। ਇਸ ਵਿਚ ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਚੀਨ ਖ਼ਿਲਾਫ਼ ਆਪਣਾ ਜ਼ਬਰਦਸਤ ਵਿਰੋਧ ਪ੍ਰਗਟ ਕੀਤਾ। ਇਸ ਮਾਮਲੇ ਵਿਚ ਮੁੱਖ ਰੂਪ ਨਾਲ ਲੋਕਤੰਤਰ ਸਮਰਥਕ ਨੇਤਾ ਜੋਸ਼ੂਆ ਵੋਂਗ ਨੂੰ ਨਾਮਜ਼ਦ ਕੀਤਾ ਸੀ। ਹੁਣ ਅਦਾਲਤ ਨੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਵਿਚ ਭੀੜ ਇਕੱਠੀ ਕਰਨ ਦੇ ਜੁਰਮ ਵਿਚ 10 ਮਹੀਨੇ ਦੀ ਸਜ਼ਾ ਸੁਣਾਈ ਹੈ। 25 ਵਰਿ੍ਹਆਂ ਦੇ ਵੋਂਗ ਪਹਿਲਾਂ ਹੀ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ 47 ਲੋਕਾਂ ਨਾਲ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਤੋਂ ਇਲਾਵਾ ਲੇਸਟਰ ਸ਼ੁਮ, ਜੇਨੇਲੇ ਲਿਊਂਗ ਅਤੇ ਟਿਫਿਨੀ ਯੁਆਨ ਨੂੰ ਵੀ ਚਾਰ ਤੋਂ ਛੇ ਮਹੀਨਿਆਂ ਤਕ ਦੀ ਸਜ਼ਾ ਸੁਣਾਈ ਗਈ ਹੈ।