ਗੱਲ ਬੰਦੇ ਦੀ ਭਟਕਣ ਦੀ ਕੀਤੀ ਜਾਵੇ ਜਾਂ ਬੇਰੁਜ਼ਗਾਰੀ ’ਚ ਰੁਲਦੀ ਜਵਾਨੀ ਦੀ ਜਾਂ ਕਿਸਾਨਾਂ ਦੇ ਫ਼ਸਲ-ਦਰ-ਫ਼ਸਲ ਵਧਦੇ ਕਰਜ਼ਿਆਂ ਦੀ ਜਾਂ ਘਰਾਂ ਅਤੇ ਸਮਾਜ ਵਿੱਚ ਵਧ ਰਹੇ ਨਿੱਤ ਦੇ ਕਲੇਸ਼ਾਂ ਦੀ ਜਾਂ ਲੋਕਾਂ ਦੇ ਵਿਦੇਸ਼ਾਂ ਵੱਲ ਦੌੜਨ ਦੇ ਰੁਝਾਨ ਦੀ ਜਾਂ ਅੱਜ ਦੀ ਪੀੜ੍ਹੀ ਦੇ ਦਿਮਾਗ਼ ਵੱਲ ਜਾਂਦੀਆਂ ਬੰਦ ਬੂਹੇ-ਬਾਰੀਆਂ ਅਤੇ ਗਲੀਆਂ ਦੀ ਜਾਂ ਕਿਸੇ ਵੀ ਹੋਰ ਸਮੱਸਿਆ ਦੀ ਜਿਸ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸਿਆਣੇ ਇਸ ਸਭ ਦਾ ਕਾਰਨ ਮਾਨਸਿਕ, ਨੈਤਿਕ ਅਤੇ ਸਮਾਜਿਕ ਸੋਚ ਵਿੱਚ ਆਏ ਨਿਘਾਰ ਨੂੰ ਮੰਨਦੇ ਹਨ। ਇਨਸਾਨ ਉਸਾਰੂ ਪਰਿਵਾਰਕ ਮਾਹੌਲ ਅਤੇ ਸਮਾਜਿਕ ਪਿਛੋਕੜ ਨਾਲ ਹੀ ਵਧੀਆ ਇਨਸਾਨ ਬਣਦਾ ਹੈ। ਮਿਆਰੀ ਪੜ੍ਹਾਈ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਕੰਮ ਕਰਦੀ ਹੈ ਅਤੇ ਭਟਕਣ ’ਤੇ ਕਾਬੂ ਪਾ ਕੇ ਉਸ ਨੂੰ ਸਹੀ ਮਾਰਗ ਦਿਖਾਉਂਦੀ ਹੈ।
ਸਾਡੇ ਕੋਲ ਪੜ੍ਹਾਈ ਨੂੰ ਮਾਪਣ ਦਾ ਮਾਪਦੰਡ ਕੀ ਹੈ? ਵਿਦੇਸ਼ੀ ਤਰਜ਼ ’ਤੇ ਬਣੀਆਂ ਸੱਤ-ਸੱਤ ਮੰਜ਼ਿਲਾ ਇਮਾਰਤਾਂ, ਲਗਜ਼ਰੀ ਬੱਸਾਂ, ਕੀਮਤੀ ਵਰਦੀਆਂ, ਵਧੀਆ ਫਰਨੀਚਰ, ਫਾਈਵ ਸਟਾਰ ਕੰਟੀਨਾਂ, ਸੂਟਡ-ਬੂਟਡ ਅਧਿਆਪਕ ਜਾਂ ਯੋਗ ਅਧਿਆਪਕਾਂ ਵਾਲੇ ਆਪਣੀ ਮਾਤ-ਭੂਮੀ ਨਾਲ ਜੁੜੇ ਘੱਟ ਸਹੂਲਤਾਂ ਦੇ ਬਾਵਜੂਦ ਵਧੀਆ ਪੜ੍ਹਾਈ ਅਤੇ ਨਤੀਜੇ ਦੇਣ ਵਾਲੇ ਸਕੂਲ? ਅੱਜਕੱਲ੍ਹ ਸਕੂਲ-ਕਾਲਜ ਵਿੱਦਿਆ ਮੰਦਰ ਨਹੀਂ ਸਗੋਂ ਵਪਾਰ ਬਣ ਗਏ ਹਨ।
ਸਾਡੇ ਵਕਤਾਂ ਵਿੱਚ ਅਧਿਆਪਕ ਦੇ ਹੱਥ ਵਿੱਚ ਜਦੋਂ ਵੀ ਸੋਟੀ ਆ ਜਾਂਦੀ ਤਾਂ ਉਹ ਬੱਚੇ ਨੂੰ ਹਰ ਸੋਟੀ ਮਾਰਨ ਨਾਲ ‘ਬੰਦਾ’ ਬਣ ਜਾਣ ਦੀ ਹਦਾਇਤ ਜ਼ਰੂਰ ਦਿੰਦੇ ਸਨ। ਉਦੋਂ ਟਿਊਸ਼ਨਾਂ ਦਾ ਕਿਧਰੇ ਨਾਂ ਨਿਸ਼ਾਨ ਨਹੀਂ ਸੀ ਹੁੰਦਾ। ਉਨ੍ਹਾਂ ਵੇਲਿਆਂ ਦੇ ਬੱਚੇ ਚੰਗੇ ਨੰਬਰਾਂ ਨਾਲ ਪਾਸ ਹੋਣ ਦੇ ਨਾਲ ਨਾਲ ਜ਼ਿੰਦਗੀ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਲੈਂਦੇ ਸਨ। ਅੱਜ ਨਰਸਰੀ, ਕੇ.ਜੀ. ਤੋਂ ਹੀ ਟਿਊਸ਼ਨਾਂ ਸ਼ੁਰੂ ਹੋ ਕੇ ਸਾਰੀ ਪੜ੍ਹਾਈ ਨਾਲ ਚੱਲਦੀਆਂ ਹਨ, ਪਰ ਵਿੱਦਿਅਕ ਮੁਕਾਬਲਿਆਂ ਅਤੇ ਜ਼ਿੰਦਗੀ ਵਿੱਚ ਬੱਚੇ ਮਨਚਾਹਿਆ ਮੁਕਾਮ ਹਾਸਲ ਨਹੀਂ ਕਰ ਸਕਦੇ।
ਬਹੁਤੀਆਂ ਫੀਸਾਂ ਵਾਲੇ ਬਹੁ-ਮੰਜ਼ਿਲੇ ਸਕੂਲ ਬਸ ਪੈਸੇ ਇਕੱਠੇ ਕਰਨ ਦੇ ਅਦਾਰੇ ਬਣ ਕੇ ਹੀ ਰਹਿ ਗਏ ਹਨ। ਸਭ ਤੋਂ ਜ਼ਿਆਦਾ ਮੁਸ਼ਕਿਲਾਂ ਸਾਧਾਰਨ ਗ਼ਰੀਬ ਲੋਕਾਂ ਨੂੰ ਹੀ ਆਉਂਦੀਆਂ ਹਨ। ਸਮਾਰਟ ਸਕੂਲ, ਅੰਗਰੇਜ਼ੀ ਸਕੂਲ, ਆਦਰਸ਼ ਸਕੂਲ, ਈ-ਐਜੂਕੇਸ਼ਨ ਅਤੇ ਹੋਰ ਆਧੁਨਿਕ ਤਕਨਾਲੋਜੀ ਬਾਰੇ ਸਰਕਾਰਾਂ ਖੌਰੇ ਕੀ ਕੀ ਐਲਾਨ ਕਰਦੀਆਂ ਹਨ, ਪਰ ਮੁਫ਼ਤ ਖਾਣਾ ਅਤੇ ਮੁਫ਼ਤ ਵਰਦੀਆਂ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੀ ਭੁੱਖ ਕਿਵੇਂ ਪੂਰੀ ਕਰ ਸਕਦੀਆਂ ਹਨ?
ਮੌਜੂਦਾ ਹਾਲਾਤ ਲਈ ਸਿਰਫ਼ ਮਾਪੇ ਅਤੇ ਅਧਿਆਪਕ ਹੀ ਕਸੂਰਵਾਰ ਨਹੀਂ ਸਗੋਂ ਸਮਾਜ ਵਿੱਚ ਆਈ ਹਰ ਗਿਰਾਵਟ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। ਬਹੁਤੇ ਮਾਪੇ ਅਤੇ ਅਧਿਆਪਕ ਇੱਕ ਹੀ ਟੀਚਾ ਲੈ ਕੇ ਚੱਲ ਰਹੇ ਹਨ ਕਿ ਬੱਚਾ ਵਧੀਆ ਨੰਬਰ ਲੈ ਕੇ ਪਾਸ ਹੋਣਾ ਚਾਹੀਦਾ ਹੈ, ਨੰਬਰ ਭਾਵੇਂ ਨਕਲ ਨਾਲ ਆਉਣ ਜਾਂ ਕਿਸੇ ਹੋਰ ਜੁਗਾੜ ਰਾਹੀਂ। ਪੜ੍ਹਾਈ ਦੇ ਇਸ ਨਿਵਾਣ ਵੱਲ ਦੇ ਸਫ਼ਰ ਨੂੰ ਰੋਕਣ ਦੀ ਜ਼ਰੂਰਤ ਹੈ। ਉਂਜ, ਨਕਲ ਰੋਕਣ ਦੇ ਕੁਝ ਯਤਨ ਜ਼ਰੂਰ ਹੋਏ ਹਨ, ਪਰ ਆਮ ਲੋਕ ਇਸ ਨੂੰ ਆਪਣੇ ਵਿਰੁੱਧ ਫਤਵਾ ਸਮਝਦੇ ਹਨ। ਅੱਜ ਸਕੂਲ-ਕਾਲਜ ਜੋ ਬੱਚੇ ਸਮਾਜ ਦੇ ਹਵਾਲੇ ਕਰ ਰਹੇ ਹਨ ਉਹ ਸਮਾਜ ਸੰਵਾਰਨ ਵਾਲੇ ਨਹੀਂ ਹਨ।
ਬੱਚਿਆਂ ਨੂੰ ਆਪਣੀ ਮਾਂ-ਬੋਲੀ ਤੋਂ ਦੂਰ ਰੱਖ ਕੇ ਦੂਜੀਆਂ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਅਸੀਂ ਉਨ੍ਹਾਂ ਨੂੰ ਕਿਸ ਦਿਸ਼ਾ ਵੱਲ ਤੋਰ ਰਹੇ ਹਾਂ? ਆਪਣੀ ਬੋਲੀ ਛੱਡ ਕੇ ਦੂਜੀ ਬੋਲੀ ਉਸ ਦਾ ਭਵਿੱਖ ਕਿਵੇਂ ਸੰਵਾਰ ਸਕਦੀ ਹੈ? ਦਰਅਸਲ, ਅੱਜ ਪੈਸਾ ਕਮਾਉਣਾ ਸਭ ਤੋਂ ਉਪਰ ਹੋ ਗਿਆ ਹੈ, ਬੱਚੇ ਦੇ ਦਿਮਾਗ਼ੀ ਵਿਕਾਸ ਬਾਰੇ ਅਸੀਂ ਭੁੱਲਦੇ ਜਾ ਰਹੇ ਹਾਂ। ਸਹੀ ਸੋਚ ਵਾਲੇ ਦਿਮਾਗ਼ ਹੀ ਤਰੱਕੀਆਂ ਕਰਦੇ ਹਨ, ਪਰ ਅੱਜਕੱਲ੍ਹ ਬੱਚੇ ਡਿਗਰੀਆਂ ਤਾਂ ਕਰ ਲੈਂਦੇ ਹਨ, ਪਰ ਉਨ੍ਹਾਂ ਦੇ ਜ਼ਿਹਨ ਜ਼ਿੰਦਗੀ, ਸਮਾਜ ਅਤੇ ਕਾਰੋਬਾਰ ਪ੍ਰਤੀ ਖਾਲੀ ਹੁੰਦੇ ਹਨ।
ਸਾਡੀਆਂ ਸਰਕਾਰਾਂ ਅਤੇ ਵਿੱਦਿਅਕ ਅਦਾਰਿਆਂ ਦੀ ਖੌਰੇ ਕੀ ਮਜਬੂਰੀ ਹੈ ਕਿ ਉਹ ਚਾਰ-ਪੰਜ ਸਾਲ ਦੇ ਬੱਚਿਆਂ ਉਪਰ ਬਹੁ-ਭਾਸ਼ੀ ਕਿਤਾਬਾਂ ਦਾ ਭਾਰ ਪਾਈ ਜਾ ਰਹੇ ਹਨ। ਪਹਿਲਾਂ ਉਨ੍ਹਾਂ ਨੂੰ ਵਿੱਦਿਅਕ ਭਾਰ ਚੁੱਕਣ ਲਈ ਮਾਤ-ਭਾਸ਼ਾ ਦਾ ਗਿਆਨ ਦੇਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਨਵੀਆਂ ਬਣ ਰਹੀਆਂ ਵਿੱਦਿਅਕ ਯੋਜਨਾਵਾਂ ਤਾਂ ਵਿਦਵਾਨਾਂ ਦੀ ਵੀ ਸਮਝ ਤੋਂ ਬਾਹਰ ਹਨ।
ਅਸੀਂ ਕਦੋਂ ਸਮਝਾਂਗੇ ਕਿ ਸਾਡੇ ਬੱਚਿਆਂ ਦਾ ਸਿਰਫ਼ ਡਿਗਰੀਆਂ ਨਾਲ ਨਹੀਂ ਸਰਨਾ, ਉਨ੍ਹਾਂ ਨੂੰ ਅਸਲ ਪੜ੍ਹਾਈ ਕਰਨੀ ਪੈਣੀ ਹੈ। ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਬਹੁਤੇ ਬੱਚਿਆਂ ਨੂੰ ਇੱਕ ਸਾਧਾਰਨ ਅਰਜ਼ੀ ਜਾਂ ਕੋਈ
ਚਿੱਠੀ ਤਕ ਸਹੀ ਲਿਖਣੀ ਨਹੀਂ ਆਉਂਦੀ। ਉਹ ਜ਼ਿੰਦਗੀ ਦੇ ਔਖੇ ਸਵਾਲਾਂ ਦੇ ਜਵਾਬ ਕਿੱਥੋਂ ਲਭਣਗੇ? ਇਕੱਲੇ ਅਧਿਆਪਕਾਂ, ਸਕੂਲਾਂ ਅਤੇ ਸਰਕਾਰਾਂ ਨੂੰ ਦੋਸ਼ ਦਿੱਤਿਆਂ ਨਹੀਂ ਸਰਨਾ, ਸਾਨੂੰ ਸਭ ਨੂੰ ਖ਼ੁਦ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਨਕਲਾਂ ਅਤੇ ਟਿਊਸ਼ਨਾਂ ਬੱਚਿਆਂ ਦੇ ਦਿਮਾਗ਼ ਨੂੰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਣ ਦਿੰਦੀਆਂ। ਕੁਰਾਹੇ ਪਈ ਪੜ੍ਹਾਈ ਕਾਰਨ ਬੱਚੇ ਜ਼ਿੰਦਗੀ ਦੀਆਂ ਬੰਦ ਗਲੀਆਂ ਵਿੱਚ ਹੀ ਭਟਕ ਕੇ ਰਹਿ ਜਾਂਦੇ ਹਨ। ਜਦੋਂ ਬੱਚਿਆਂ ਦਾ ਮਾਨਸਿਕ ਵਿਕਾਸ ਹੀ ਰੁਕ ਜਾਵੇ ਤਾਂ ਉਹ ਬੰਦ ਗਲੀਆਂ ’ਚੋਂ ਬਾਹਰ ਕਿਵੇਂ ਆਉਣਗੇ?