ਕੋਰੋਨਾ ਕਾਲ ਦਾ ਹੁਸੀਨ ਸੁਫਨਾ

0
391

ਕੋਰੋਨਾ ਦੀ ਦੂਜੀ ਲਹਿਰ ਵਿਚ ਭਾਰਤ ਦੀ ਬੁਰੀ ਹਾਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਅਖਬਾਰਾਂ/ਰਸਾਲਿਆਂ ਦੇ ਨਿਸ਼ਾਨੇ ‘ਤੇ ਹਨ | ਪਿਛਲੇ ਦਿਨੀਂ ਇੰਗਲੈਂਡ, ਅਮਰੀਕਾ ਤੇ ਆਸਟਰੇਲੀਆ ਦੀਆਂ ਅਖਬਾਰਾਂ ਨੇ ਰਿਪੋਰਟਾਂ ਛਾਪੀਆਂ ਸਨ ਕਿ ਮੋਦੀ ਦੇ ਘੁਮੰਡ ਦਾ ਹੀ ਭਾਰਤ ਦੇ ਲੋਕ ਨਤੀਜਾ ਭੁਗਤ ਰਹੇ ਹਨ | ਉਨ੍ਹਾ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਦਾ ਅਗਾਊਾ ਪ੍ਰਬੰਧ ਕਰਨ ਦੀ ਥਾਂ ਪੱਛਮੀ ਬੰਗਾਲ ਉਤੇ ਕਬਜ਼ੇ ਲਈ ਹੀ ਪੂਰਾ ਤਾਣ ਲਾ ਦਿੱਤਾ | ਨਤੀਜੇ ਵਜੋਂ ਰੋਜ਼ਾਨਾ ਲੱਖਾਂ ਲੋਕ ਕੋਰੋਨਾ ਦਾ ਸ਼ਿਕਾਰ ਹੋਣ ਲੱਗ ਪਏ | ਹੁਣ ਇੰਗਲੈਂਡ ਦੇ ਹੀ ਅਖਬਾਰ ‘ਦੀ ਡੇਲੀ ਮੇਲ’ ਨੇ ਦੋ ਸਫਿਆਂ ਦੇ ਇਕ ਲੰਮੇ-ਚੌੜੇ ਲੇਖ ਵਿਚ ਕਿਹਾ ਹੈ ਕਿ ‘ਖੁਦਪ੍ਰਸਤ’ ਤੇ ‘ਬੇਸ਼ਰਮ ਉਸ਼ਟੰਡਬਾਜ਼’ ਦੇ ਸਿਰ ‘ਤੇ ਦਿੱਲੀ ਵਿਚ ਸੈਂਟਰਲ ਵਿਸਟਾ (ਨਵੀਂ ਸੰਸਦ ਤੇ ਪ੍ਰਧਾਨ ਮੰਤਰੀ ਦਾ ਘਰ) ਬਣਾਉਣ ਦੀ ਧੁੰਨ ਸਵਾਰ ਹੈ, ਜਦਕਿ ਉਸਤੋਂ ਇਕ-ਦੋ ਕਿਲੋਮੀਟਰ ਦੀ ਦੂਰੀ ‘ਤੇ ਇਲਾਜ ਖੁਣੋਂ ਲੋਕ ਮਰ ਰਹੇ ਹਨ | ਲੇਖ ਵਿਚ ਕਿਹਾ ਗਿਆ ਹੈ ਕਿ ਜਿੰਨੇ ਪੈਸੇ ਇਸ ਪ੍ਰੋਜੈਕਟ ‘ਤੇ ਲੱਗਣੇ ਹਨ, ਉਸ ਨਾਲ 40 ਵੱਡੇ ਹਸਪਤਾਲ ਬਣ ਸਕਦੇ ਸਨ | ਮੋਦੀ ਅਗਸਤ 2022, ਜਦੋਂ ਭਾਰਤ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣੀ ਹੈ, ਤੱਕ ਇਹ ਪ੍ਰੋਜੈਕਟ ਹਰ ਹਾਲਤ ਵਿਚ ਮੁੁਕੰਮਲ ਕਰਨਾ ਚਾਹੁੁੰਦੇ ਹਨ | ਸ਼ੁਰੂਆਤੀ ਅਨੁਮਾਨ ਮੁਤਾਬਕ ਸਾਰੇ ਪ੍ਰੋਜੈਕਟ ‘ਤੇ ਲੱਗਭੱਗ 2 ਖਰਬ ਰੁਪਏ ਖਰਚ ਆਉਣੇ ਹਨ | ਪਰ ਜਿਹੜੇ ਲੋਕ ਭਾਰਤ ਵਿਚ ਜਨਤਕ ਉਸਾਰੀ ਵਿਚ ਹੁੰਦੀ ਕੁਰੱਪਸ਼ਨ ਤੇ ਫਜ਼ੂਲਖਰਚੀ ਨੂੰ ਜਾਣਦੇ ਹਨ, ਉਨ੍ਹਾਂ ਮੁਤਾਬਕ ਖਰਚ ਇਸ ਤੋਂ ਦੁੱਗਣੀ ਰਕਮ ਤੱਕ ਪੁੱਜ ਜਾਣਾ ਹੈ | ਜੇ ਸਿਰਫ 2 ਖਰਬ ਵੀ ਮੰਨ ਲਈਏ ਤਾਂ ਇਸ ਨਾਲ ਭਾਰਤ ਸਿਹਤ ਸਹੂਲਤਾਂ ਵਿਚ ਕਾਫੀ ਸੁਧਾਰ ਲਿਆ ਸਕਦਾ ਸੀ ਤੇ ਉਸ ਨੂੰ ਆਪਣੀ ਗੈਰਤ ਨੂੰ ਪਾਸੇ ਰੱਖ ਕੇ ਕੌਮਾਂਤਰੀ ਮਦਦ ਪ੍ਰਵਾਨ ਕਰਨ ਦੀ ਲੋੜ ਨਾ ਪੈਂਦੀ | ਲੇਖ ਵਿਚ ਤਿ੍ਣਮੂਲ ਕਾਂਗਰਸ ਦੇ ਸਾਂਸਦ ਡੈਰੇਕ ਓ’ਬ੍ਰਾਇਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਏਨੇ ਪੈਸੇ ਨਾਲ ਦੇਸ਼ ਦੀ 80 ਫੀਸਦੀ ਆਬਾਦੀ ਨੂੰ ਵੈਕਸੀਨ ਲਾਈ ਜਾ ਸਕਦੀ ਸੀ | ਮਾਹਰਾਂ ਦਾ ਕਹਿਣਾ ਹੈ ਕਿ ਮੋਦੀ ਇਹ ਸਭ ਕੁਝ ਗਾਂਧੀ ਤੇ ਨਹਿਰੂ ਵਰਗੇ ਮਹਾਨ ਮੁਦੱਬਰ ਵਜੋਂ ਆਪਣੀ ਪਛਾਣ ਕਾਇਮ ਕਰਨ ਲਈ ਕਰ ਰਹੇ ਹਨ |