ਹਾਂਗਕਾਂਗ ਦੇ ਗਾਇਕ ਅਤੇ ਗੀਤਕਾਰ ਕਿਸਾਨ ਅੰਦੋਲਨ ਪ੍ਰਤੀ ਲੋਕ ਜਾਗਰੂਕਤਾ ਲਈ ਯਤਨਸ਼ੀਲ ਹੋਏ

0
1006

ਹਾਂਗਕਾਂਗ, (ਜੰਗ ਬਹਾਦਰ ਸਿੰਘ)-ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਿਚ ਜਿੱਥੇ ਹਾਂਗਕਾਂਗ ਦੇ ਜੰਮਪਲ ਨੌਜਵਾਨਾਂ ਅਤੇ ਸੰਸਥਾਵਾਂ ਵਲੋਂ ਵੱਖੋਂ-ਵੱਖ ਉਪਰਾਲੇ ਜਾਰੀ ਹਨ ਉੱਥੇ ਹਾਂਗਕਾਂਗ ਦੇ ਪੰਜਾਬੀ ਗੀਤਕਾਰ ਅਤੇ ਗਾਇਕ ਵੀ ਇਸ ਅੰਦੋਲਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹੋਏ ਹਨ, ਜਿਸ ਦਾ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀਂ ਗੀਤਕਾਰ ਜੱਗਾ ਰਾਊਕਿਆਂ ਵਲੋਂ ਲਿਖਿਆ ਅਤੇ ਬਿੱਟੇ ਸੰਧੂ ਵਲੋਂ ਗਾਇਆ ਗੀਤ ‘ਦਿੱਲੀਏ’ ਅਤੇ ਭੁਪਿੰਦਰ ਸਿੰਘ ਭਿੰਦਾ ਪੰਜਵੜ ਵਲੋਂ ਲਿਖਿਆ ਅਤੇ ਗਾਇਆ ਗੀਤ ‘ਚਾਲ ਸ਼ੈਤਾਨੀ’ ਲੋਕ ਅਰਪਣ ਕੀਤਾ ਗਿਆ। ਇਸੇ ਤਰ੍ਹਾਂ ਸੱਤਰੰਗ ਇੰਟਰਟੇਨਰਜ਼ ਦੇ ਮਾਲਕ ਕਸ਼ਮੀਰ ਸੋਹਲ, ਗਾਇਕ ਰਣਜੀਤ ਔਜਲਾ, ਗੁਰਦੀਪ ਸਵੱਦੀ, ਗੀਤਕਾਰ ਚਮਕੌਰ ਸੰਧੂ, ਗੀਤਕਾਰ ਦਿਲਬਾਗ ਪੰਜਵੜ, ਗਾਇਕ ਬਿੱਟਾ ਖਾਰੇ ਵਾਲਾ, ਗਾਇਕ ਅਤੇ ਗੀਤਕਾਰ ਹਰਜੀਤ ਆਲਮ, ਗਾਇਕ ਪਰਮ ਡੀ ਸਮੇਤ ਬਹੁਤ ਸਾਰੇ ਕਲਾਕਾਰਾਂ ਵਲੋਂ ਆਪਣੀ ਕਲਾ ਰਾਹੀਂ ਜਿੱਥੇ ਲੋਕ ਜਾਗਰੂਕਤਾ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹਾਂਗਕਾਂਗ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਖ਼ਾਲਸਾ ਦੀਵਾਨ ਵਿਖੇ ਕਿਸਾਨਾਂ ਦੀ ਹਮਾਇਤ ਵਿਚ ਪ੍ਰਦਰਸ਼ਨ ਵੀ ਕੀਤਾ ਗਿਆ।