ਟੋਕੀਓ (ਏਐੱਨਆਈ) : ਜਾਪਾਨ ‘ਚ ਇਕੱਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਕ ਨਵਾਂ ਮੰਤਰਾਲਾ ਬਣਾਇਆ ਗਿਆ ਹੈ। ਇਹ ਕਦਮ ਦੇਸ਼ ‘ਚ ਖ਼ੁਦਕੁਸ਼ੀ ਦੀ ਦਰ ਵੱਧਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜਾਪਾਨ ‘ਚ 11 ਸਾਲ ਬਾਅਦ ਪਹਿਲੀ ਵਾਰ ਕੋਰੋਨਾ ਮਹਾਮਾਰੀ ਦੌਰਾਨ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਦਰ ਵਧੀ ਹੈ।
ਦਿ ਜਾਪਾਨ ਟਾਈਮਜ਼ ਅਖ਼ਬਾਰ ਮੁਤਾਬਕ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਇਸ ਮਹੀਨੇ ਆਪਣੇ ਕੈਬਿਨਟ ‘ਚ ਇਕੱਲੇਪਣ ਮਾਮਲਿਆਂ ਦੇ ਇਕ ਮੰਤਰੀ ਨੂੰ ਸ਼ਾਮਲ ਕੀਤਾ ਹੈ। ਸੁਗਾ ਨੇ ਤੇਤਸੁਸ਼ੀ ਸਾਕਾਮੋਤੋ ਨੂੰ ਇਹ ਜਿੰਮਾ ਸੌਂਪਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ‘ਚ ਜਨਮ ਦਰ ‘ਚ ਆ ਰਹੀ ਗਿਰਾਵਟ ਨਾਲ ਵੀ ਮੁਕਾਬਲਾ ਕਰਨਗੇ। ਸਾਕਾਮੋਤੋ ਨੇ ਪੱਤਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਸੁਗਾ ਨੇ ਮੈਨੂੰ ਮਹਾਮਾਰੀ ਦੇ ਦੌਰ ‘ਚ ਔਰਤਾਂ ‘ਚ ਵੱਧ ਰਹੀ ਖ਼ੁਦਕੁਸ਼ੀ ਕਰਨ ਦੀ ਦਰ ਸਮੇਤ ਕੌਮੀ ਮਸਲਿਆਂ ਨਾਲ ਨਜਿੱਠਣ ਲਈ ਨਿਯੁਕਤ ਕੀਤਾ ਹੈ। ਮੈਂ ਸਮਾਜਿਕ ਇਕੱਲੇਪਣ ਨੂੰ ਦੂਰ ਕਰਨ ਤੇ ਲੋਕਾਂ ਨੂੰ ਇਕ-ਦੂਜੇ ਨਾਲ ਜੋੜਨ ਵਾਲੀਆਂ ਸਰਗਰਮੀਆਂ ‘ਤੇ ਕੰਮ ਕਰਾਂਗਾ। ਇਕ ਰਿਪੋਰਟ ਮੁਤਾਬਕ ਜਾਪਾਨ ‘ਚ ਬੀਤੇ ਸਾਲ ਲਗਪਗ 7 ਹਜ਼ਾਰ ਔਰਤਾਂ ਨੇ ਖ਼ੁਦਕੁਸ਼ੀ ਕੀਤੀ ਸੀ। ਇਹ ਗਿਣਤੀ ਸਾਲ 2019 ਦੇ ਮੁਕਾਬਲੇ 15 ਫ਼ੀਸਦੀ ਜ਼ਿਆਦਾ ਸੀ।
ਇਹ ਬੀਤੇ ਸਾਲ ਅਕਤੂਬਰ ‘ਚ 2153 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਸੀ ਜਦੋਂਕਿ 1765 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ।
ਬਰਤਾਨੀਆ ‘ਚ ਵੀ ਇਕੱਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਮੰਤਰਾਲਾ ਬਣਾਇਆ ਗਿਆ ਹੈ। ਬਰਤਾਨੀਆ ਇਹ ਮੰਤਰਾਲਾ ਬਣਾਉਣ ਵਾਲਾ ਪਹਿਲਾ ਦੇਸ਼ ਹੈ। ਉਸ ਨੇ 2018 ‘ਚ ਇਸ ਮੰਤਰਾਲੇ ਦਾ ਗਠਨ ਕੀਤਾ ਸੀ।