ਸੱਭਿਆਚਾਰਕ ਬਦਲਾਅ ਦੀ ਪ੍ਰਕਿਰਿਆ ਅੰਦਰੂਨੀ ਤੇ ਬਾਹਰੀ ਕਾਰਨਾਂ ਉੱਪਰ ਨਿਰਭਰ ਕਰਦੀ ਹੈ। ਇਤਿਹਾਸ ਦੇ ਸਮਵਿੱਥ ਸੱਭਿਆਚਾਰ ਦਾ ਨਿਰੰਤਰ ਵਹਾਅ ਇਕ ਅੰਤਰਸੰਵਾਦ ਦੀ ਸਥਿਤੀ ਪੈਦਾ ਕਰਦਾ ਹੈ ਜੋ ਲੋਕਾਂ ਦੇ ਵਿਹਾਰ ਤੇ ਵਿਚਾਰ ਵਿਚ ਤਬਦੀਲੀ ਦਾ ਕਾਰਨ ਬਣਦੀ ਹੈ। ਇਹ ਕਿਰਿਆ ਬਹੁਤ ਧੀਮੀ ਵੀ ਹੁੰਦੀ ਹੈ। ਬਾਹਰੀ ਸਥਿਤੀਆਂ ਕਿਸੇ ਸਮਾਜ ਸੱਭਿਆਚਾਰ ਵਾਲੇ ਲੋਕਾਂ ਵਿਚ ਫੌਰੀ ਤੇ ਵੱਡੇ ਬਦਲਾਵਾਂ ਦਾ ਕਾਰਨ ਬਣ ਸਕਦੀਆਂ ਹਨ। ਵਿਸ਼ਵੀ ਪੂੰਜੀ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਸੰਸਾਰ ਦੇ ਵਿਕਾਸਸ਼ੀਲ ਖਿੱਤਿਆਂ ਦੇ ਸੱਭਿਆਚਾਰ ਨੂੰ ਖਪਤ ਤੇ ਬਾਜ਼ਾਰ ਦੀ ਵਿਆਕਰਨ ਅਨੁਸਾਰ ਢਾਲਣ ਦੀ ਕਵਾਇਦ ਜਾਰੀ ਰੱਖੀ ਹੈ। ਜੇ ਵਿਸ਼ਵੀਕਰਨ ਦਾ ਸੱਭਿਆਚਾਰਕ ਮੁਹਾਵਰਾ ਇਕ ਪਾਸੇ ‘ਵਰਤੋ ਤੇ ਸੁੱਟੋ’ ਦੇ ਖਪਤਕਾਰੀ ਉਦੇਸ਼ ਨਾਲ ਜੁੜਿਆ ਰਿਹਾ ਤਾਂ ਇਸਦਾ ਇਕ ਸਿਰਾ ਉਨ੍ਹਾਂ ਪਛਾਣਾਂ ਨੂੰ ਉਭਾਰਨ ਵੱਲ ਵੀ ਸੇਧਿਤ ਰਿਹਾ ਜੋ ਸਮਾਜ ਵਿਚ ਐਥਨਿਕ, ਸੰਪਰਦਾਇਕ, ਰਾਜਸੀ ਤੇ ਧਾਰਮਿਕ ਭੇਦਾਂ ਵਜੋਂ ਸਦਾ ਰਹਿੰਦੀਆਂ ਹਨ ਤੇ ਆਧੁਨਿਕਤਾ ਇਨ੍ਹਾਂ ਪਛਾਣਾਂ ਨੂੰ ਮਿਟਾ ਕੇ ਸਮਾਨ ਮਨੁੱਖੀ ਸਮਾਜ ਸਿਰਜਣ ਦਾ ਸੰਦ ਹੈ। ਸੱਭਿਆਚਾਰ ਵਿਚ ਇਕੋ ਸਮੇਂ ਕੁਝ ਸਮੂਹਾਂ ਦੇ ਗਲਬੇ ਅਤੇ ਕੁਝ ਸਮੂਹਾਂ ਦੇ ਉਸ ਗਲਬੇ ਤੋਂ ਮੁਕਤੀ ਦੀ ਕਸ਼ਮਕਸ਼ ਦਿਖਾਈ ਦਿੰਦੀ ਹੈ। ਪੰਜਾਬੀ ਸੱਭਿਆਚਾਰ ਦੀ ਹੁਣ ਤਕ ਦੀ ਵਿਆਖਿਆ ਵਿਚ ਇਸਦੇ ਧਾਰਮਿਕ, ਸਿਆਸੀ, ਲੈਂਗਿਕ, ਆਰਥਿਕ ਅਤੇ ਇਤਿਹਾਸਕ ਅਨੁਭਵ ਪਏ ਹਨ। ਜੇ ਇਸਦੀ ਇਕ ਸਤਰੀ ਪਰਿਭਾਸ਼ਾ ਦੇਣੀ ਹੋਵੇ ਤਾਂ ਇਸਨੂੰ ਜੱਟ, ਸਿੱਖ ਤੇ ਮਰਦਵਾਚੀ ਗਲਬੇ ਦਾ ਸੱਭਿਆਚਾਰ ਕਿਹਾ ਜਾਵੇਗਾ। ਪੰਜਾਬ ਦਾ ਕਿਸਾਨ ਅੰਦੋਲਨ ਜਿਸ ਮੁਕਾਮ ਉੱਪਰ ਹੈ ਉੱਥੇ ਪੰਜਾਬ ਦੇ ਸੱਭਿਆਚਾਰ ਦਾ ਨਵਾਂ ਮੁਹਾਵਰਾ ਤੇ ਮੁਹਾਂਦਰਾ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਿਚ ਰਾਜਸੀ, ਲੈਂਗਿਕ, ਜਾਤੀਵਾਦੀ, ਸੰਪਰਦਾਇਕ ਵਖਰੇਵਿਆਂ ਦੀ ਰਵਾਇਤੀ ਪਰਿਭਾਸ਼ਾ ਜੇ ਟੁੱਟਦੀ ਨਹੀਂ ਤਾਂ ਦੁਬਾਰਾ ਪਰਿਭਾਸ਼ਿਤ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ। ਰਾਜਸੀ ਮੁਹਾਜ਼ ’ਤੇ ਪੰਜਾਬੀ ਹੋਂਦ ਨੂੰ ਕੁਝ ਸਾਲ ਪਹਿਲਾਂ ਤਕ ਸਿੱਧੀ ਦੋ ਧਿਰਾਵੀ ਤੇ ਪਿਛਲੀ ਵਿਧਾਨ ਸਭਾ ਚੋਣ ਵੇਲੇ ਤਿੰਨ ਧਿਰੀ ਵੰਡ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ। ਪਿਛਲੀ ਪੰਥਕ ਸਰਕਾਰ ਨੇ ਰਾਜਨੀਤਕ ਵਖਰੇਵੇਂ ਨੂੰ ਹੇਠਲੇ ਪੱਧਰ ’ਤੇ ਏਨੇ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਕਿ ਪਰਿਵਾਰ ਵੀ ਵੰਡੇ ਗਏ। ਇਸ ਅੰਦੋਲਨ ਨੇ ਉਸ ਵੰਡ ਨੂੰ ਨਕਾਰ ਦਿੱਤਾ ਹੈ। ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿਚੋਂ ਸ਼ੁਰੂ ਹੋਏ ਅੰਦੋਲਨ ਤੋਂ ਲੈ ਕੇ ਸਿੰਘੂ/ਟਿਕਰੀ ਬਾਰਡਰਾਂ ’ਤੇ ਚਲਦੇ ਧਰਨਿਆਂ ਵਿਚ ਕਿਸਾਨਾਂ ਨੇ ਆਪਣੇ ਆਪ ਨੂੰ ਰਾਜਸੀ ਧਿਰਾਂ ਤੋਂ ਮੁਕਤ ਰੱਖਿਆ। ਰਾਜਸੀ ਆਗੂਆਂ ਨੂੰ ਆਪਣੇ ਮੰਚ ਨਹੀਂ ਦਿੱਤੇ ਗਏ ਤੇ ਉਨ੍ਹਾਂ ਦੇ ਬਿਆਨਾਂ ਵੱਲ ਪਿੱਠ ਕਰ ਲਈ। ਇਹ ਗੱਲ ਪ੍ਰਮਾਣਿਤ ਕਰਦੀ ਹੈ ਕਿ ਪੰਜਾਬੀ ਬੰਦੇ ਨੇ ਰਵਾਇਤੀ ਰਾਜਨੀਤੀ ਪ੍ਰਤੀ ਬੇਭਰੋਸਗੀ ਦਿਖਾਈ ਹੈ। ਇਸ ਅੰਦੋਲਨ ਤੋਂ ਬਾਅਦ ਦੇ ਰਾਜਸੀ ਸਮੀਕਰਨ ਚਾਹੇ ਬਿਲਕੁਲ ਬਦਲਵੇਂ ਨਾ ਹੋਣ, ਪਰ ਪਹਿਲਾਂ ਵਾਲੇ ਰਹਿਣ ਦੀ ਸੰਭਾਵਨਾ ਹਰਗਿਜ਼ ਨਹੀਂ ਹੋਵੇਗੀ। ਪੰਜਾਬੀ ਸਮਾਜ/ਸੱਭਿਆਚਾਰ ਨੂੰ ਕਿਸਾਨੀ ਆਧਾਰਿਤ ਕਿਹਾ ਜਾਂਦਾ ਰਿਹਾ ਤੇ ਇਸੇ ਗੱਲ ਨੇ ਜ਼ਮੀਨ ਉੱਪਰ ਕਾਬਜ਼ ਜਾਤੀਗਤ ਧਿਰਾਂ ਨੂੰ ਸਮਾਜ ਦਾ ਸਭ ਤੋਂ ਅਹਿਮ ਹਿੱਸਾ ਬਣਾ ਕੇ ਪੇਸ਼ ਕੀਤਾ। ਜੱਟ ਦੇ ਹੀ ਪੰਜਾਬੀ ਹੋਣ ਦੀ ਪਰਿਭਾਸ਼ਾ ਨੂੰ ਜੇ ਸਵੀਕਾਰ ਨਹੀਂ ਕੀਤਾ ਗਿਆ ਤਾਂ ਇਸਦਾ ਕੋਈ ਵਿਰੋਧ ਵੀ ਨਹੀਂ ਦਿਸਦਾ। ਵੰਡ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਵਿਚ ਚਾਰ ਦਰਜਨ ਦੇ ਕਰੀਬ ਜਾਤਾਂ ਸਨ ਜੋ ਵੰਡ ਤੋਂ ਬਾਅਦ ਦੋ ਦਰਜਨ ਤੋਂ ਵਧੇਰੇ ਰਹਿ ਗਈਆਂ। ਉਨ੍ਹਾਂ ਵਿਚ ਸ਼ਿਲਪਕਾਰ ਤੇ ਕਾਰੀਗਰ ਜਾਤਾਂ ਵੀ ਪੰਜਾਬੀ ਸਮਾਜ ਵਿਚ ਹਨ ਜਿਨ੍ਹਾਂ ਨੂੰ ਲਗਭਗ ਨਜ਼ਰਅੰਦਾਜ਼ ਕਰਕੇ ਜੱਟ ਰਾਹੀਂ ਸਮਾਜਿਕ ਵਿਆਖਿਆ ਹੁੰਦੀ ਰਹੀ। ਇਸ ਅੰਦੋਲਨ ਨਾਲ ਪਿਛਲੇ ਕਈ ਦਹਾਕਿਆਂ ਵਿਚ ਪਹਿਲੀ ਵਾਰ ਜੱਟ ਦੇ ਮੁਤਬਾਦਲ ਕਿਸਾਨ ਆਇਆ ਹੈ। ਇੱਥੋਂ ਤਕ ਕਿ ਪਗੜੀ ਸੰਭਾਲ ਅੰਦੋਲਨ ਵੀ ਜੱਟ ਨੂੰ ਹੀ ਸੰਬੋਧਿਤ ਸੀ। ਪਰ ਇਸ ਵਾਰ ਕਿਸਾਨੀ ਦੇ ਅਰਥ ਵਸੀਹ ਹੋਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਸ ਅੰਦੋਲਨ ਨੂੰ ਸਮਾਜ ਦੇ ਸਾਰੇ ਫਿਰਕਿਆਂ ਵਿਚੋਂ ਹਮਾਇਤ ਮਿਲੀ ਹੈ। ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਕਾਸ਼ਤ ਨਾਲ ਨਾ ਜੁੜੇ ਲੋਕਾਂ ਵੱਲੋਂ ਇਸ ਅੰਦੋਲਨ ਦਾ ਸਮਰਥਨ ਕਰਨਾ ਇਹੀ ਸਾਬਤ ਕਰਦਾ ਹੈ। ਖੇਤੀ ਨੂੰ ਮਰਦਾਵਾਂ ਕਿੱਤਾ ਕਹਿ ਕੇ ਮਰਦਾਂ ਦਾ ਵਿਸ਼ੇਸ਼ ਖੇਤਰ ਸਾਬਤ ਕਰਨ ਦੀ ਰੁਚੀ ਪੰਜਾਬੀ ਸੱਭਿਆਚਾਰ ਦੀ ਭਾਰੂ ਧੁਨੀ ਰਹੀ। ਸਰੀਰਿਕ ਮੁਸ਼ੱਕਤ ਨਾਲ ਜੋੜ ਕੇ ਖੇਤੀ ਦੀ ਵਿਆਖਿਆ ਕਰਦੇ ਸਮੇਂ ਔਰਤ ਨੂੰ ਉਸਦੇ ਫੁਟਕਲ ਸਹਾਇਕ ਵਜੋਂ ਪੇਸ਼ ਕੀਤਾ ਜਾਂਦਾ ਰਿਹਾ। ਇਸ ਲਈ ਜਾਂ ਤਾਂ ਔਰਤਾਂ ਨੂੰ ਸਹਿਯੋਗੀ ਕਿੱਤਿਆਂ ਨਾਲ ਜੋੜ ਕੇ ਵੇਖਿਆ ਜਾਂਦਾ ਸੀ ਜਾਂ ਫਿਰ ਜੇ ਕਿਤੇ ਕੋਈ ਔਰਤ ਖੇਤੀ ਦਾ ਕੰਮ ਕਰਦੀ ਹੋਵੇ ਤਾਂ ਉਸਨੂੰ ਅਚੰਭੇ ਵਾਂਗ ਦਿਖਾਇਆ ਜਾਂਦਾ ਸੀ। ਮੌਜੂਦਾ ਕਿਸਾਨ ਅੰਦੋਲਨ ਨੇ ਇਹ ਧਾਰਨਾ ਵੀ ਤੋੜੀ ਹੈ। ਅੰਦੋਲਨ ਲਈ ਦਿੱਲੀ ਗਏ ਕਿਸਾਨਾਂ ਵਿਚ ਔਰਤਾਂ ਦੀ ਵੱਡੀ ਸ਼ਮੂਲੀਅਤ ਤਾਂ ਸੀ ਹੀ, ਨਾਲ ਹੀ ਪਿੱਛੇ ਰਹਿ ਗਈਆਂ ਔਰਤਾਂ ਨੇ ਖੇਤੀ ਦੇ ਕੰਮ ਸੰਭਾਲ ਲਏ। ਇਸ ਨਾਲ ਖੇਤੀ ਵਿਚ ਔਰਤ ਦੀ ਸਰਗਰਮ ਭਾਗੀਦਾਰੀ ਯਕੀਨਨ ਅਹਿਮ ਹੋਈ ਹੈ। ਆਰਥਿਕ ਤੌਰ ’ਤੇ ਉਤਪਾਦਨੀ ਪ੍ਰਕਿਰਿਆ ਦਾ ਹਿੱਸਾ ਬਣਨ ਨਾਲ ਸਾਧਾਰਨ ਪੇਂਡੂ ਔਰਤ ਵਿਚ ਆਪਣੀ ਅਹਿਮੀਅਤ ਦਾ ਅਹਿਸਾਸ ਵੀ ਵਧੇਗਾ। ਇਸ ਤੋਂ ਵੀ ਅਹਿਮ ਪੱਖ ਅੰਦੋਲਨ ਵਿਚ ਭਵਿੱਖ ਦੀਆਂ ਸੁਆਣੀਆਂ ਦੀ ਭੂਮਿਕਾ ਹੈ। ਇਹ ਦੇਖ ਕੇ ਤਸੱਲੀ ਹੋਈ ਕਿ ਔਰਤਾਂ ਸਿਰਫ਼ ਮਰਦਾਂ ਲਈ ਰੋਟੀਆਂ ਪਕਾਉਣ ਹੀ ਨਾਲ ਨਹੀਂ ਗਈਆਂ, ਸਗੋਂ ਮੰਚ ਤੋਂ ਅਖ਼ਬਾਰ ਦੇ ਪ੍ਰਕਾਸ਼ਨ ਤਕ ਹਰ ਮੋਰਚੇ ਉੱਪਰ ਮੂਹਰੇ ਨਜ਼ਰ ਆਈਆਂ। ਇਸਦੇ ਨਾਲ ਨਾਲ ਔਰਤਾਂ ਨੇ ਬਾਰਡਰ ਉੱਪਰ ਭੇਜਣ ਲਈ ਰਸਦ ਤੇ ਹੋਰ ਸਮੱਗਰੀ ਇਕੱਠੀ ਕੀਤੀ, ਪਿੰਨੀਆਂ ਵੱਟੀਆਂ ਤੇ ਆਪਣੇ ਜੋੜੇ ਪੈਸਿਆਂ ਵਿਚੋਂ ਦਾਨ ਕਰਨ ਦੀ ਜੋ ਮਿਸਾਲ ਦਿਖਾਈ ਉਹ ਕਿਤਾਬਾਂ ਤੋਂ ਬਾਹਰ ਵਿਰਲੀ ਹੀ ਸੀ। ਇਸ ਅੰਦੋਲਨ ਨੇ ਪੰਜਾਬ ਦੀਆਂ ਜੁਝਾਰੂ ਧਿਰਾਂ ਨੂੰ ਆਪਣੇ ਬਾਰੇ ਦੁਬਾਰਾ ਸੋਚਣ ਤੇ ਸਾਂਝ ਦੇ ਅਵਸਰ ਵਿਚਾਰਨ ਦਾ ਮੌਕਾ ਦਿੱਤਾ ਹੈ। ਚਿਰਾਂ ਤੋਂ ਅਪ੍ਰਸੰਗਿਕ ਜਾਪਦੀ ਖੱਬੀ ਰਾਜਨੀਤੀ ਸਹੀ ਮੁੱਦੇ ਨਾਲ ਆਪਣੀ ਜ਼ਮੀਨ ਦੀ ਤਲਾਸ਼ ਕਰ ਰਹੀ ਹੈ। ਭਾਵੇਂ ਖੱਬਿਆਂ ਦੀ ਜਾਣੀ-ਪਛਾਣੀ ਅਸਹਿਮਤੀ ਦੀ ਭਾਵਨਾ ਵਿਵਾਦ ਵਿਚ ਬਦਲਣ ਤੋਂ ਪਿਛਾਂਹ ਨਹੀਂ ਰਹੀ। ਉਤਪਾਦਨੀ ਸਰੋਤਾਂ ਤੇ ਨਿੱਜੀ ਜਾਇਦਾਦ ਦਾ ਵਿਰੋਧ ਕਰਨ ਦੇ ਰਟੇ-ਰਟਾਏ ਸਿਧਾਂਤ ਦੀ ਪੈਰਵੀ ਦੀ ਥਾਂ ਇਸ ਵਾਰ ਖੱਬਿਆਂ ਨੇ ਜ਼ਮੀਨ ਖੁੱਸਣ ਦੇ ਡਰ ਨੂੰ ਅੰਦੋਲਨ ਵਿਚ ਆਪਣੇ ਹਿੱਸੇ ਦੀ ਊਰਜਾ ਬਣਾਇਆ। ਇਹ ਕਹਿਣਾ ਤਾਂ ਜਲਦਬਾਜ਼ੀ ਹੈ ਕਿ ਖੱਬੀਆਂ ਧਿਰਾਂ ਨੂੰ ਇਸ ਅੰਦੋਲਨ ਤੋਂ ਕੋਈ ਰਾਜਸੀ ਲਾਭ ਹੋਵੇਗਾ,ਪਰ ਉਨ੍ਹਾਂ ਦੇ ਸਿੱਖਣ ਦੇ ਮੌਕੇ ਜ਼ਰੂਰ ਹਨ। ਉਹ ਇਹ ਕਿ ਪੰਜਾਬ ਵਿਚ ਆਯਾਤ ਕੀਤੀ ਖੱਬੀ ਸਿਧਾਂਤਕਾਰੀ ਦੀ ਜਗ੍ਹਾ ਏਥੋਂ ਦੇ ਪ੍ਰਸੰਗ ਅਨੁਸਾਰ ਚੀਜ਼ਾਂ/ਵਰਤਾਰਿਆਂ ਨੂੰ ਸਮਝਣਾ ਹੋਵੇਗਾ ਨਹੀਂ ਤਾਂ ਖੱਬੇ ਪੱਖ ਦੀ ਰਾਜਨੀਤੀ ਬੰਦ ਕਮਰਿਆਂ ਦੇ ਵਿਮਰਸ਼ ਤੋਂ ਜ਼ਿਆਦਾ ਦੂਰ ਜਾਣ ਦੇ ਮੌਕੇ ਨਹੀਂ ਹੋਣਗੇ। ਦੂਜੀ ਗੱਲ ਕਿਸਾਨ ਨੂੰ ਅ-ਕ੍ਰਾਂਤੀਕਾਰੀ ਤੇ ਜਗੀਰੂ ਕਹਿਣ ਦੀ ਧਾਰਨਾ ਨੂੰ ਫਿਰ ਤੋਂ ਵਿਚਾਰਨ ਦਾ ਸਮਾਂ ਵੀ ਹੈ। ਭਾਵੇਂ ਕਿਸਾਨੀ ਮੂਲ ਰੂਪ ਵਿਚ ਜ਼ਮੀਨ ਦੀ ਮਾਲਕੀ ਦੇ ਮੋਹ ਤੋਂ ਟੁੱਟਦੀ ਨਹੀਂ ਤੇ ਉਸਦੇ ਸਰੋਕਾਰ ਵੀ ਜਾਗੀਰਦਾਰੀ ਸਮਾਜ ਵਾਲੇ ਹੀ ਹੁੰਦੇ ਹਨ। ਪਰ ਖੱਬੀਆਂ ਧਿਰਾਂ ਨੂੰ ਸੰਵਾਦ ਦੀ ਹਾਲਤ ਵਿਚ ਆਉਣਾ ਪਵੇਗਾ, ਹਿਕਾਰਤ ਨੇ ਪਹਿਲਾਂ ਹੀ ਇਨ੍ਹਾਂ ਨੂੰ ਹਾਸ਼ੀਏ ਉੱਪਰ ਲਿਜਾ ਸੁੱਟਿਆ ਹੈ। ਪੰਜਾਬੀ ਸਮਾਜ ਦੇ ਕ੍ਰਾਂਤੀਕਾਰੀ ਅੰਸ਼ਾਂ ਦੀ ਤਲਾਸ਼ ਲਈ ਨਵਾਂ ਮੁਹਾਵਰਾ ਵੀ ਇਸ ਅੰਦੋਲਨ ਵਿਚੋਂ ਸਾਹਮਣੇ ਆਉਂਦਾ ਨਜ਼ਰ ਆਇਆ। ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ, ਭਗਤ ਸਿੰਘ, ਚੀ ਗੁਵੇਰਾ, ਲੈਨਿਨ ਇਹ ਸਭ ਇਕੋ ਸੰਵਾਦ ਦੀਆਂ ਪਰਤਾਂ ਵਜੋਂ ਸੋਸ਼ਲ ਮੀਡੀਆ ’ਤੇ ਵਿਚਰ ਰਹੇ ਵਿਚਾਰ ਬਣੇ। ਪਾਪੂਲਰ ਅਰਥਾਂ ਵਜੋਂ ਸੰਗੀਤ ਨੂੰ ਵੀ ਸੱਭਿਆਚਾਰ ਦਾ ਇਕ ਪਸਾਰ ਮੰਨਿਆ ਜਾਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਦਾ ਜੋ ਸਰੂਪ ਸੀ ਉਸਨੂੰ ਕੁਝ ਲੋਕ ਚਾਹੇ ਅਸ਼ਲੀਲ ਜਾਂ ਅਸਮਾਜਿਕ ਵਰਗ ਵਿਚ ਰੱਖ ਕੇ ਵੇਖਦੇ ਰਹੇ। ਨਸ਼ਿਆਂ, ਸੈਕਸ, ਹਿੰਸਾ ਤੇ ਔਰਤ-ਵਿਰੋਧੀ ਵਿਚਾਰਾਂ ਦਾ ਮਾਧਿਅਮ ਕਹਿੰਦੇ ਰਹੇ, ਪਰ ਉਹ ਨੌਜਵਾਨ ਪੀੜ੍ਹੀ ਵਿਚ ਏਨਾ ਮਕਬੂਲ ਸੀ ਕਿ ਇਕ ਇੰਡਸਟਰੀ ਬਣ ਚੁੱਕਿਆ ਹੈ। ਇਸਦਾ ਤਰਕ ਇਹ ਵੀ ਹੈ ਕਿ ਸੰਗੀਤ ਸਮਾਜਿਕ ਪਰ-ਉਸਾਰ ਦੀ ਇਕ ਪਰਤ ਹੈ। ਜੋ ਵਿਚਾਰ ਸਮਾਜ ਵਿਚ ਭਾਰੂ ਹੁੰਦੇ ਹੋਣਗੇ ਤੇ ਸਮਾਜ ਦੀ ਸਥਾਪਤ ਧਿਰ ਦੇ ਹੱਕ ਵਿਚ ਭੁਗਤਦੇ ਹੋਣਗੇ, ਉਹੀ ਵਿਚਾਰ ਮੰਡੀ ਵਿਚ ਵਿਕਣਯੋਗ ਵੀ ਹੋਣਗੇ। ਕਿਸਾਨ ਅੰਦੋਲਨ ਨੇ ਦੋ ਕੰਮ ਕੀਤੇ। ਇਕ ਤਾਂ ਸਾਰੇ ਕਲਾਕਾਰ ਨੈਤਿਕ ਫਰਜ਼ ਵਾਂਗ ਧਰਨੇ ਵਿਚ ਸ਼ਾਮਲ ਹੋਏ, ਦੂਜਾ ਸਾਡੇ ਸੰਗੀਤ ਦੇ ਮੁਹਾਵਰੇ ਵਿਚ ਬਦਲਾਅ ਵੀ ਦੇਖਣ ਨੂੰ ਮਿਲਿਆ, ਚਾਹੇ ਉਹ ਵਕਤੀ ਹੀ ਹੋਵੇ। ਬਹੁਤ ਸਾਰਾ ਸੰਗੀਤ ਐਸਾ ਆਇਆ ਜਿਸ ਵਿਚ ਕਿਸਾਨੀ ਦੀ ਬੁਰੀ ਦਸ਼ਾ ਤੋਂ ਲੈ ਕੇ ਦਿੱਲੀ ਨਾਲ ਟੱਕਰ, ਹੱਕਾਂ ਨੂੰ ਖੋਹਣ ਦੀ ਲਲਕ ਤੇ ਜ਼ੁਲਮਾਂ ਦੇ ਟਾਕਰੇ ਦੀ ਸੁਰ ਭਾਰੂ ਸੀ। ਪਹਿਲਾਂ ਵਾਲਾ ਅਸਲੇ ਵਾਲਾ ਵੈਲੀ ਜੱਟ ਇਕਦਮ ਹੱਕਾਂ ਲਈ ਲੜਾਕੂ ਕਿਸਾਨ ਬਣ ਕੇ ਸਾਹਮਣੇ ਆਇਆ। ਗੀਤ-ਸੰਗੀਤ ਵਿਚ ਇਹ ਬਦਲਾਅ ਇਸ ਅੰਦੋਲਨ ਦੀ ਸੱਭਿਆਚਾਰਕ ਦੇਣ ਮੰਨੀ ਜਾਵੇਗੀ। ਕਿਸਾਨ ਅੰਦੋਲਨ ਨੇ ਬੁੱਧੀਜੀਵੀ ਕਹੇ ਜਾਣ ਵਾਲੇ ਵਰਗ ਨੂੰ ਵਿਚਾਰ ਲਈ ਨਵੇਂ ਮੁੱਦੇ ਦਿੱਤੇ। ਹੁਣ ਤਕ ਸੈਮੀਨਾਰੀ ਮੁਬਹਿਸਿਆਂ ਵਿਚੋਂ ਇਨਕਲਾਬ ਲੱਭਦਾ ਬੁੱਧੀਜੀਵੀ ਕਿਸਾਨ ਨਾਲ ਸੜਕ ਉੱਪਰ ਖੜ੍ਹਾ ਹੈ। ਬਾਕੀ ਸਾਹਿਤਕ ਰੂਪਾਕਾਰ ਬਾਅਦ ਵਿਚ ਵਿਚਾਰੇ ਜਾਣਗੇ, ਪਰ ਕਵਿਤਾ ਆਪਣੇ ਫੌਰੀ ਪ੍ਰਤੀਕਰਮ ਲੈ ਕੇ ਹਾਜ਼ਰ ਹੋਈ ਹੈ। ਸਥਾਪਤ ਕਵੀਆਂ ਤੋਂ ਲੈ ਕੇ ਨਵੀਆਂ ਕਲਮਾਂ ਤਕ ਸਭ ਨੇ ਆਪਣੀ ਕਵਿਤਾ ਵਿਚ ਕਿਸਾਨ ਅੰਦੋਲਨ ਨੂੰ ਵਿਸ਼ਾ ਬਣਾਇਆ। ਇਕਹਿਰੇ ਰਾਸ਼ਟਰਵਾਦ ਦਾ ਅਸ਼ਵਮੇਧ ਯੱਗ ਰੋਕਣ ਲਈ ਪੰਜਾਬੀ ਵਿਚਾਰ ਖੇਤ, ਦੁਕਾਨ, ਸੱਥ ਤੇ ਕਵਿਤਾ ਹਰ ਪਲੈਟਫਾਰਮ ਉੱਪਰ ਸਰਗਰਮ ਨਜ਼ਰ ਆਏ ਹਨ। ਚਿਰਾਂ ਤੋਂ ਸਿਥਲ ਹੋਈ ਕਾਵਿ ਚੇਤਨਾ ਨੂੰ ਹੁਲਾਰਾ ਮਿਲਿਆ ਤੇ ਨਵੀਂ ਵਿਸ਼ਾ-ਸਮੱਗਰੀ ਵੀ। ਪੰਜਾਬੀ ਕਵੀ ਕਿਰਤ ਦੇ ਮਾਣ ਤੋਂ ਲੈ ਕੇ ਕਿਰਤ ਦੀ ਲੁੱਟ, ਇਤਿਹਾਸ ਦੇ ਵਿਸ਼ਲੇਸ਼ਣ ਤੇ ਲੜਨ-ਮਰਨ ਦੇ ਜਜ਼ਬੇ ਦਾ ਪ੍ਰਸਾਰਕ ਬਣਿਆ ਹੈ। ਇਹ ਜਜ਼ਬਾ ਲੰਮਾ ਚੱਲਣ ਵਾਲਾ ਤੇ ਵਿਚਾਰ ਦੀਆਂ ਕਈ ਪਰਤਾਂ ਉਪਜਾਉਣ ਵਾਲਾ ਹੋ ਸਕਦਾ ਹੈ। ਭਾਵੇਂ ਅੰਦੋਲਨ ਤੋਂ ਬਾਅਦ ਕਵਿਤਾ ਦੇ ਮੁਹਾਵਰੇ ਵਿਚੋਂ ਇਹ ਤਟ-ਫੱਟ ਪ੍ਰਤੀਕਰਮ ਖ਼ਤਮ ਹੋ ਜਾਣ, ਪਰ ਕਾਵਿਕ ਵਿਚਾਰਾਂ ਦਾ ਪ੍ਰਤੱਖਣ ਉਵੇਂ ਦਾ ਨਹੀਂ ਰਹੇਗਾ ਜਿਵੇਂ ਦਾ ਅੰਦੋਲਨ ਤੋਂ ਪਹਿਲਾਂ ਸੀ। ਬਿਨਾਂ ਸ਼ੱਕ ਇਸ ਅੰਦੋਲਨ ਨੇ ਪੰਜਾਬੀ ਸੱਭਿਆਚਾਰਕ ਹੋਂਦ ਵਿਚ ਇਤਿਹਾਸਕ ਵਿਢ ਮਾਰਿਆ ਹੈ। ਆਜ਼ਾਦੀ ਲਈ ਸੰਘਰਸ਼ ਤੋਂ ਬਾਅਦ ਪੰਜਾਬੀ ਸਮਾਜ ਕਦੇ ਵੀ ਏਨਾ ਇੱਕਜੁਟ ਨਜ਼ਰ ਨਹੀਂ ਆਇਆ ਜਿੰਨਾ ਇਸ ਅੰਦੋਲਨ ਦੌਰਾਨ ਦਿਖਾਈ ਦਿੱਤਾ ਹੈ। ਪੰਜਾਬੀ ਦੀ ਚੜ੍ਹਦੀ ਕਲਾ ਤੇ ਕੁਰਬਾਨੀ ਦੀਆਂ ਕਹਾਣੀਆਂ ਵੀ ਮਿੱਥਾਂ ਹੀ ਲੱਗਦੀਆਂ ਰਹੀਆਂ ਹਨ। ਪਰ ਇਸ ਅੰਦੋਲਨ ਦੌਰਾਨ ਸੜਕਾਂ ਉੱਪਰ ਸੁੱਤੇ, ਠੰਢ ਝਾਖਦੇ ਬਜ਼ੁਰਗ, ਔਰਤਾਂ, ਬੱਚੇ ਜਿਵੇਂ ਲੜਨ ਮਰਨ ਦੇ ਜਜ਼ਬੇ ਨਾਲ ਲਬਰੇਜ਼ ਹਨ। ਸਿਨਮਾ ਨੇ ਭਾਰਤੀ ਕੌਮੀਅਤਾਂ ਵਿਚ ਪੰਜਾਬੀਆਂ ਦੀ ਛਬੀ ਜਾਂ ਤਾਂ ਮਸਖਰਿਆਂ ਵਾਲੀ ਬਣਾਈ ਜਾਂ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਪੰਜਾਬੀ ਸਮਾਜ ਦਾ ਕੇਂਦਰੀ ਚਿਹਨ ਸੀ। ਇਸ ਅੰਦੋਲਨ ਨੇ ਇਹ ਸਾਰੀਆਂ ਧਾਰਨਾਵਾਂ ਢਹਿ-ਢੇਰੀ ਕੀਤੀਆਂ ਹਨ। ‘ਦਨਦਨਾਉਂਦੇ ਰਾਸ਼ਟਰਵਾਦ’ ਮੂਹਰੇ ਹਿੱਕ ਡਾਹ ਖੜ੍ਹੇ ਪੰਜਾਬੀ ਪੂਰੇ ਦੇਸ਼ ਦੀਆਂ ਡਰੀਆਂ ਸਹਿਮੀਆਂ ਧਿਰਾਂ ਲਈ ਮਿਸਾਲ ਬਣੇ ਹਨ। ਇਹ ਸਾਰੇ ਪੱਖ ਸੱਭਿਆਚਾਰ ਵਿਚ ਸਿਫਤੀ ਤਬਦੀਲੀ ਦੇ ਸੂਚਕ ਹਨ। ਇਤਿਹਾਸਕ ਤੌਰ ’ਤੇ ਸਾਬਤ ਹੋਇਆ ਹੈ ਕਿ ਮਨੁੱਖ ਆਪਣੇ ਅਨੁਭਵਾਂ ਤੋਂ ਸਭ ਤੋਂ ਵੱਧ ਸਿੱਖਦਾ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਵਿਸ਼ਵੀਕਰਨ ਦੇ ਬਿਰਤਾਂਤ ਨੂੰ ਜ਼ੋਰ ਲਾ ਕੇ ਪ੍ਰਚਾਰਦੇ ਵਿਦਵਾਨ ਹੁਣ ਥੱਕ ਹਾਰ ਚੁੱਕੇ ਸਨ। ਜਿਸ ਤਰ੍ਹਾਂ ਇਸਨੂੰ ਸੱਚਾਈ ਮੰਨ ਲਿਆ ਹੋਵੇ। ਵਿਸ਼ਵੀਕਰਨ ਦੇ ਹਾਮੀਆਂ ਵੱਲੋਂ ਇਸ ਚੁੱਪ ਨੂੰ ਜਿੱਤ ਮੰਨ ਕੇ ਲਾਭਕਾਰੀ ਹੋਣ ਦੇ ਦਾਅਵੇ ਠੋਕਿਆਂ ਵੀ ਚਿਰ ਹੋਇਆ ਸੀ। ਹੁਣ ਪੰਜਾਬੀਆਂ ਨੇ ਇਸਦੇ ਨਾਂਹ-ਵਾਚੀ ਸਿੱਟੇ ਮਹਿਸੂਸ ਕੀਤੇ ਹਨ। ਇਕ ਖ਼ਾਸ ਕੰਪਨੀ ਦੇ ਮਾਲ ਦਾ ਬਾਈਕਾਟ ਕਰਨ ਦਾ ਰੁਝਾਨ ਭਾਵੇਂ ਮਾਰਕੇਬਾਜ਼ੀ ਲੱਗਦਾ ਹੋਵੇ, ਪਰ ਵਿਚਾਰ ਦੇ ਥੱਲੇ ਤਕ ਪਹੁੰਚਣ ਦਾ ਪ੍ਰਮਾਣ ਤਾਂ ਹੈ। ਪੰਜਾਬੀਆਂ ਨੇ ਰਾਸ਼ਟਰੀ ਮੀਡੀਆ ਵਿਰੁੱਧ ਦੱਬਵੀਂ ਜ਼ੁਬਾਨ ਨੂੰ ਉੱਚੀ ਆਵਾਜ਼ ਦਿੱਤੀ ਹੈ। ਬਹੁਤ ਦੇਰ ਬਾਅਦ ਲੱਗਦਾ ਹੈ ਕਿ ਪੰਜਾਬੀ ਬੰਦਾ ਆਪਣੀ ਹੋਣੀ ਬਾਰੇ ਜਾਨਣ, ਵਿਚਾਰਨ ਦੇ ਰਾਹ ਤੁਰਿਆ ਹੈ। ਇਸ ਅੰਦੋਲਨ ਦੇ ਸਿੱਟੇ ਜਾਂ ਪ੍ਰਾਪਤੀਆਂ ਕੀ ਹੋਣਗੀਆਂ ਇਹ ਪੇਸ਼ੀਨਗੋਈ ਕਰਨੀ ਅਜੇ ਬਹੁਤ ਕਾਹਲ ਹੋਵੇਗੀ, ਪਰ ਇਕ ਗੱਲ ਪੱਕੀ ਹੈ ਕਿ ਪੰਜਾਬੀ ਸੱਭਿਆਚਾਰ ਵਿਚ ਇਹ ਅੰਦੋਲਨ ਦੂਰਗਾਮੀ ਪ੍ਰਭਾਵ ਛੱਡਣ ਵਾਲਾ ਸਾਬਤ ਹੋਵੇਗਾ।
….. ਜਗਵਿੰਦਰ ਜੋਧਾ